ਤਿ੍ਰਲੋਕ ਸਿੰਘ ਆਨੰਦ ਮਾਨਵਤਾ ਦੀਆਂ ਭਾਵਨਾਤਮਿਕ ਸਥਿਤੀਆਂ ਨੂੰ ਖ਼ੂਬਸੂਰਤ ਢੰਗ ਨਾਲ ਪ੍ਰਗਟਾਉਣ ਵਾਲੀਆਂ ਗ਼ਜ਼ਲਾਂ/ਕਵਿਤਾਵਾਂ ਲਿਖਣ ਵਾਲਾ ਰੁਮਾਂਸਵਾਦ ਤੇ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਸ਼ਾਇਰ ਹੈ। ਇਸ ਤੋਂ ਇਲਾਵਾ ਉਹ ਸਮਾਜਿਕ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਕਰਨ ਵਾਲਾ ਨਾਮਵਰ ਗ਼ਜ਼ਲਗੋ/ਕਵੀ ਵੀ ਹੈ। ਉਸ ਦੀਆਂ ਗ਼ਜ਼ਲਾਂ/ਕਵਿਤਾਵਾਂ ਜੀਵਨ ਜਾਚ ਦੇ ਨੁਕਤਿਆਂ ਨੂੰ ਗ੍ਰਹਿਣ ਕਰਕੇ ਮਾਨਵਤਾ ਦੇ ਹਿਤ ਵਿੱਚ ਕਾਰਜ ਕਰਨ ਦੀ ਪ੍ਰੇਰਨਾ ਵੀ ਦਿੰਦੀਆਂ ਹਨ। ਉਸਦੀਆਂ ਰਚਨਾਵਾਂ ਦੇ ਵਿਸ਼ੇ ਇਤਨੇ ਵਿਸ਼ਾਲ ਹਨ, ਜਿਨ੍ਹਾਂ ਨੂੰ ਕਿਸੇ ਇੱਕ ਵਰਗ ਤੇ ਵਾਦ ਨਾਲ ਨਹੀਂ ਜੋੜਿਆ ਜਾ ਸਕਦਾ, ਕਿਉਂਕਿ ਉਸ ਦੀਆਂ ਗ਼ਜ਼ਲਾਂ/ਕਵਿਤਾਵਾਂ ਲੋਕਾਂ ਦੇ ਰਵਾਇਤੀ ਮੁੱਦਿਆਂ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਵਕਾਲਤ ਕਰਦੀਆਂ ਹੋਈਆਂ ਮਾਨਵਤਾ ਦੀ ਮਾਨਸਿਕਤਾ ਦਾ ਪ੍ਰਤੀਬਿੰਬ ਬਣਦੀਆਂ ਹਨ। ਇਹ ਵਿਸ਼ੇ ਉਸਦੀ ਸੋਚ ਦੇ ਲਖਾਇਕ ਹਨ। ਉਸਨੂੰ ਸਾਹਿਤਕ ਰੁਚੀ ਵਿਰਾਸਤ ਵਿੱਚੋਂ ਮਿਲੀ ਹੈ, ਕਿਉਂਕਿ ਉਸਦਾ ਪਿਤਾ ਇੰਦਰ ਸਿੰਘ ਕਵੀ ਅਤੇ ਸਾਹਿਤ ਦਾ ਰਸੀਆ ਸੀ, ਖਾਸ ਕਰਕੇ ਉਹ ਪ੍ਰੋ ਮੋਹਨ ਸਿੰਘ ਦੀਆਂ ਕਵਿਤਾਵਾਂ ਪੜ੍ਹਦਾ ਰਹਿੰਦਾ ਸੀ। ਘਰ ਵਿੱਚ ਕਵਿਤਾ ਦੀਆਂ ਪੁਸਤਕਾਂ ਅਤੇ ਸਾਹਿਤਕ ਰਸਾਲੇ ਹੋਣ ਕਰਕੇ ਤਿ੍ਰਲੋਕ ਸਿੰਘ ਆਨੰਦ ਨੂੰ ਵੀ ਕਵਿਤਾ ਪੜ੍ਹਨ ਤੇ ਲਿਖਣ ਦੀ ਚੇਟਕ ਲੱਗ ਗਈ। ਦੇਸ਼ ਦੀ ਵੰਡ ਸਮੇਂ ਤਿ੍ਰਲੋਕ ਸਿੰਘ ਆਨੰਦ ਦਾ ਪਿਤਾ ਪਹਿਲਾਂ ਲੁਧਿਆਣਾ ਅਤੇ ਫਿਰ ਪੱਕੇ ਤੌਰ ‘ਤੇ ਨਾਭਾ ਵਿਖੇ ਆ ਕੇ ਵਸ ਗਿਆ। ਨਾਭਾ ਤਿ੍ਰਲੋਕ ਸਿੰਘ ਆਨੰਦ ਲਈ ਵਰਦਾਨ ਸਾਬਤ ਹੋਇਆ, ਕਿਉਂਕਿ ਨਾਭਾ ਸਾਹਿਤਕਾਰਾਂ ਦੀ ਨਰਸਰੀ ਦੀ ਤੌਰ ‘ਤੇ ਜਾਣਿਆਂ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਪੰਜਾਬੀ ਦਾ ਪਹਿਲਾ ਸ਼ਬਦ ਕੋਸ਼ ਜਿਸਨੂੰ ‘ਮਹਾਨ ਕੋਸ਼’ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਨਾਭਾ ਵਿਖੇ ਲਿਖਿਆ ਗਿਆ ਸੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮੰਨੇ ਪ੍ਰਮੰਨੇ ਗ਼ਜ਼ਲਗੋ ਆਜ਼ਾਦ ਗੁਲਾਟੀ, ਗੁਰਦੇਵ ਸਿੰਘ ਨਿਰਧਨ, ਕੰਵਰ ਚੌਹਾਨ, ਸੁਰਜੀਤ ਰਾਮਪੁਰੀ, ਸ਼ਿਵ ਕੁਮਾਰ ਬਟਾਲਵੀ, ਸੁਖਦੇਵ ਸਿੰਘ ਗਰੇਵਾਲ ਅਤੇ ਰਾਮ ਲਾਲ ਨਾਭਵੀ ਉਸ ਸਮੇਂ ਨਾਭੇ ਦੀ ਸਰ ਜ਼ਮੀਨ ‘ਤੇ ਸਾਹਿਤ ਸਿਰਜਨਾ ਕਰਦੇ ਸਨ। ਹਰ ਰੋਜ਼ ਸ਼ਾਮ ਨੂੰ ਇਨ੍ਹਾਂ ਸ਼ਾਇਰਾਂ ਦੀ ਮਜਲਸ ਗੁਰਦੇਵ ਸਿੰਘ ਨਿਰਧਨ ਦੇ ਚੁਬਾਰੇ ਵਿੱਚ ਲਗਦੀ ਸੀ। ਇੱਕ ਪਿਤਾ ਸਾਹਿਤ ਦਾ ਰਸੀਆ ਤੇ ਦੂਜੇ ਸਾਹਿਤਕਾਰਾਂ ਦੇ ਸ਼ਹਿਰ ਵਿੱਚ ਆਉਣ ਕਰਕੇ ਤਰਲੋਕ ਸਿੰਘ ਆਨੰਦ ਦੀ ਸਾਹਿਤਕ ਪ੍ਰਵਿਰਤੀ ਨੂੰ ਬੂਰ ਪੈਣ ਲੱਗ ਪਿਆ। ਰਿਪਦੁਮਨ ਕਾਲਜ ਨਾਭਾ ਵਿੱਚ ਪੜ੍ਹਦਿਆਂ ਹੀ ਉਸਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਮਹਿਜ 18 ਸਾਲ ਦੀ ਉਮਰ ਵਿੱਚ 1960 ਵਿੱਚ ਉਸਨੂੰ ਬਤੌਰ ਵਿਦਿਆਰਥੀ ਕਵੀ ਦਰਬਾਰ ਵਿੱਚ ਹਿੱਸਾ ਲੈਣ ਦਾ ਪਹਿਲਾ ਮੌਕਾ ਮਿਲਿਆ, ਜਿਸ ਕਰਕੇ ਉਸ ਕਵੀ ਦਰਬਾਰ ਵਿੱਚ ਦਰਸ਼ਕਾਂ ਦੀ ਪ੍ਰਸੰਸਾ ਨੇ ਉਸਨੂੰ ਅਜਿਹੀ ਪ੍ਰੇਰਨਾ ਦਿੱਤੀ ਤੇ ਉਸਨੇ ਅੱਲ੍ਹੜ ਉਮਰ ਵਿੱਚ ਹੀ ਮਿਆਰੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਤਿ੍ਰਲੋਕ ਸਿੰਘ ਆਨੰਦ ਨੇ 1962 ਵਿੱਚ ਬੀ ਏ ਰਿਪਦੁਮਣ ਕਾਲਜ ਨਾਭਾ ਤੋਂ ਪਾਸ ਕੀਤੀ। ਜਦੋਂ ਪੰਜਾਬੀ ਯੂਨੀਵਰਸਿਟੀ ਨੇ ਪਹਿਲੀ ਵਾਰ ਐਮ ਏ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਤਾਂ ਤਿ੍ਰਲੋਕ ਸਿੰਘ ਆਨੰਦ ਨੇ 1963 ਦੇ ਪਹਿਲੇ ਬੈਚ ਵਿੱਚ ਐਮ ਏ ਪੰਜਾਬੀ ਵਿੱਚ ਦਾਖ਼ਲਾ ਲੈ ਲਿਆ ਅਤੇ 1965 ਵਿੱਚ ਐਮ ਏ ਪੰਜਾਬੀ ਪਾਸ ਕਰ ਲਈ। ਐਮ ਏ ਵਿੱਚ ਪੜ੍ਹਦਿਆਂ ਪੰਜਾਬੀ ਦਾ ਸਾਹਿਤ ਪੜ੍ਹਨ ਦਾ ਇਤਫਾਕ ਹੋਇਆ ਤਾਂ ਉਸਦੀ ਸਾਹਿਤਕ ਰੁਚੀ ਨੂੰ ਚਾਰ ਚੰਨ ਲੱਗ ਗਏ, ਕਿਉਂਕਿ ਸਾਹਿਤਕ ਵਾਤਾਵਰਨ ਤਿ੍ਰਲੋਕ ਸਿੰਘ ਆਨੰਦ ਲਈ ਆਪਣੀ ਸਾਹਿਤਕ ਮਸ ਪੂਰੀ ਕਰਨ ਦਾ ਕੇਂਦਰ ਬਿੰਦੂ ਬਣ ਗਿਆ। ਤਿ੍ਰਲੋਕ ਸਿੰਘ ਆਨੰਦ ਨੇ ਫਾਰਸੀ ਦੀ ਐਮ ਏ ਵੀ ਕੀਤੀ ਹੋਈ ਹੈ।
ਤਿ੍ਰਲੋਕ ਸਿੰਘ ਆਨੰਦ ਨੇ ਗ਼ਜ਼ਲਾਂ/ਕਵਿਤਾਵਾਂ ਥੋਕ ਵਿੱਚ ਨਹੀਂ ਲਿਖੀਆਂ, ਸਗੋਂ ਉਸਨੇ ਬਹੁਤ ਕਿਰਸ ਨਾਲ ਲਿਖਿਆ ਹੈ, ਪ੍ਰੰਤੂ ਜੋ ਲਿਖਿਆ ਉਹ ਮੁੱਲਵਾਨ ਅਤੇ ਅਰਥ ਭਰਪੂਰ ਹੈ। ਉਹ ਬਹੁਤਾਤ ਵਿੱਚ ਲਿਖਣ ਦੀ ਥਾਂ ਮਿਆਰੀ ਰਚਨਾਵਾਂ ਲਿਖਣ ਵਿੱਚ ਯਕੀਨ ਰੱਖਦਾ ਹੈ। ਉਸਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦਿਲ ਨੂੰ ਟੁੰਬਣ ਵਾਲੀਆਂ ਆਨੰਦਮਈ ਸਥਿਤੀ ਵਿੱਚ ਪਹੁੰਚਾਉਣ ਦੀ ਸਮਰੱਥਾ ਰੱਖਦੀਆਂ ਹਨ। ਡਾ ਤਰਲੋਕ ਸਿੰਘ ਆਨੰਦ ਨੇ ਗ਼ਜ਼ਲਗੋ/ਕਵੀ ਹੋਣ ਦਾ ਕਦੀਂ ਮਾਣ ਨਹੀਂ ਕੀਤਾ ਅਤੇ ਨਾ ਹੀ ਆਪਣੀ ਸਾਹਿਤਕ ਰੁਚੀ ਦਾ ਜਾਇਜ਼ ਨਜ਼ਾਇਜ਼ ਲਾਭ ਉਠਾਇਆ ਹੈ। ਉਸਨੇ ਆਪਣੇ ਆਪ ਨੂੰ ਸਥਾਪਤ ਕਰਨ ਲਈ ਕਿਸੇ ਸਾਹਿਤਕਾਰ ਅਤੇ ਆਲੋਚਕ ਦੀ ਖ਼ੁਸ਼ਾਮਦ ਨਹੀਂ ਕੀਤੀ। ਇਸ ਕਰਕੇ ਬਿਹਤਰੀਨ ਕਵਿਤਾਵਾਂ ਅਤੇ ਗ਼ਜ਼ਲਾਂ ਲਿਖਣ ਦੇ ਬਾਵਜੂਦ ਉਸਦੀ ਸਾਹਿਤਕ ਦੇਣ ਦਾ ਆਲੋਚਕਾਂ ਨੇ ਬਣਦਾ ਮੁੱਲ ਨਹੀ ਪਾਇਆ, ਇਥੋਂ ਤੱਕ ਕਿ ਭਾਸ਼ਾ ਵਿਭਾਗ ਨੇ ਉਸਦਾ ਮਾਣ ਸਨਮਾਨ ਤਾਂ ਕੀ ਕਰਨਾ ਸੀ, ਪ੍ਰੰਤੂ ਕਦੀਂ ਸਰਕਾਰੀ ਕਵੀ ਦਰਬਾਰਾਂ ਵਿੱਚ ਵੀ ਆਮੰਤਿ੍ਰਤ ਨਹੀਂ ਕੀਤਾ। ਇਸਦਾ ਉਸਨੂੰ ਗਿਲਾ ਵੀ ਨਹੀਂ ਹੈ। ਪਾਠਕਾਂ ਨੇ ਡਾ ਤਿ੍ਰਲੋਕ ਸਿੰਘ ਆਨੰਦ ਦੀਆਂ ਗ਼ਜ਼ਲਾਂ/ਕਵਿਤਾਵਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਹੈ। ਡਾ ਤਿ੍ਰਲੋਕ ਸਿੰਘ ਆਨੰਦ ਪਾਠਕਾਂ ਦੀ ਪ੍ਰਸੰਸਾ ਨੂੰ ਹੀ ਸਭ ਤੋਂ ਵੱਡਾ ਇਨਾਮ ਗਿਣਦਾ ਹੈ। ਉਸ ਦੀਆਂ ਗ਼ਜ਼ਲਾਂ ਨਿਵੇਕਲੀਆਂ ਆਨੰਦਮਈ, ਸੁਹਜਮਈ, ਸੰਜੀਦਾ, ਸਿੰਬਾਲਿਕ, ਭਾਵਨਾਤਮਿਕ ਅਤੇ ਇਸ਼ਕ-ਮੁਸ਼ਕ ਦੀਆਂ ਅਟੱਲ ਸਚਾਈਆਂ ਵਾਲੀਆਂ ਹੁੰਦੀਆਂ ਹਨ। ਉਸਨੇ ਆਮ ਕਵੀਆਂ ਦੀ ਤਰ੍ਹਾਂ ਇਸ਼ਕ-ਮੁਸ਼ਕ ਅਤੇ ਬਿ੍ਰਹਾ ਦੇ ਰੋਣੇ ਧੋਣੇ ਵਾਲੀਆਂ ਕਵਿਤਾਵਾਂ ਨਹੀਂ ਲਿਖੀਆਂ। ਉਸ ਦੀਆਂ ਕਵਿਤਾਵਾਂ/ਗ਼ਜ਼ਲਾਂ ਸਿੰਬਾਲਿਕ ਤੇ ਬਹੁ-ਅਰਥੀ ਬਹੁ-ਅਤੇ ਬਹੁ-ਦਿਸ਼ਾਵੀ ਹੁੰਦੀਆਂ ਹਨ। ਉਹ ਰੁਮਾਂਸਵਾਦ ਦੇ ਗਿਲਾਫ ਵਿੱਚ ਲਪੇਟਕੇ ਸਮਾਜਿਕ ਸਰੋਕਾਰਾਂ ਦੀ ਗੱਲ ਕਰਦਾ ਹੈ। ਦੋਹਰੇ ਅਰਥਾਂ ਵਾਲੀ ਉਸਦੀ ਤਿੱਤਲੀ ਵਾਲੀ ਇੱਕ ਗ਼ਜ਼ਲ ਦੇ ਚੰਦ ਸ਼ਿਅਰ ਇਸ ਪ੍ਰਕਾਰ ਹਨ-
ਅਹੁ ਗਈ ਤਿੱਤਲੀ, ਅਹਿ ਗਈ ਤਿੱਤਲੀ,
ਖ਼ੌਰੇ ਕਿੱਥੇ ਬਹਿ ਗਈ ਤਿੱਤਲੀ, ਝੂਮ ਰਿਹਾ ਏ, ਕਿੰਨਾ ਖ਼ੁਸ਼-ਖ਼ੁਸ਼।
ਫ਼ੁੱਲ ਨੂੰ ਕੁਝ ਹੈ ਕਹਿ ਗਈ ਤਿੱਤਲੀ, ਫਿਰਦਾ ਹੈ ਨਸ਼ਿਆਇਆ ਏਦਾਂ,
ਜੀਕਰ ਕੋਈ ਖਹਿ ਗਈ ਤਿੱਤਲੀ।
ਇਨ੍ਹਾਂ ਸ਼ਿਅਰਾਂ ਵਿੱਚ ਤਿੱਤਲੀ ਤੇ ਫੁੱਲ ਨੂੰ ਸਿੰਬਾਲਿਕ ਤੌਰ ‘ਤੇ ਵਰਤਿਆ ਹੈ, ਜਿਸ ਵਿੱਚ ਦਰਸਾਇਆ ਗਿਆ ਹੈ ਕਿ ਮਰਦ ਤੇ ਔਰਤ ਇਸ਼ਕ ਦੇ ਵਿੱਚ ਗੜੁਚ ਹੋ ਕੇ ਭਾਵਨਾਵਾਂ ਵਿੱਚ ਵਹਿੰਦਿਆਂ ਰੁਮਾਂਸਵਾਦ ਦੇ ਨਸ਼ੇ ਵਿੱਚ ਝੂਮਣ ਲੱਗ ਜਾਂਦੇ ਹਨ, ਪ੍ਰੰਤੂ ਇਥੇ ਤਿੱਤਲੀ ਨੂੰ ਇੱਕ ਵਿਓਪਾਰੀ ਦੇ ਤੌਰ ‘ਤੇ ਵੀ ਵਿਖਾਇਆ ਗਿਆ ਹੈ, ਜਿਹੜਾ ਫ਼ੁੱਲ ਰੂਪੀ ਵਿਓਪਾਰੀ ਦੇ ਕਰਿੰਦੇ ਨੂੰ ਵਿਓਪਾਰ ਵਿੱਚ ਹੇਰਾ ਫੇਰੀ ਕਰਨ ਦੇ ਨੁਕਤਿਆਂ ਦੀ ਕਾਨਾਫੂਸੀ ਕਰਦਾ ਹੈ। ਇਹ ਸ਼ਿਅਰ ਰੁਮਾਂਟਿਕ ਅਤੇ ਸਮਾਜਿਕ ਧੋਖੇ ਦਾ ਪ੍ਰਗਟਾਵਾ ਕਰਦੇ ਹਨ। ਇਥੋਂ ਡਾ ਤਿ੍ਰਲੋਕ ਸਿੰਘ ਆਨੰਦ ਦੀ ਸਮਾਜ ਦੀ ਤਰਜਮਾਨੀ ਕਰਨ ਦਾ ਪ੍ਰਗਟਾਵਾ ਹੁੰਦਾ ਹੈ। ਤਿ੍ਰਲੋਕ ਸਿੰਘ ਆਨੰਦ ਮਸਤ ਹਾਥੀ ਦੀ ਤਰ੍ਹਾਂ ਆਪਣੀ ਮਾਨਸਿਕ ਤਿ੍ਰਪਤੀ ਲਈ ਕਲਮ ਦੀ ਅਜ਼ਮਈ ਕਰਦਾ ਰਹਿੰਦਾ ਹੈ। ਡਾ ਤਰਲੋਕ ਸਿੰਘ ਆਨੰਦ ਸਹਿਜ ਪੱਕੇ ਸੋ ਮੀਠਾ ਹੋਏ ਦੀ ਨੀਤੀ ‘ਤੇ ਚਲਦਾ ਹੋਇਆ ਸਾਹਿਤਕ ਯੋਗਦਾਨ ਪਾਉਂਦਾ ਰਹਿੰਦਾ ਹੈ। ਹਾਂ ਉਸਨੇ ਆਲੋਚਨਾ ਦੇ ਖੇਤਰ ਵਿੱਚ ਵੀ ਵਰਣਨਯੋਗ ਕੰਮ ਕੀਤਾ ਹੈ। ਉਸ ਦੀਆਂ ਲਗਪਗ ਡੇਢ ਦਰਜਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਕਵਿਤਾ ਦੀਆਂ ਉਸਦੀਆਂ ਤਿੰਨ ਹੀ ਪੁਸਤਕਾਂ ‘ਇੱਕ ਬਿਆਨ ਹਲਫ਼ੀਆ, ‘ਇੱਕ ਨਿਰੰਤਰ ਮੌਤ’ ਅਤੇ ‘ਕੁੱਲ ਮਿਲਾ ਕੇ’ ਹਨ। ਉਸਨੇ ਆਲੋਚਨਾ, ਸਪੰਾਦਨਾ, ਲਿਪੀਅੰਤਰ ਅਤੇ ਖੋਜ ਦੀਆਂ ਪੁਸਤਕਾਂ ਵਿੱਚ ‘ਸੋਹਣੀ ਫ਼ਜਲ ਸ਼ਾਹ’, ‘ਸੁਲਤਾਨ ਬਾਹੂ’ , ‘ਪ੍ਰੋ ਪੂਰਨ ਸਿੰਘ ਦੀ ਕਾਵਿ ਪ੍ਰਤਿਭਾ’, ‘ਇੱਕ ਸ਼ਿਅਰ ਦੀ ਪ੍ਰਕਰਮਾ’ ਅਤੇ ਤਿੰਨ ਗੁਰਮਤਿ ਸੰਬੰਧੀ ‘ਇਹ ਤਉ ਬ੍ਰਹਮ ਵਿਚਾਰ’, ‘ਬੋਲ ਸਦੀਵੀ’ ਅਤੇ ਇੱਕ ‘ਦਾ ਇਟਰਨਲ ਵਰਲਡ’ (ਅੰਗਰੇਜ਼ੀ) ਹਨ। ਲਿਪੀਅੰਤਰ ਅਤੇ ਸੰਪਾਦਨ ‘ਫ਼ਖ਼ਰ ਜਮਾ ਦੀ ਚੋਣਵੀਂ ਕਵਿਤਾ’ ਅਤੇ ਅਹਿਸਨ ਬਟਾਲਵੀ ਦੇ ਨਾਵਲ ‘ਇੱਕ ਇਜੜ ਦੀ ਕਹਾਣੀ’ ਦਾ ਲਿਪੀਅੰਤਰ, ਸੰਪਾਦਨਾ ਕਾਵਿ-ਮਕਰੰਦ, ਕਾਵਿ-ਕਮਾਲ, ਕਾਵਿ-ਟਕਸਾਲ, ਕਾਵਿ-ਜੋਤੀ, ਕਵਿਤਾ 2000 ਅਤੇ ਭਾਰਤੀ ਰਾਜਨੀਤੀ ਵਿੱਚ ਉਦਰਦੇ ਝੁਕਾਅ ਸ਼ਾਮਲ ਹਨ। ਡਾ ਤਿ੍ਰਲੋਕ ਸਿੰਘ ਆਨੰਦ ਦੀਆਂ ਗ਼ਜ਼ਲਾਂ ਦੇ ਕੁਝ ਸ਼ਿਅਰ ਪਾਠਕਾਂ ਦੇ ਮੂੰਹ ਜ਼ੁਬਾਨੀ ਯਾਦ ਹਨ ਜਿਵੇਂ–
ਰਸਤੇ ਵਿੱਚ ਅੰਗਿਆਰ ਬੜੇ ਨੇ, ਰਾਹੀ ਵੀ ਹੁਸ਼ਿਆਰ ਬੜੇ ਨੇ।
ਵਕਤ ਪੈਣ ‘ਤੇ ਕੋਈ ਨਹੀਂ ਹੈ, ਵੈਸੇ ਤਾਂ ਗ਼ਮਖ਼ਾਰ ਬੜੇ ਨੇ।
ਦੁਸ਼ਮਣ ਦੀ ਹੁਣ ਲੋੜ ਨਹੀਂ ਸਾਨੂੰ, ਹੁਣ ਤਾਂ ਸਾਡੇ ਯਾਰ ਬੜੇ ਨੇ।
ਡੁੱਬਿਆ ਰਿਹਾ ਕੁਝ ਇਸ ਕਦਰ ਤੇਰੇ ਖਿਆਲ ਵਿੱਚ।
ਮਿਸਰੀ ਦੀ ਥਾਂ ‘ਤੇ ਬੰਨ੍ਹ ਲਿਆ ਪਾਣੀ ਰੁਮਾਲ ਵਿੱਚ।
ਤਿ੍ਰਲੋਕ ਸਿੰਘ ਆਨੰਦ ਦਾ ਜਨਮ ਬਰਤਾਨੀਆਂ ਭਾਰਤ ਦੀ ਤਹਿਸੀਲ ਗੁਜਰਖ਼ਾਨ ਜਿਲ੍ਹਾ ਰਾਵਲਪਿੰਡੀ ਦੇ ਪਿੰਡ ਦੌਲਤਾਲਾ ਵਿਖੇ 10 ਨਵੰਬਰ 1942 ਨੂੰ ਪਿਤਾ ਇੰਦਰ ਸਿੰਘ ਦੇ ਘਰ ਮਾਤਾ ਪਰੇਮ ਕੌਰ ਦੀ ਕੁੱਖੋਂ ਹੋਇਆ ਸੀ। ਉਨ੍ਹਾਂ ਆਪਣੀ ਮੁੱਢਲੀ ਪੜ੍ਹਾਈ ਕਰਨਾਲ ਵਿਖੇ ਕੀਤੀ, ਕਿਉਂਕਿ ਉਸਦੇ ਪਿਤਾ ਨੂੰ ਦੇਸ਼ ਦੀ ਵੰਡ ਤੋਂ ਬਾਅਦ ਦੁਬਾਰਾ ਨੌਕਰੀ ‘ਤੇ ਰੱਖਕੇ ਕਰਨਾਲ ਲਗਾ ਦਿੱਤਾ ਸੀ। ਇੱਕ ਰਿਫਿਊਜੀ ਨੂੰ ਕਿਤਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਉਹ ਸਾਰੀਆਂ ਤਿ੍ਰਲੋਕ ਸਿੰਘ ਆਨੰਦ ਦੇ ਪਰਿਵਾਰ ਨੇ ਝੱਲੀਆਂ, ਜਿਸ ਕਰਕੇ ਪਰਿਵਾਰ ਆਰਥਿਕ ਸੰਕਟ ਵਿੱਚ ਰਿਹਾ। ਤਿ੍ਰਲੋਕ ਸਿੰਘ ਆਨੰਦ ਨੂੰ ਲਿਫਾਫੇ ਬਣਾਕੇ ਵੇਚਣੇ ਪਏ। ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਅਤੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖ਼ਰਚਾ ਉਸਦੇ ਦਾਦਾ ਦੀ 45 ਰੁਪਏ ਮਹੀਨਾ ਪੈਨਸ਼ਨ ਨਾਲ ਹੀ ਕਰਨਾ ਪੈਂਦਾ ਸੀ। ਤਿ੍ਰਲੋਕ ਸਿੰਘ ਆਨੰਦ ਨੇ ਥੋੜ੍ਹਾ ਸਮਾਂ ਆਈ ਟੀ ਆਈ ਪਟਿਆਲਾ ਵਿੱਚ ਮੈਥੇਮੈਟਿਕ ਦੇ ਅਧਿਆਪਕ ਦੇ ਤੌਰ ‘ਤੇ ਨੌਕਰੀ ਕੀਤੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1963 ਜਦੋਂ ਐਮ ਏ ਪੰਜਾਬੀ ਦੀ ਪੋਸਟ ਗ੍ਰੈਜੂਏਸ਼ਨ ਸ਼ੁਰੂ ਕੀਤੀ ਤਾਂ ਤਰਲੋਕ ਸਿੰਘ ਆਨੰਦ ਨੇ ਪਹਿਲੇ ਬੈਚ ਵਿੱਚ ਹੀ ਐਮ ਏ ਪੰਜਾਬੀ ਪਾਸ ਕਰ ਲਈ ਤੇ ਫਸਟ ਆਉਣ ਕਰਕੇ ਉਸਨੂੰ ਗੋਲਡ ਮੈਡਲ ਮਿਲਿਆ ਸੀ। ਐਮ ਏ ਤੋਂ ਬਾਅਦ ਉਸਨੂੰ ਪੰਜਾਬੀ ਯੂਨੀਵਰਸਿਟੀ ਵਿੱਚ ਖੋਜ ਸਕਾਲਰ ਭਰਤੀ ਕਰ ਲਿਆ। ਉਸਦੀ ਚੋਣ 1968 ਵਿੱਚ ਪੱਤਰ ਵਿਹਾਰ ਵਿਭਾਗ ਵਿੱਚ ਲੈਕਚਰਾਰ ਪੰਜਾਬੀ ਦੀ ਹੋ ਗਈ। ਉਥੇ ਹੀ ਪ੍ਰੋਫੈਸਰ ਅਤੇ ਵਿਭਾਗ ਦੇ ਮੁੱਖੀ ਬਣ ਗਏ। ਉਹ ਡੀਨ ਅਕੈਡਮਿਕ ਦੇ ਫਰਜ ਵੀ ਨਿਭਾਉਂਦੇ ਰਹੇ। ਇਸ ਤੋਂ ਇਲਾਵਾ ਆਈ ਏ ਐਸ ਦੇ ਵਿਦਿਆਰਥੀਆਂ ਨੂੰ ਵੀ ਪੜ੍ਹਾਉਂਦੇ ਰਹੇ। ਉਸਨੇ ਪੀ ਐਚ ਡੀ 1974 ਵਿੱਚ ਡਾ ਹਰਚਰਨ ਸਿੰਘ ਦੀ ਅਗਵਾਈ ਵਿੱਚ ਪ੍ਰੋ ਮੋਹਨ ਸਿੰਘ ਰਚਨਾਵਲੀ ਵਿਸ਼ੇ ਵਿੱਚ ਕੀਤੀ ਸੀ। ਉਹ 2002 ਵਿੱਚ ਸੇਵਾ ਮੁਕਤ ਹੋਏ ਹਨ। ਉਹ ਇੱਕ ਬਿਹਤਰੀਨ ਇਨਸਾਨ ਅਤੇ ਨਮਰਤਾ ਦੇ ਪੁਜਾਰੀ ਹਨ।
ਤਸਵੀਰ ਡਾ ਤਿ੍ਰਲੋਕ ਸਿੰਘ ਆਨੰਦ
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com

