— ਨਗਰ ਕੌਂਸਲ ਦੀ ਲਾਪ੍ਰਵਾਹੀ —
ਸ੍ਰੀ ਮੁਕਤਸਰ ਸਾਹਿਬ, 14 ਅਕਤੂਬਰ ( ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਕਰੀਬ ਇਕੱਤੀ ਸਾਲ ਪਹਿਲਾਂ ਉਸ ਵੇਲੇ ਦੀ ਸਰਕਾਰ ਵੱਲੋਂ ਸਥਾਨਕ ਮਲੋਟ ਰੋਡ ਸਥਿਤ ਮੇਨ ਬੱਸ ਸਟੈਂਡ ਕੋਲ ਨਗਰ ਕੌਂਸਲ ਵੱਲੋਂ ਮਨਜੂਰ ਸ਼ੁਦਾ ਜਗ੍ਹਾ ਉਪਰ ਦੁਨੀਆ ਦੇ ਮਹਾਨ ਵਿਦਵਾਨ ਅਤੇ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਨਾਮ ’ਤੇ ਅੰਬੇਡਕਰ ਚੌਂਕ ਬਣਾਇਆ ਗਿਆ ਸੀ। ਉਸ ਵੇਲੇ ਦੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਥਾਂ ’ਤੇ ਸ਼ਾਨਦਾਰ ਚਬੂਤਰਾ ਵੀ ਉਸਾਰਿਆ ਗਿਆ ਸੀ। ਬਦਕਿਸਮਤੀ ਨਾਲ ਟਰੱਕ ਦੁਰਘਟਨਾ ਕਾਰਨ ਇਹ ਚਬੂਤਰਾ ਢਹਿ ਢੇਰੀ ਹੋ ਗਿਆ ਸੀ ਅਤੇ ਸਥਾਨਕ ਨਗਰ ਕੌਂਸਲ ਦੀ ਅਣਗਹਿਲੀ ਅਤੇ ਲਾਪ੍ਰਵਾਹੀ ਕਾਰਨ ਹੌਲੀ-ਹੌਲੀ ਇਸ ਜਗ੍ਹਾ ਤੋਂ ਡਾ. ਅੰਬੇਡਕਰ ਚੌਂਕ ਦਾ ਨਾਮੋ-ਨਿਸ਼ਾਨ ਹੀ ਮਿਟ ਗਿਆ। ਸ਼ਹਿਰ ਦੇ ਅਨੇਕਾਂ ਸੂਝਵਾਨ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਇਸ ਚੌਂਕ ਦੇ ਪੁਨਰ ਨਿਰਮਾਣ ਦੀ ਵਾਰ-ਵਾਰ ਮੰਗ ਕੀਤੀ ਗਈ ਪਰੰਤੂ ਨਾ ਤਾਂ ਜਿਲ੍ਹਾ ਪ੍ਰਸ਼ਾਸਨ ਦੇ ਕੰਨਾਂ ’ਤੇ ਜੂੰ ਸਰਕੀ ਅਤੇ ਨਾ ਹੀ ਨਗਰ ਕੌਂਸਲ ’ਤੇ ਕੋਈ ਅਸਰ ਹੋਇਆ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ, ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਅਤੇ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਵੀ ਕਈ ਵਾਰ ਆਪਣੀ ਸੰਸਥਾ ਰਾਹੀਂ ਇਹ ਮੁੱਦਾ ਸਥਾਨਕ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਕੋਲ ਜੁਬਾਨੀ ਅਤੇ ਲਿਖਤੀ ਤੌਰ ’ਤੇ ਉਠਾਇਆ, ਪਰੰਤੂ ਮਿੱਠੀਆਂ ਗੋਲੀਆਂ ਅਤੇ ਝੂਠੇ ਲਾਰਿਆਂ ਦੇ ਸਿਵਾਏ ਕੁੱਝ ਵੀ ਪੱਲੇ ਨਾ ਪਿਆ। ਸ਼ਹਿਰ ਵਿਚ ਇਸ ਗੱਲ ਦੀ ਵੀ ਭਰਪੂਰ ਚਰਚਾ ਹੈ ਕਿ ਕੁੱਝ ਰਸੂਖਦਾਰ ਅਤੇ ਰਾਜਸੀ ਪਹੁੰਚ ਵਾਲੇ ਵਿਅਕਤੀਆਂ ਵੱਲੋਂ ਸਰਕਾਰੀ ਅਤੇ ਹੋਰ ਥਾਵਾਂ ’ਤੇ ਨਗਰ ਕੌਂਸਲ ਦੀ ਕਥਿਤ ਮਿਲੀਭੁਗਤ ਨਾਲ ਨਜਾਇਜ਼ ਕਬਜ਼ੇ ਅਤੇ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਕੇ ਗੈਰ ਕਾਨੂੰਨੀ ਉਸਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਨਗਰ ਕੌਂਸਲ ਵੱਲੋਂ ਮਨਜੂਰ ਸ਼ੁਦਾ ਸਥਾਨ ਉਪਰ ਡਾ. ਅੰਬੇਡਕਰ ਦਾ ਚੌਂਕ ਨਹੀਂ ਬਣਾਇਆ ਜਾ ਰਿਹਾ। ਇਕ ਪਾਸੇ ਤਾਂ ਸਰਕਾਰ ਆਪਣੇ ਸਰਕਾਰੀ ਦਫਤਰਾਂ ਵਿਚ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਅਤੇ ਡਾ. ਅੰਬੇਡਕਰ ਦੀਆਂ ਫੋਟੋਆਂ ਲਗਾਉਂਦੀ ਹੈ ਪਰ ਸਥਾਨਕ ਨਗਰ ਕੌਂਸਲ ਵੱਲੋਂ ਉਕਤ ਡਾ. ਅੰਬੇਡਕਰ ਚੌਂਕ ਦਾ ਪੁਨਰ ਨਿਰਮਾਣ ਨਾ ਕਰਕੇ ਪਤਾ ਨਹੀਂ ਕਿਹੜੀਆਂ ਸਰਕਾਰੀ ਹਿਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ? ਪ੍ਰਧਾਨ ਢੋਸੀਵਾਲ ਨੇ ਹਲਕਾ ਵਿਧਾਇਕ ਜਗਮੀਤ ਸਿੰਘ ਕਾਕਾ ਬਰਾੜ, ਡਿਪਟੀ ਕਮਿਸ਼ਨਰ ਅਤੇ ਸਥਾਨਕ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਅਪੀਲ ਕੀਤੀ ਹੈ ਕਿ ਉਕਤ ਅੰਬੇਡਕਰ ਚੌਂਕ ਨੂੰ ਪੁਨਰ ਸਥਾਪਿਤ ਕੀਤਾ ਜਾਵੇ ਅਤੇ ਉੱਥੇ ਡਿਸਪਲੇਅ ਬੋਰਡ ਲਗਵਾਏ ਜਾਣ।
ਫੋਟੋ ਕੈਪਸ਼ਨ : ਢਹਿ ਢੇਰੀ ਹੋ ਚੁੱਕੇ ਡਾ. ਅੰਬੇਡਕਰ ਚੌਂਕ ਦੀ ਫਾਇਲ ਫੋਟੋ।

