ਵਿਸ਼ਵ ਪ੍ਰਸਿੱਧ ਫੋਟੋ ਕਲਾਕਾਰ ਤੇ ਆਤਮ ਪ੍ਰਬੋਧ ਪਾਂਧੀ ਤੇਜ ਪ੍ਰਤਾਪ ਸਿੰਘ ਸੰਧੂ ਤੇ ਉਸ ਦੀ ਜੀਵਨ ਸਾਥਣ ਨਿੱਕੀ ਭੈਣ ਸਤਿਬੀਰ ਕੌਰ ਸੰਧੂ ਨਾਲ ਪਰਿਵਾਰਕ ਤੇ ਸੰਸਾਰਕ ਸਾਂਝ ਦਾ 43ਵਾਂ ਸਾਲ ਚੱਲ ਰਿਹਾ ਹੈ। ਏਨੇ ਸਾਲ ਰਲ਼ ਮਿਲ਼ ਕੇ ਬਹਾਰਾਂ ਪੱਤਝੜਾਂ ਇਕੱਠਿਆਂ ਮਾਨਣਾ ਵਿਰਲਿਆਂ ਦੇ ਭਾਗਾਂ ਵਿੱਚ ਆਉਂਦਾ ਹੈ।
ਮੈਂ ਤੇ ਤੇਜਪਰਤਾਪ ਦੋਵੇਂ ਕਿਲ੍ਹਾ ਰਾਏਪੁਰ ਵਿਆਹੇ ਗਏ। ਇਹ ਸਬੱਬ ਹੈ ਪਰ ਸਨੇਹ ਦਾ ਧਰਾਤਲ ਤੇਜ ਪ੍ਰਤਾਪ ਦੀ ਕਲਾਪ੍ਰਸਤੀ ਬਣੀ। ਵਸੀਲਾ ਬਣਿਆ ਮੇਰਾ ਮਿੱਤਰ ਜਨਮੇਜਾ ਸਿੰਘ ਜੌਹਲ।
1983 ਵਿੱਚ ਹੀ ਮੈਂ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ ਦੀ ਸੇਵਾ ਛੱਡ ਕੇ ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਆ ਗਿਆ। ਜਨਮੇਜਾ ਸਿੰਘ ਨਿੱਤ ਦਾ ਸੰਗੀ।
ਇੱਕ ਦਿਨ ਸ਼ਾਮ ਵੇਲੇ ਆਇਆ ਤੇ ਕਹਿਣ ਲੱਗਾ ਕਿ ਤੈਨੂੰ ਇੱਕ ਮੁਹੱਬਤੀ ਕਲਾਪ੍ਰਸਤ ਰੂਹ ਨੂੰ ਮਿਲਾਉਣਾ ਹੈ। ਉਸ ਦੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਅਸੀਂ ਦੋਵੇਂ ਰੇਖੀ ਸਿਨੇਮਾ ਚੌਂਕ ਲੁਧਿਆਣਾ ਦੇ ਇੱਕ ਚੁਬਾਰੇ ਦੀਆਂ ਪੌੜੀਆਂ ਜਾ ਚੜ੍ਹੇ।
ਉੱਪਰ ਜਾ ਕੇ ਪਤਾ ਲੱਗਾ ਕਿ ਏਥੇ ਸੰਧੂ ਕਲਰ ਲੈਬ ਹੈ। ਤੇਜਪਰਤਾਪ ਸਿੰਘ ਦੇ ਚਿਹਰੇ ਨਾਲ ਵਾਕਫੀਅਤ ਸੀ ਪਰ ਬੋਲਚਾਲ ਨਹੀਂ ਸੀ। ਗੱਲ ਖੁੱਲ੍ਹੀ ਤਾਂ ਪਤਾ ਲੱਗਾ ਕਿ ਜਾਖਲ ਹਿਸਾਰ ਵਾਲੀ ਟ੍ਰੇਨ ਤੇ ਅਕਸਰ ਆਉਂਦੇ ਜਾਂਦੇ ਮਿਲਣ ਵਾਲਾ ਸੱਜਣ ਮੰਡੀ ਅਹਿਮਦਗੜ੍ਹ ਮੰਡੀ ਨੇੜਲੇ ਪਿੰਡ ਧੂਲਕੋਟ ਦਾ ਹੈ ਤੇ ਕਿਲ੍ਹਾ ਰਾਏਪੁਰ ਵਿਆਹਿਆ ਹੋਇਆ ਹੈ ਵਾਲੀਬਾਲ ਦੀ ਕੌਮੀ ਖਿਡਾਰਨ ਸਤਬੀਰ ਕੌਰ ਨਾਲ।
ਹੋਰ ਵੀ ਚੰਗਾ ਲੱਗਾ।
ਬੜੇ ਸਲੀਕੇ ਨਾਲ ਭਰਪੂਰ ਕੁਝ ਡੱਬਿਆਂ ਵਿੱਚੋਂ ਉਨ੍ਹਾਂ ਵੱਡ ਆਕਾਰੀ ਰੰਗੀਨ ਤਸਵੀਰਾਂ ਕੱਢ ਕੇ ਵਿਖਾਈਆਂ। ਮੇਰੇ ਲਈ ਅਚੰਭਾ ਸੀ ਇਹ ਸੰਸਾਰ ਵੇਖਣਾ। ਵੱਖ ਵੱਖ ਕਲਾਕਾਰਾਂ ਦੀਆਂ ਖਿੱਚੀਆਂ ਫੋਟੋਆਂ ਦੇ ਰੰਗੀਲ ਪ੍ਰਿੰਟ ਸਨ। ਇਹ ਸਾਰੇ ਪ੍ਰਿੰਟ ਸੰਧੂ ਕਲਰ ਲੈਬ ਤੇ ਬਣੇ ਸਨ। ਕਮਾਲ ਇਹ ਕਿ ਇਸ ਵਿੱਚ ਤੇਜਪਰਤਾਪ ਦੀ ਕੋਈ ਤਸਵੀਰ ਨਹੀਂ ਸੀ।
ਅਸਲ ਵਿੱਚ ਇਹ ਇੱਕ ਫੋਟੋ ਪ੍ਰਦਰਸ਼ਨੀ ਦੀ ਤਿਆਰੀ ਕਰ ਰਹੇ ਸਨ। ਵਿਸ਼ਵ ਪ੍ਰਸਿੱਧ ਚਿੱਤਰਕਾਰ ਸ. ਸ਼ੋਭਾ ਸਿੰਘ ਆਰਟਿਸਟ ਜੀ ਨੇ ਪੰਜਾਬ ਯੂਨੀਵਰਸਿਟੀ ਐਕਸਟੈਨਸ਼ਨ ਲਾਇਬਰੇਰੀ ਲੁਧਿਆਣਾ ਵਿੱਚ ਅੰਦਰੇਟਿਉਂ (ਹਿਮਾਚਲ ਪ੍ਰਦੇਸ਼) ਆਉਣਾ ਸੀ। ਲੁਧਿਆਣਾ ਸ਼ਹਿਰ ਨੇ ਪਹਿਲੀ ਵਾਰ ਏਡਾ ਵੱਡਾ ਫੋਟੋ ਜਸ਼ਨ ਵੇਖਣਾ ਸੀ।
ਇਸ ਪ੍ਰਦਰਸ਼ਨੀ ਬਾਰੱ ਲਿਖਣ ਦਾ ਸੁਭਾਗ ਮੈਨੂੰ ਤੇ ਮੇਰੀ ਜੀਵਨ ਸਾਥਣ ਪ੍ਰੋ. ਨਿਰਪਜੀਤ ਕੌਰ ਨੂੰ ਮਿਲਿਆ। ਲਗਪਗ ਸਭ ਅਖ਼ਬਾਰਾਂ ਨੇ ਇਸ ਨੁਮਾਇਸ਼ ਨੂੰ ਚੰਗੀ ਥਾਂ ਦਿੱਤੀ।
ਫੋਟੋ ਕਲਾਕਾਰਾਂ ਦੀ ਇਸ ਜਥੇਬੰਦੀ “ਕਲੱਬ -35” ਨੂੰ ਬਾਕੀ ਸ਼ਹਿਰਾਂ ਤੋਂ ਵੀ ਨੁਮਾਇਸ਼ ਲਈ ਸੱਦੇ ਆਉਣ ਲੱਗੇ।
ਕੁਝ ਸਮੇਂ ਬਾਦ ਸੰਧੂ ਕਲਰ ਲੈਬ ਫੀਰੋਜ਼ਪੁਰ ਰੋਡ ਤੇ ਆ ਗਈ। ਨਾਲ ਲੱਗਵੀਂ ਖਾਲੀ ਥਾਂ ਵਿਕਸਤ ਕਰਕੇ “ਸਟੁਡੀਉ ਪਾਰਕ”ਬਣ ਗਿਆ। ਤੇਜਪਰਤਾਪ ਦੀ ਕਲਾ ਅੱਖ ਵੀ ਫੋਟੋਗ੍ਰਾਫੀ ਵਿੱਚ ਸਰਗਰਮ ਹੋਈ। ਸੰਧੂ ਕਲਰ ਲੈਬ ਵਿੱਚ ਸਟੁਡੀਓ ਬਣ ਗਿਆ। ਲੁਧਿਆਣਾ ਵਿੱਚ ਪੰਜਾਬ ਦੀ ਸੱਭਿਆਚਾਰਕ ਰਾਜਧਾਨੀ ਬਣ ਗਿਆ ਇਹ ਸਟੁਡੀਉ। ਮੇਰੇ ਵਰਗਿਆਂ ਦੀ ਹਰ ਰੋਜ਼ ਫੇਰਾ ਪੈਂਦਾ। ਸ. ਸ਼ੋਭਾ ਸਿੰਘ,ਡਾ. ਮ ਸ ਰੰਧਾਵਾ ,ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ, ਸੁਰਿੰਦਰ ਸਿੰਘ ਨਰੂਲਾ, ਨ ਸ ਤਸਨੀਮ,ਸੁਰਜੀਤ ਪਾਤਰ ਤੇ ਕਿੰਨੇ ਹੋਰ ਅਕਸਰ ਆਉਂਦੇ।
ਲੱਗ ਪਗ 200ਲੇਖਕਾਂ, ਗਾਇਕਾਂ, ਚਿੱਤਰਕਾਰਾਂ ਤੇ ਜ਼ਿੰਦਗੀ ਦੇ ਅਨੇਕਾਂ ਸ਼ਾਹ ਅਸਵਾਰਾਂ ਦੇ ਪੋਰਟਰੇਟ ਸੰਧੂ ਨੇ ਸੰਭਾਲੇ। ਦੇਸ਼ ਬਦੇਸ਼ ਵਿੱਚ ਇਹ ਫੋਟੋ ਚਿੱਤਰ ਕੁਝ ਪ੍ਰਦਰਸ਼ਨੀਆਂ ਦਾ ਹਿੱਸਾ ਬਣ ਚੁੱਕੇ ਹਨ।
ਤੇਜਪਰਤਾਪ ਸਿੰਘ ਸੰਧੂ ਨਾਲ ਮਿਲ ਕੇ ਮੈਂ ਦੋ ਕਿਤਾਬਾਂ “ਕੈਮਰੇ ਦੀ ਅੱਖ ਬੋਲਦੀ” ਤੇ “ ਪੱਤੇ ਪੱਤੇ ਲਿਖੀ ਇਬਾਰਤ” ਲਿਖੀਆਂ ਹਨ। ਦੋਹਾਂ ਕਿਤਾਬਾਂ ਦਾ ਸੁਭਾਅ ਵੱਖਰਾ ਹੈ।
ਕੁਝ ਸਮਾਂ ਤੇਜ ਪ੍ਰਤਾਪ ਸਿੰਘ ਸੰਧੂ ਤੇ ਰਣਜੋਧ ਸਿੰਘ ਰਲ਼ ਕੇ “ਦ੍ਰਿਸ਼ਟੀਕੋਨ” ਨਾਮ ਹੋਠ ਸਤਲੁਜ ਕਲੱਬ ਵਿੱਚ ਫੋਟੋ ਪ੍ਰਦਰਸ਼ਨੀ ਕਰਦੇ ਰਹੇ ਹਨ।
ਹੁਣ ਪਿਛਲੇ ਸਾਲ ਤੋਂ ਬਾੜੇਵਾਲ ਰੋਡ ਸਥਿਤ ਸਿਟੀਜ਼ਨ ਐਨਕਲੇਵ ਵਾਲੀ ਆਪਣੀ ਰਿਹਾਇਸ਼। ਮਿਚ ਹੀ ਕਲਾਤਮਿਕ ਫੋਟੋ ਚਿੱਤਰਾਂ ਦੀ ਪ੍ਰਦਰਸ਼ਨੀ ਕਰਨ ਲੱਗੇ ਹਨ।
ਫੋਟੋ ਗਰਾਫੀ ਕਿੱਤੇ ਨੂੰ ਪੂਰੇ 45 ਸਾਲ ਦੇ ਕੇ ਹੁਣ ਉਹ ਕਾਰੋਬਾਰੀ ਝਮੇਲਿਆਂ ਤੋਂ ਪੂਰੀ ਤਰ੍ਹਾਂ ਫ਼ਾਰਗ ਹੋ ਕੇ ਸ਼ੌਕ ਦੀ ਫੁਲਕਾਰੀ ਵਿੱਚ ਰੇਸ਼ਮੀ ਫੁੱਲ ਕੱਢ ਰਹੇ ਹਨ।
ਨਵੇਂ ਨਵੇਲੇ ਫੋਟੋ ਕਲਾਕਾਰਾਂ ਨੂੰ
ਫੋਟੋਗ੍ਰਾਫੀ ਟਿਪਸ ਦੇ ਕੇ ਨਾਲ ਨਾਲ ਤੋਰ ਰਹੇ ਹਨ।
ਪੰਜਾਹ ਤੋਂ ਵੱਧ ਫੋਟੋ ਕਲਾਕਾਰਾਂ ਦੀ ਦੂਜੀ ਪ੍ਰਦਰਸ਼ਨੀ ਕੱਲ੍ਹ ਸ਼ਾਮ ਸੰਪੂਰਨ ਹੋਈ।
21ਨਵੰਬਰ ਤੋਂ 24 ਨਵੰਬਰ ਤੀਕ ਕੁਦਰਤ ਨਾਲ ਹੇਲ ਮੇਲ ਫੋਟੋ ਪ੍ਰਦਰਸ਼ਨੀ ਵੇਖਣਾ ਰੰਗਾਂ ਦੇ ਸਰੋਵਰ ਵਿੱਚ “ਸਣੇ ਕੇਸਾਂ ਇਸ਼ਨਾਨ “ ਵਰਗਾ ਅਨੁਭਵ ਸੀ।
ਇਸ ਵਿੱਚ ਡਾ. ਸ ਸ ਜੌਹਲ ਸਾਹਿਬ ਦੀ ਹਾਜ਼ਰੀ ਆਸ਼ੀਰਵਾਦ ਵਰਗੀ ਸੀ।
ਪੁਰੇ ਪੰਜਾਬ ਦੇ ਕਲਾਪ੍ਰਸਤ ਇਸ ਪ੍ਰਦਰਸ਼ਨੀ ਵਿੱਚ ਪੁੱਜੇ। ਪਹਿਲੇ ਦਿਨ ਰ ਮ ਸਿੰਘ ਚਿੱਤਰਕਾਰ, ਸੰਦੀਪ ਰਿਸ਼ੀ ਵਰਗੇ ਚਿਤਰਕਾਰ ਆਏ।
ਕੱਲ੍ਹ ਵੀ ਅੰਮ੍ਰਿਤਸਰ ਤੋਂ ਸੰਦੀਪ ਸਿੰਘ ਤੇ ਮੰਨੂ ਸਿੰਘ ਪੁੱਜੇ। ਉਨ੍ਹਾਂ ਤੋਂ ਸੱਚਲ ਪ੍ਰਕਾਸ਼ਨ ਦੀਆਂ ਸੱਜਰੀਆਂ ਛਪੀਆਂ ਨਵਤੇਜ ਭਾਰਤੀ ਦੀ “ਅਜੇ ਘਾਹ ਉਗਦਾ ਹੈ “ਤੇ ਅਜਮੇਰ ਰੋਡੇ ਦੀ “ਕੋਰਾ ਪੰਨਾ”ਕਿਤਾਬਾਂ ਪ੍ਰਾਪਤ ਕਰਨਾ ਚੰਗਾ ਲੱਗਾ। ਦੋਹਾਂ ਵੀਰਾਂ ਦੀਆਂ ਅਤਿ ਸੁੰਦਰ ਛਪੀਆਂ ਚੋਣਵੀਆਂ ਕਵਿਤਾਵਾਂ।
ਜਲੰਧਰੋਂ ਸੰਜੀਵ ਵੀ ਆਇਆ ਹੋਇਆ ਸੀ ਦੂਰਦਰਸ਼ਨ ਸਫ਼ਲ ਪੇਸ਼ਕਾਰ। ਜ਼ਹੀਨ ਤੇ ਚਿੰਤਨਸ਼ੀਲ ਗੱਭਰੂ।
ਡੂੰਘੀ ਸ਼ਾਮ ਤੀਕ ਫੋਟੋ ਕਲਾਕਾਰਾਂ ਡਾ. ਏ ਪੀ ਸਿੰਘ, ਰਣਜੋਧ ਸਿੰਘ, ਡਾ. ਵਿਵੇਕ ਸੱਘੜ, ਗਾਬਾ ਸਾਹਿਬ, ਕੰਵਲਜੀਤ ਸਿੰਘ ਸ਼ੰਕਰ, ਜਸਕਰਨ ਸਿੰਘ , ਕਮਲਜੀਤ ਕੈਲੀਗਰਾਫਿਸਟ ਤੇ ਕਿੰਨੇ ਹੋਰ ਜੀਅ ਮਿਲੇ। ਡਾ. ਰਣਜੀਤ ਸਿੰਘ , ਮਲਕੀਤ ਸਿੰਘ ਦਾਖਾ, ਕ ਕ ਬਾਵਾ,ਰੀਤਿੰਦਰ ਸਿੰਘ ਭਿੰਡਰ, ਗੁਰਪ੍ਰੀਤ ਸਿੰਘ ਤੂਰ, ਡਾ. ਰੁਪਿੰਦਰ ਕੌਰ ਤੂਰ, ਹਰਪ੍ਰੀਤ ਸਿੱਧੂ, ਅਜੀਤਪਾਲ ਸਿੰਘ ਸੰਧੂ ਪਰਿਵਾਰ ਤੋਂ ਇਲਾਵਾ ਬਹੁਤ ਸਾਰੇ ਮੇਰੇ ਲਈ ਅਣਜਾਣੇ ਮੁਹੱਬਤੀ ਚਿਹਰੇ ਵੀ।
ਸਭ ਤੋਂ ਮਹਿੰਗੇ ਪਲ ਸਨ ਸਤਬੀਰ ਕੌਰ ਸੰਧੂ ਦੇ ਸਤਿਕਾਰਯੋਗ ਮਾਤਾ ਜੀ ਨੂੰ ਮਿਲਣਾ। ਅੱਜ ਕੱਲ੍ਹ ਅਮਰੀਕਾ ਤੋਂ ਆਏ ਹੋਏ ਨੇ। ਉਹ ਉਮਰ ਦਰਾਜ਼ ਹਨ ਨੌਵੇਂ ਦਹਾਕੇ ਵਿੱਚ ਪਹੁੰਚੀ ਭਜਨੀਕ ਬਿਰਤੀ। ਯਾਦਾਂ ਦੀਆਂ ਬਹੁਤ ਤੰਦਾਂ ਸਾਂਝੀਆੰ ਹਨ।
ਸੁੱਕੀ ਖੰਘ ਹੋਈ ਹੋਣ ਕਾਰਨ ਮੈਂ ਸਤਬੀਰ ਦੇ ਤਲੇ ਹੋਏ ਕਟਲੈਟਸ ਨਾ ਖਾ ਸਕਿਆ। ਉਹ ਕਿਸੇ ਦਿਨ ਫਿਰ ਖਾ ਲਵਾਂਗਾ।
ਘਰ ਪਰਤਣ ਦੀ ਕਾਹਲ ਨਾ ਹੁੰਦੀ ਤਾਂ ਇਸ ਪ੍ਰਦਰਸ਼ਨੀ ਦੱ ਕਲਾਕਾਰਾਂ ਨੂੰ ਹੋਰ ਵੱਧ ਸਮਾਂ ਮਾਣਦਾ।
ਕਿਸੇ ਘਰ ਵਿੱਚ ਏਨੇ ਬਰਕਤਾਂ ਪਰੁੱਚੇ ਕਲਾਵੰਤ ਪੈਰ ਏਨੀ ਗਿਣਤੀ ਵਿੱਚ ਸ਼ਾਇਦ ਹੀ ਪਏ ਹੋਣ।
ਤੇਜਪਰਤਾਪ ਸਿੰਘ ਸੰਧੂ ਤੇ ਸਤਬੀਰ ਇਸ ਫੋਟੋ ਜਸ਼ਨ ਲਈ ਮੁਬਾਰਕ ਦੇ ਹੱਕਦਾਰ ਹਨ।
ਗੁਰਭਜਨ ਗਿੱਲ

