
ਸੁਰਜੀਤ ਕੌਰ ਧਾਲੀਵਾਲ ਉਮਰ ਦੀਆਂ ਲਗਭਗ 75 ਬਹਾਰਾਂ ਦੇਖ ਚੁੱਕੇ ਹਨ। ਉਹਨਾਂ ਨੇ ਸਕੂਲ ਤੋਂ ਲੈ ਕੇ ਉੱਚ ਸਿੱਖਿਆ ਤੱਕ ਰੰਗ ਮੰਚ ਅਤੇ ਸਭਿਆਚਾਰਕ ਕਿਰਿਆਵਾਂ ਦੇ ਰੂਪ ਵਿੱਚ ਰੰਗ ਢੰਗ ਤਰੀਕਿਆਂ ਨੂੰ ਸਕਾਰਾਤਮਕ ਤੇ ਬੌਧਿਕ ਸਪਰਸ਼ ਦਿੱਤਾ। ਇਹਨਾਂ ਨੇ ਨਾਟਕਾਂ ਵਿੱਚ ਸਕਾਰਾਤਮਕ ਅਤੇ ਨਕਾਰਾਤਮਕ ਭੂਮਿਕਾ ਦੇ ਚਿਤਰਨ ਪੇਸ਼ ਕੀਤੇ। ਕਈ ਮਾਨ ਸਨਮਾਨ ਹਾਸਲ ਕੀਤੇ। ਜ਼ਿੰਦਗੀ ਵਿੱਚ ਵਿਅਕਤੀਤਵ ਤੌਰ ਤੇ ਸੰਘਰਸ਼ ਮਿਹਨਤ ਕਰਦੇ ਹੋਏ ਇੱਕ ਦਲੇਰ, ਨਿਡਰ, ਸਰਲ, ਸਪਸ਼ਟ ਅਤੇ ਪਾਰਦਰਸ਼ੀ ਸੁਭਾਅ ਨੂੰ ਤਰਜੀਹ ਦਿੱਤੀ। ਕ੍ਰਿਤੀਤਵ ਤੌਰ ਤੇ ਉਹਨਾਂ ਲੇਖਣ, ਬੋਲੀਆਂ, ਮੇਲਿਆਂ ਨੂੰ ਜੀਵੰਤ ਰੂਪ ਦਿੱਤਾ। ਅੱਜ ਵੀ ਉਹ ਨਿਡਰ, ਨਿਝੱਕ ਚੇਤਨਾ ਦੇ ਸੱਚੇ ਰੂਪ ਦੀ ਅਗਵਾਈ ਕਰਦੇ ਹਨ।
ਸੁਰਜੀਤ ਕੌਰ — ਜੀਵਨ ਅਤੇ ਸੱਭਿਆਚਾਰਕ ਸਫ਼ਰ
ਸ੍ਰੀਮਤੀ ਸੁਰਜੀਤ ਕੌਰ ਦਾ ਜਨਮ ਪਿੰਡ ਭੰਗਾਂ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਠਾਕੁਰ ਸਿੰਘ ਖਹਿਰਾ ਅਤੇ ਮਾਤਾ ਧੰਨ ਕੌਰ ਦੀ ਕੁੱਖੋਂ ਸੰਨ 1950 ਵਿੱਚ ਹੋਇਆ। ਉਨ੍ਹਾਂ ਨੇ ਚੌਥੀ ਜਮਾਤ ਤੱਕ ਦੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ, ਦਸਵੀਂ ਸਰਕਾਰੀ ਹਾਈ ਸਕੂਲ ਪੱਖੋਵਾਲ ਤੋਂ, ਬੀ.ਏ. ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ (ਲੁਧਿਆਣਾ) ਤੋਂ ਅਤੇ M.A. Economics ਸਰਕਾਰੀ ਕਾਲਜ ਲੁਧਿਆਣਾ ਤੋਂ ਕੀਤੀ। ਇਸ ਤੋਂ ਉਪਰੰਤ ਉਨ੍ਹਾਂ ਨੇ State Bank of India (ਲੁਧਿਆਣਾ) ਵਿੱਚ ਕਲਰਕ ਦੀ ਨੌਕਰੀ ਸ਼ੁਰੂ ਕੀਤੀ।
ਸੰਨ 1971 ਵਿੱਚ ਉਨ੍ਹਾਂ ਦਾ ਵਿਆਹ ਸ. ਗੁਰਮੇਲ ਸਿੰਘ ਧਾਲੀਵਾਲ, ਪੁੱਤਰ ਸ. ਅਰਜਨ ਸਿੰਘ (ਸਰਪੰਚ), ਪਿੰਡ ਲੀਲ, ਜ਼ਿਲ੍ਹਾ ਲੁਧਿਆਣਾ ਨਾਲ ਹੋਇਆ। ਬੈਂਕ ਵਿੱਚ ਦੇਰ ਤੱਕ ਡਿਊਟੀ ਹੋਣ ਕਾਰਨ ਸਹੁਰੇ ਪਰਿਵਾਰ ਦੇ ਕਹਿਣ ’ਤੇ ਉਨ੍ਹਾਂ ਨੂੰ ਬੈਂਕ ਦੀ ਨੌਕਰੀ ਛੱਡਣੀ ਪਈ। ਇਸ ਤੋਂ ਬਾਅਦ ਉਨ੍ਹਾਂ ਨੇ Education College, ਸੁਧਾਰ ਤੋਂ B.Ed. ਕੀਤੀ। ਸਹੁਰੇ ਪਰਿਵਾਰ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ।
ਇਸ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਹਾਈ ਸਕੂਲ ਕਲਸੀਆਂ ਵਿਖੇ S.S. Mistress ਦੀ ਨੌਕਰੀ ਸ਼ੁਰੂ ਕੀਤੀ। ਫਿਰ ਉਨ੍ਹਾਂ ਦੀ ਬਦਲੀ ਸਰਕਾਰੀ ਮਿਡਲ ਸਕੂਲ ਨਰੀਰ ਖੁਰਦ (ਲੁਧਿਆਣਾ) ਵਿਖੇ ਹੋ ਗਈ। ਉੱਥੇ ਦਸ ਸਾਲ ਨੌਕਰੀ ਕਰਨ ਉਪਰੰਤ ਉਹ Economics ਦੇ ਲੈਕਚਰਾਰ ਵਜੋਂ ਤਰੱਕੀ ਪ੍ਰਾਪਤ ਕਰਕੇ ਸ.ਸ.ਸ. ਸਕੂਲ ਪੱਖੋਵਾਲ (ਲੁਧਿਆਣਾ) ਵਿਖੇ ਆ ਗਏ। ਇੱਥੇ ਉਨ੍ਹਾਂ ਨੇ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਵੀ ਨਿਭਾਈ ਅਤੇ ਸੰਨ 2008 ਵਿੱਚ ਸੇਵਾ-ਮੁਕਤ ਹੋ ਗਏ।
ਆਪਣੇ ਪਿਤਾ ਜੀ ਦੀ ਪ੍ਰੇਰਣਾ ਸਦਕਾ ਉਨ੍ਹਾਂ ਨੇ ਤੀਜੀ ਜਮਾਤ ਤੋਂ ਹੀ ਕਵਿਤਾਵਾਂ ਅਤੇ ਬੋਲੀਆਂ ਬੋਲਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸਕੂਲ ਵਿੱਚ ਨਾਟਕਾਂ ਵਿੱਚ ਹਿੱਸਾ ਲੈਣਾ, ਗਿੱਧੇ ਵਿੱਚ ਬੋਲੀਆਂ ਪਾਉਣਾ ਆਦਿ ਉਨ੍ਹਾਂ ਦੇ ਸ਼ੌਕ ਰਹੇ। ਕਾਲਜ ਵਿੱਚ ਵੀ ਉਹ ਨਾਟਕਾਂ ਵਿੱਚ ਭਾਗ ਲੈਂਦੇ ਰਹੇ। Declamation Contest ਵਿੱਚ ਭਾਸ਼ਣ ਬੋਲ ਕੇ ਉਨ੍ਹਾਂ ਨੇ ਕਾਲਜ ਲਈ ਇਨਾਮ ਜਿੱਤੇ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਦਸੰਬਰ 2005 ਵਿੱਚ ਉਹ ਕੈਨੇਡਾ ਚਲੇ ਗਏ। ਕੈਨੇਡਾ ਆ ਕੇ ਵੀ ਉਨ੍ਹਾਂ ਨੇ ਕਵਿਤਾਵਾਂ, ਭਾਸ਼ਣਾਂ ਅਤੇ ਬੋਲੀਆਂ ਦਾ ਸਿਲਸਿਲਾ ਜਾਰੀ ਰੱਖਿਆ। ਕੈਨੇਡਾ ਵਿੱਚ ਪੰਜਾਬੀ ਹੈਰੀਟੇਜ ਸੁਸਾਇਟੀ ਦੇ ਮਾਲਕ ਸ. ਧਰਮਜੀਤ ਸਿੰਘ ਗਿੱਲ ਨੇ ਉਨ੍ਹਾਂ ਦੀ ਮੁਲਾਕਾਤ ਪ੍ਰਸਿੱਧ ਨਾਟਕਕਾਰ ਸ. ਅਜਮੇਰ ਸਿੰਘ ਔਲਖ ਜੀ ਨਾਲ ਕਰਵਾਈ। ਉਨ੍ਹਾਂ ਦੇ ਲਿਖੇ ਨਾਟਕ ‘ਨਿਊ ਜੜ੍ਹ’ ਵਿੱਚ ਸੁਰਜੀਤ ਕੌਰ ਜੀ ਨੇ ਮਾਂ ਦਾ ਕਿਰਦਾਰ ਨਿਭਾਇਆ। ਇਹ ਨਾਟਕ ਐਡਮਿੰਟਨ, ਕੈਲਗਰੀ ਅਤੇ ਸਰੀ ਵਿੱਚ ਪੇਸ਼ ਕੀਤਾ ਗਿਆ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ।
ਉਨ੍ਹਾਂ ਨੇ ਕਈ Short Films ਵਿੱਚ ਵੀ ਹਿੱਸਾ ਲਿਆ ਅਤੇ Shaama Centre ਲਈ ਕਈ Short Films ਲਿਖ ਕੇ ਦਿੱਤੀਆਂ। ਉਹ ਕੈਨੇਡਾ ਵਿੱਚ Teacher Association, Sikh Federation, Shaama Centre ਅਤੇ Heritage Society ਦੇ Executive Group ਦੇ ਮੈਂਬਰ ਰਹੇ ਹਨ। Sikh Federation ਵੱਲੋਂ ਉਨ੍ਹਾਂ ਨੂੰ Volunteer ਵਜੋਂ ਸਨਮਾਨਿਤ ਵੀ ਕੀਤਾ ਗਿਆ।
ਉਨ੍ਹਾਂ ਵੱਲੋਂ ਤੀਆਂ ਦੇ ਮੇਲੇ ਦੌਰਾਨ ਗਿੱਧਾ, ਸੁਹਾਗ, ਘੋੜੀਆਂ, ਸਿੱਠਣੀਆਂ ਅਤੇ ਸੱਭਿਆਚਾਰਕ ਲੰਮੀਆਂ ਹੇਕਾਂ ਵਾਲੇ ਗੀਤਾਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਜੇਤੂਆਂ ਨੂੰ ਸੱਗੀ-ਫੁੱਲ, ਫੁਲਕਾਰੀਆਂ ਆਦਿ ਦੇ ਇਨਾਮ ਦਿੱਤੇ ਜਾਂਦੇ ਹਨ।
18 ਅਕਤੂਬਰ 2023 ਨੂੰ ਸਟਾਰ ਬੈਂਕੁਇਟ ਹਾਲ, ਐਡਮਿੰਟਨ ਵਿਖੇ ਅੰਤਰਰਾਸ਼ਟਰੀ ਪੰਜਾਬੀ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕਵਿਤਾ, ਗੀਤ, ਬੋਲੀਆਂ, ਸੁਹਾਗ ਅਤੇ ਘੋੜੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਵਿੱਚ ਉਨ੍ਹਾਂ ਨੇ “ਬੱਬੇ ਨੰਬਰ ਵਨ” ਦਾ ਖਿਤਾਬ ਜਿੱਤਿਆ। ਜੋਜਾ ਅਤੇ M.L.A. ਸਾਹਿਬ ਵੱਲੋਂ ਉਨ੍ਹਾਂ ਨੂੰ ਫੁਲਕਾਰੀ ਅਤੇ ਸੋਨੇ ਦੀ ਅੰਗੂਠੀ ਨਾਲ ਸਨਮਾਨਿਤ ਕੀਤਾ ਗਿਆ।
ਮੈਡਮ ਜੀ ਦੇ ਬੇਟੇ ਸ. ਨਵਦੀਪ ਸਿੰਘ ਧਾਲੀਵਾਲ ਦੀ 15 ਮਾਰਚ 2024 ਨੂੰ ਕੈਨੇਡਾ ਵਿੱਚ Brain Dead ਹੋਣ ਕਾਰਨ ਮੌਤ ਹੋ ਗਈ। ਉਨ੍ਹਾਂ ਨੇ ਆਪਣੇ ਬੇਟੇ ਦੇ 8 ਅੰਗ ਐਡਮਿੰਟਨ ਦੇ Royal Alexandra Hospital ਵਿੱਚ ਦਾਨ ਕਰ ਦਿੱਤੇ।
ਜੂਨ 2025 ਵਿੱਚ ਉਨ੍ਹਾਂ ਨੂੰ King Charles III Coronation Award ਨਾਲ ਕੈਨੇਡਾ ਦੇ M.P. Tim Uppal ਵੱਲੋਂ ਸਨਮਾਨਿਤ ਕੀਤਾ ਗਿਆ। ਐਡਮਿੰਟਨ ਵਿਖੇ ਹੀ ਇਹਨਾਂ ਨੇ ‘ਬੇਬੇ ਨੰਬਰ 1’ ਦਾ ਖਿਤਾਬ ਹਾਸਲ ਕੀਤਾ ਅਤੇ ਇਹਨਾਂ ਇਕ ਸੋਨੇ ਦੀ ਮੁੰਦਰੀ ਅਤੇ ਕੀਮਤੀ ਫੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਸਾਰੀਆਂ ਸੱਭਿਆਚਾਰਕ ਗਤੀਵਿਧੀਆਂ ਅਤੇ ਜੀਵਨ ਦੇ ਤਜਰਬਿਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਮਨ ਵਿੱਚ ਬੋਲੀਆਂ ਦੀ ਇੱਕ ਕਿਤਾਬ ਛਪਵਾਉਣ ਦਾ ਵਿਚਾਰ ਪੈਦਾ ਹੋਇਆ। ਉਨ੍ਹਾਂ ਦਾ ਉਦੇਸ਼ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਅਮੀਰ ਪੰਜਾਬੀ ਵਿਰਾਸਤ ਅਤੇ ਪੁਰਾਣੇ ਸੱਭਿਆਚਾਰ ਨਾਲ ਜੁੜੀਆਂ ਰਹਿਣ, ਤਾਂ ਜੋ ਸਾਡਾ ਪੰਜਾਬੀ ਸੱਭਿਆਚਾਰ ਸਦਾ ਜੀਵੰਤ ਰਹੇ।
ਬਲਵਿੰਦਰ ਬਾਲਮ ਗੁਰਦਾਸਪੁਰ ਐਡਮਿੰਟਨ ਕਨੇਡਾ
98156-25409

