ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੇ ਪਿੰਡਾਂ ਦੀਆਂ ਸੜਕਾਂ ਤੇ ਪੁਲਾਂ ਦੇ ਨਿਰਮਾਣ ਕਾਰਜਾਂ ਵਿੱਚ ਆਵੇਗੀ ਤੇਜ਼ੀ
ਕੋਟਕਪੂਰਾ/ਫਰੀਦਕੋਟ, 20 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮਾਰਕੀਟ ਕਮੇਟੀ ਦਫ਼ਤਰ ਸਾਦਿਕ ਵਿਖੇ ਚੇਅਰਪਰਸਨ ਮੈਡਮ ਨੀਤੂ ਕਪੂਰ ਸਿੰਗਲਾ ਨੇ ਜੇ.ਈ. (ਸਿਵਲ), ਪੰਜਾਬ ਮੰਡੀ ਬੋਰਡ ਫਰੀਦਕੋਟ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਮਾਰਕੀਟ ਕਮੇਟੀ ਸਾਦਿਕ ਅਧੀਨ ਆਉਂਦੇ ਪਿੰਡਾਂ ਦੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਉਨ੍ਹਾਂ ਐਕਸੀਅਨ (ਸਿਵਲ) ਅਤੇ ਪੰਜਾਬ ਮੰਡੀ ਬੋਰਡ ਦੇ ਹੋਰ ਸਬੰਧਤ ਉੱਚ ਅਧਿਕਾਰੀਆਂ ਨਾਲ ਵੀ ਟੈਲੀਫੋਨ ਰਾਹੀਂ ਗੱਲਬਾਤ ਕਰਕੇ ਚੱਲ ਰਹੇ ਸਾਰੇ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਅਤੇ ਕੰਮ ਦੀ ਰਫ਼ਤਾਰ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ। ਮੀਟਿੰਗ ਦੌਰਾਨ ਪਹਿਲਾਂ ਤੋਂ ਮਨਜ਼ੂਰ ਹੋ ਚੁੱਕੀਆਂ ਸੜਕਾਂ ਦੇ ਕੰਮ ਚਾਰ ਗੁਣਾ ਤੇਜ਼ ਰਫ਼ਤਾਰ ਨਾਲ ਮੁਕੰਮਲ ਕਰਨ, ਨਵੀਆਂ ਸੜਕਾਂ ਦੇ ਮਤੇ ਪਾਸ ਕਰਵਾਉਣ ਅਤੇ ਪਿੰਡਾਂ ਵਿੱਚ ਲੰਬਿਤ ਪਏ ਪੁਲਾਂ ਦੇ ਨਿਰਮਾਣ ਕਾਰਜ ਤੁਰੰਤ ਸ਼ੁਰੂ ਕਰਵਾਉਣ ਸਬੰਧੀ ਅਹਿਮ ਫੈਸਲੇ ਲਏ ਗਏ।
ਚੇਅਰਪਰਸਨ ਨੀਤੂ ਕਪੂਰ ਸਿੰਗਲਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੜਕਾਂ ਦੇ ਨਿਰਮਾਣ ਦੀ ਰਫ਼ਤਾਰ ਦੇ ਨਾਲ-ਨਾਲ ਗੁਣਵੱਤਾ (ਕੁਆਲਿਟੀ) ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਘਟੀਆ ਮਟੀਰੀਅਲ ਦੀ ਵਰਤੋਂ ਸਾਹਮਣੇ ਆਉਣ ‘ਤੇ ਸਬੰਧਤ ਠੇਕੇਦਾਰ ਨੂੰ ਤੁਰੰਤ ਨੋਟਿਸ ਜਾਰੀ ਕਰਕੇ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਪਣੀ ਵਚਨਬੱਧਤਾ ਦੁਹਰਾਉਂਦਿਆਂ ਮੈਡਮ ਸਿੰਗਲਾ ਨੇ ਕਿਹਾ, “ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਸਰਕਾਰ ਵੱਲੋਂ ਮੈਨੂੰ ਸੌਂਪੀ ਗਈ ਇਸ ਸੇਵਾ ਦੀ ਜ਼ਿੰਮੇਵਾਰੀ ਦਾ ਪੂਰਾ ਮੁੱਲ ਅਦਾ ਕਰ ਸਕਾਂ। ਮੇਰੇ ਅਧਿਕਾਰ ਖੇਤਰ ਅਧੀਨ ਕੋਈ ਵੀ ਵਿਕਾਸ ਕਾਰਜ ਅਧੂਰਾ ਨਾ ਰਹੇ ਅਤੇ ਹਰ ਕੰਮ ਸਮੇਂ ਸਿਰ ਤੇ ਪੂਰੀ ਗੁਣਵੱਤਾ ਨਾਲ ਮੁਕੰਮਲ ਹੋਵੇ।”

