ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਸਹੋਤਾ ਨੇ ਦੱਸਿਆ ਕਿ ਸਵੇਰ ਦੀ ਸਭਾ ਦੌਰਾਨ ਮੈਡਮ ਸ੍ਰੀਮਤੀ ਪਰਮਜੀਤ ਕੌਰ ਲੈਕ. ਰਾਜਨੀਤੀ ਵਿਗਿਆਨ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਣ, ਇਸ ਦੀਆਂ ਵਿਸ਼ੇਸ਼ਤਾਵਾਂ ਅਤੇ ਇੱਕ ਆਜ਼ਾਦ ਦੇਸ਼ ਲਈ ਸੰਵਿਧਾਨ ਦੀ ਲੋੜ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਾਲ 2015 ਵਿਚ ਭਾਰਤ ਸਰਕਾਰ ਨੇ 26 ਨਵੰਬਰ ਨੂੰ ਹਰ ਸਾਲ ਸੰਵਿਧਾਨ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਉਸ ਸਮੇਂ ਤੋਂ ਹਰ ਸਾਲ 26 ਨਵੰਬਰ ਨੂੰ ਇਹ ਦਿਨ ਦੇਸ਼ ਭਰ ਵਿਚ ਲਗਾਤਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ 12ਵੀਂ ਸ਼੍ਰੇਣੀ ਦੀ ਵਿਦਿਆਰਥਣ ਅੰਕਿਤਾ ਅਤੇ ਪਰਨੀਤ ਕੌਰ ਨੇ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਸੰਵਿਧਾਨ ਦੀ ਪ੍ਰਸਤਾਵਨਾ, ਜਿਸ ਨੂੰ ਕਿ ਸੰਵਿਧਾਨ ਦੀ ਕੁੰਜੀ ਵੀ ਕਿਹਾ ਜਾਂਦਾ ਹੈ, ਪੜ੍ਹ ਕੇ ਸੁਣਾਈ ਅਤੇ ਇਸ ਦੇ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮੈਡਮ ਚੰਦਨ ਕੌਰ ਸੋਢੀ, ਸ਼ਵਿੰਦਰ ਕੌਰ, ਸੰਦੀਪ ਕੌਰ, ਅਮਨਦੀਪ ਕੌਰ, ਬਲਜੀਤ ਸੰਧੂ, ਅਮਰਜੀਤ ਕੌਰ ਅਤੇ ਕੰਚਨ ਬਾਲਾ ਤੋੰ ਇਲਾਵਾ ਸਮੁੱਚਾ ਸਟਾਫ਼ ਮੌਜੂਦ ਸੀ।

