ਕੋਟਕਪੂਰਾ, 19 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਾਤਾਵਰਣ ਦੀ ਸੰਭਾਲ ਅਤੇ ਹਰਿਆਵਲ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ਹੀਦ ਗੁਰਪ੍ਰੀਤ ਸਿੰਘ ਪੀ.ਐਮ.ਸ਼੍ਰੀ ਸਰਕਾਰੀ ਹਾਈ ਸਕੂਲ, ਢਿੱਲਵਾਂ ਕਲਾਂ ਵਿਖੇ ਪੰਜਾਬ ਪੁਲਿਸ ਦੇ ਸਾਂਝ ਕੇਂਦਰ ਅਤੇ ਸਟੂਡੈਂਟ ਪੁਲਿਸ ਕੈਡੇਟ (ਐੱਸ.ਪੀ.ਸੀ.) ਦੇ ਸਾਂਝੇ ਉਪਰਾਲੇ ਸਦਕਾ ‘ਰੁੱਖ ਮਿੱਤਰ’ ਮੁਹਿੰਮ ਤਹਿਤ ਸਕੂਲ ਕੰਪਲੈਕਸ ਵਿੱਚ ਵੱਖ-ਵੱਖ ਕਿਸਮ ਦੇ ਪੌਦੇ ਲਗਾਏ ਗਏ। ਵਇਸ ਮੌਕੇ ਸਬ-ਡਵੀਜ਼ਨ ਸਾਂਝ ਕੇਂਦਰ ਕੋਟਕਪੂਰਾ ਦੇ ਸਬਇੰਸਪੈਕਟਰ ਜਗਸੀਰ ਸਿੰਘ ਸੰਧੂ, ਜਸਬੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕੌਂਸਲਰ, ਸਕੂਲ ਦੇ ਨੋਡਲ ਇੰਚਾਰਜ ਰੁਪਿੰਦਰ ਸਿੰਘ ਅਤੇ ਸਕੂਲ ਦੇ ਮੁੱਖ ਅਧਿਆਪਕ ਬਲਵਿੰਦਰ ਸਿੰਘ ਨੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿਨੋ ਦਿਨ ਵੱਧ ਰਹੇ ਪ੍ਰਦੂਸ਼ਣ ਕਾਰਨ ਰੁੱਖਾਂ ਦਾ ਬਹੁਤ ਜਿਆਦਾ ਮਹੱਤਵ ਹੈ। ‘ਇੱਕ ਰੁੱਖ ਅੱਜ, ਬਿਹਤਰ ਕੱਲ੍ਹ ਲਈ’ ਦੇ ਨਾਅਰੇ ਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਬਰਸਾਤ ਦੇ ਮੌਸਮ ਵਿੱਚ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਸੁਥਰਾ ਵਾਤਾਵਰਣ ਮਿਲ ਸਕੇ। ਇਸ ਦੌਰਾਨ ਐਸ.ਪੀ.ਸੀ. ਦੇ ਵਿਦਿਆਰਥੀਆਂ ਨੇ ਵਰਦੀਆਂ ਪਾ ਕੇ ਬਹੁਤ ਹੀ ਉਤਸ਼ਾਹ ਨਾਲ ਪੌਦੇ ਲਗਾਉਣ ਦੀ ਸੇਵਾ ਨਿਭਾਈ ਅਤੇ ਪੌਦਿਆਂ ਦੀ ਦੇਖ ਭਾਲ ਕਰਨ ਦਾ ਪ੍ਰਣ ਲਿਆ। ਸਕੂਲ ਦੇ ਮੁੱਖ ਅਧਿਆਪਕ ਬਲਵਿੰਦਰ ਸਿੰਘ ਨੇ ਆਏ ਹੋਏ ਪੁਲਿਸ ਅਧਿਕਾਰੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਕਤ ਉਪਰਾਲੇ ਨੂੰ ਇੱਕ ਸ਼ਲਾਘਾਯੋਗ ਕਦਮ ਦਸਿਆ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

