ਅੰਮ੍ਰਿਤਸਰ ਤੋਂ ਛਪਦੇ ਸਾਹਿੱਤਕ ਚੌਮਾਸਿਕ ਪੱਤਰ “ਸੁਰਤਿ” ਦਾ ਵਰਖਾ ਰੁੱਤ ਅੰਕ ਜਦ ਕੱਲ੍ਹ ਦੁਪਹਿਰੇ ਡਾਕ ਰਾਹੀਂ ਮਿਲਿਆ ਤਾਂ ਪੰਜਾਬੀ ਸ਼ਾਇਰ ਦਰਸ਼ਨ ਬੁੱਟਰ ਮੇਰੇ ਕੋਲ ਬੈਠਾ ਸੀ। ਭਾਸ਼ਾ ਵਿਭਾਗ ਦੇ ਪੁਰਸਕਾਰਾਂ ਵਾਲੀ ਤਰੀਕ ਭੁਗਤ ਕੇ ਕਚਹਿਰੀਉਂ।
ਮੈਂ ਕਹਿ ਰਿਹਾ ਸੀ ਉਸਨੂੰ ਕਿ
“ਤੇਰੇ ਯਾਰ ਦੀਆਂ ਨਾਭੇ ਪੈਣ ਤਰੀਕਾਂ”
ਤਾਂ ਸੁਣਿਆ ਸੀ ਪਰ ਉਲਟੇ ਬਾਂਸ ਲੁਧਿਆਣੇ ਨੂੰ ਕਿਵੇ?ਉਹ ਕਹਿ ਰਿਹਾ ਸੀ ਬਈ “ਇਸ ਬਹਾਨੇ ਹਰ ਵਾਰ ਮਿੱਤਰਾਂ ਨੂੰ ਮਿਲ ਲਈਦਾ ਹੈ।” ਕੇਵਲ ਧਾਲੀਵਾਲ ਵੀ ਆਇਆ ਸੀ ਤਰੀਕ ਤੇ। ਪੰਜ ਸਾਲ ਪਹਿਲਾਂ ਪੁਰਸਕਾਰ ਦੇਣ ਵਾਲੀ ਕਮੇਟੀ ਵਿੱਚ ਹੋਣ ਕਾਰਨ। ਪਿਛਲੇ ਦਸ ਸਾਲਾਂ ਦੇ ਪੁਰਸਕਾਰ ਇਸ ਕਾਰਨ ਨਹੀਂ ਮਿਲ ਰਹੇ। ਕੁਝ ਇਨਾਮ ਜੇਤੂ ਤਾਂ ਚੜ੍ਹਾਈ ਕਰ ਗਏ, ਕੁਝ ਤਿਆਰ ਬੈਠੇ ਨੇ।
ਦਰਸ਼ਨ ਬੁੱਟਰ ਨਾਲ ਬਹਿ ਕੇ ਪਤਾ ਲੱਗਦਾ ਹੈ ਕਿ ਨਿੱਕੀਆਂ ਕਵਿਤਾਵਾਂ ਦੇ ਵੀ ਵੱਡੇ ਅਰਥ ਹੋ ਸਕਦੇ ਨੇ। ਲਗਪਗ ਤਿੰਨ ਘੰਟੇ ਉਸ ਦੀ ਨਵੀਂ ਕਾਵਿ ਕਿਤਾਬ ਦਾ ਮਸੌਦਾ ਵਿਚਾਰਿਆ। ਬਹੁਤ ਕੁਝ ਸੱਜਰਾ ਸੱਜਰਾ। ਉਡੀਕ ਰਹੇਗੀ ਨਵੀਂ ਨਵੇਲੀ ਕਿਤਾਬ ਦੀ।
“ਸੁਰਤਿ” ਦਾ ਨਵਾਂ ਅੰਕ ਅਜੇ ਫੋਲ ਹੀ ਰਹੇ ਸਾਂ ਤਾਂ ਸੁਰਤਿ ਦੇ ਸੰਪਾਦਕ ਡਾ. ਗੁਰਬੀਰ ਬਰਾੜ ਦਾ ਫੋਨ ਆ ਗਿਆ।
ਸੁਨੇਹਾ ਸੀ ਡਾ. ਸ ਸ ਜੌਹਲ ਸਾਹਿਬ ਨੂੰ ਪਰਚਾ ਆਪ ਦੇ ਕੇ ਆਇਉ! ਉਨ੍ਹਾਂ ਬਾਰੇ ਤੀਹ ਚਾਲ਼ੀ ਸਫਿਆਂ ਦਾ ਮੈਟਰ ਹੈ। ਪ੍ਰਿੰਸੀਪਲ ਸਰਵਣ ਸਿੰਘ ਤੇ ਸਾਂਵਲ ਧਾਮੀ ਦਾ ਲਿਖਿਆ ਲਿਖਾਇਆ।
ਇੱਕ ਇੱਕ ਕਾਪੀ ਲੋਚੀ ਤੇ ਮਨਜਿੰਦਰ ਨੂੰ ਦੇ ਦੇਣਾ। ਉਨ੍ਹਾਂ ਦੀਆਂ ਇਸ ਵਿੱਚ ਗ਼ਜ਼ਲਾਂ ਨੇ।
ਮੈਂ ਕਿਹਾ, ਬੁੱਟਰ ਨੂੰ ਦੇ ਦਿਆਂ ਪਰਚਾ।
ਉਸ ਕਿਹਾ ਕਿ ਨਾ ਦਿਉ, ਇਹ ਕਿੰਨੀ ਵਾਰ ਕਹਿਣ ਤੇ ਵੀ ਕਵਿਤਾਵਾਂ ਨਹੀਂ ਭੇਜਦਾ।
ਫਿਰ ਬੋਲਿਆ,
ਚਲੋ! ਦੇ ਦਿਉ, ਫਿਰ ਵੀ ਆਪਣਾ ਪ੍ਰਧਾਨ ਹੈ।
ਪਰਚੇ ਵਿੱਚ ਬਹੁਤ ਕੁਝ ਨਵਾਂ ਨਵੇਲਾ ਹੈ। ਪਰਵੇਜ਼ ਸੰਧੂ ਦੀ ਕਹਾਣੀ ਹੈ” ਇੱਕ ਜੋੜੀ ਉਕਾਬਾਂ ਦੀ”। ਤ੍ਰਿਪਤਾ ਕੇ ਸਿੰਘ, ਸਰਘੀ, ਅਜਮੇਰ ਰੋਡੇ, ਅਲੀ ਉਸਮਾਨ ਬਾਜਵਾ, ਜਿੰਦਰ ਤੇ ਨਵੇਂ ਕਹਾਣੀਕਾਰ ਸਰਬਾਜ਼ ਦੀਆਂ ਵੀ ਕਹਾਣੀਆਂ ਨੇ।
ਧੁੱਪ ਦਰਿਆ ਦੀ ਦੋਸਤੀ ਨਾਵਲ ਦੇ ਸਿਰਜਕ ਤੇ ਕਹਾਣੀਕਾਰ ਵੀ ਡਾ. ਜਗਜੀਤ ਬਰਾੜ ਦਾ ਲੇਖ ਹੈ ਅਮਰੀਕੀ ਪੰਜਾਬੀ ਕਹਾਣੀ ਬਾਰੇ।
ਡਾ. ਬਰਾੜ ਅਮਰੀਕਾ ਵੱਸਦੇ ਨੇ। ਪੀ ਏ ਯੂ ਲੁਧਿਆਣਾ ਦੇ ਬਹੁਤ ਚਿਰ ਪਹਿਲਾਂ ਵਿਦਿਆਰਥੀ ਸਨ। ਡਾ. ਰਣਧੀਰ ਸਿੰਘ ਚੰਦ ਮੂੰਹੋਂ ਪਹਿਲੀ ਵਾਰ ਡਾ. ਬਰਾੜ ਦਾ ਨਾਮ ਸੁਣਿਆ ਸੀ ਤੇ ਡਾ. ਸ ਪ ਸਿੰਘ ਕੋਲੋਂ ਲੈ ਕੇ ਨਾਵਲ ਪੜ੍ਹਿਆ ਸੀ ਪੰਜਾਹ ਸਾਲ ਪਹਿਲਾਂ।
ਇਸ ਅੰਕ ਵਿੱਚ ਬਲਦੇਵ ਧਾਲੀਵਾਲ ਨੇ ਸੁਖਜੀਤ ਦੀਆਂ ਕਹਾਣੀਆਂ ਬਾਰੇ, ਬਲਦੇਵ ਸਿੰਘ ਮੋਗਾ ਨੇ ਢਾਹਾਂ ਪੁਰਸਕਾਰ ਵੇਲੇ ਮਿਲੇ ਆਦਰ ਤੇ ਖਿੱਚ ਧੂਹ ਦਾ ਜੀਵੰਤ ਜ਼ਿਕਰ ਕੀਤੈ। ਬੂਟਾ ਸਿੰਘ ਚੌਹਾਨ ਕੇ ਸੁਰਿੰਦਰ ਦਾਊਮਾਜਰਾ ਵੀ ਹਾਜ਼ਰ ਨੇ। ਗੌਰੀ ਗਿੱਲ ਦੀਆਂ ਖਿੱਚੀਆਂ ਸਿਰਜਣਾਤਮਕ ਤਸਵੀਰਾਂ ਦਾ ਰੰਗ ਨਵੇਲਾ ਹੈ।
ਪਰਵੇਜ਼ ਸੰਧੂ ਦੀ ਨਵੀਂ ਕਹਾਣੀ ਕਿਤਾਬ “ਪਰ ਹੀਣ ਪਰਿੰਦੇ” ਬਾਰੇ ਡਾ. ਹਰਿਭਜਨ ਸਿੰਘ ਭਾਟੀਆ ਦੀ ਵਿਸ਼ਾਲ ਪਰਤਾਂ ਫੋਲਦਾ ਰੀਵੀਉ ਹੈ। ਵਰਿਆਮ ਸਿੰਘ ਸੰਧੂ, ਜਸਵੰਤ ਦੀਦ ਤੇ ਹਰਕੀਰਤ ਕੌਰ ਚਾਹਲ ਦੀਆਂ ਨਵੀਆਂ ਕਿਤਾਬਾਂ ਦੇ ਮੁਲਾਂਕਣ ਨੇ। ਪ੍ਰਵਾਸ ਦੇ ਦੂਹਰੇ ਦਬਾਅ ਹੇਠ ਪੰਜਾਬ ਬਾਰੇ ਡਾ. ਗੁਰਮੁਖ ਸਿੰਘ ਤੇ ਡਾ, ਗੁਰਪ੍ਰੀਤ ਦੇ ਨਾਲ ਹੀ ਡਾ. ਪਰਮਜੀਤ ਢੀਂਗਰਾ, ਜਸਬੀਰ ਭੁੱਲਰ, ਡਾ. ਪ੍ਰੇਮ ਸਿੰਘ ਮਾਨ, ਗੁਰਬਚਨ,ਡਾ. ਗੁਰਉਪਦੇਸ਼ ਸਿੰਘ, ਪ੍ਰੋ. ਪ੍ਰੀਤਮ ਸਿੰਘ ਔਕਸਫੋਰਡ, ਲਲਿਤ ਕੁਮਾਰ ,ਮਨਜੀਤ ਪੁਰੀ, ਸੁਕੀਰਤ, ਗੁਰਪ੍ਰੀਤ ਮਾਨਸਾ ਤੇ ਹ ਸ ਡਿੰਪਲ ਦੀਆਂ ਲਿਖਤਾਂ ਵੀ ਨੇ। ਸਤਲੁਜ ਫਿਲਮ ਬਾਰੇ ਡਾ. ਗੁਰਮੁਖ ਸਿੰਘ ਦਾ ਲੇਖ ਵਿਸ਼ੇਸ਼ ਰੂਪ ਵਿੱਚ ਪੇਸ਼ ਪੇਸ਼ ਹੈ। ਟਾਂਗੇ ਤੇ ਬਾਂਸ ਤੇ ਬੈਠੀ ਸਵਾਰੀ ਵਾਂਗ ਮੈਂ ਵੀ ਪਰਚੇ ਵਿੱਚ ਹਾਜ਼ਰ ਹਾਂ। ਸੁਖਬੀਰ ਸਿੰਘ ਸੰਧੂ ਤੇ ਉਸ ਦੀ 53 ਸਾਲ ਪਰਿਲਾਂ ਛਪੀ ਗ਼ਜ਼ਲ ਪੁਸਤਕ “ਪਾਇਲ” ਦੇ ਪੁਨਰ ਪ੍ਰਕਾਸ਼ਨ ਹਵਾਲੇ ਨਾਲ।
ਇਹ ਓਹੀ ਸੁਖਬੀਰ ਹੈ ਜਿਸ ਦੀ ਗ਼ਜ਼ਲ
ਤਰਵੰਜਾ
ਉਸ ਬੇ-ਵਫ਼ਾ ਦੀ ਯਾਦ ਵਿਚ, ਰੋਇਆ ਕਰਾਂ ਕਿ ਨਾ।
ਬੀਤੇ ਦਿਨਾਂ ਦੀ ਫੇਰ ਤਮੰਨਾ ਕਰਾਂ ਕਿ ਨਾ।
ਸੁਣਿਆ ਹੈ ਰਾਤ ਗ਼ੈਰ ਨੂੰ ਸੁਪਨੇ ਚ ਮਿਲੇ ਹੋ,
ਦੱਸੋ ਤੁਸੀਂ ਹੀ ਏਸ ਦਾ ਸ਼ਿਕਵਾ ਕਰਾਂ ਕਿ ਨਾ।
ਮੈਨੂੰ ਤੇਰੀ ਉਡੀਕ ਹੈ, ਮੇਰੀ ਹੈ ਮੌਤ ਨੂੰ,
ਕਹਿ ਦੇ ਜ਼ਰਾ ਕਿ ਜਾਣ ਦਾ ਵਾਅਦਾ ਕਰਾਂ ਕਿ ਨਾ ।
ਇਹ ਸੋਚਦਾ ਹੀ ਸੋਚਦਾ ਕਾਅਬੇ ਤੋਂ ਮੁੜ ਪਿਆ,
ਤੇਰੀ ਦਲੀਜ਼ ਤੋਂ ਬਿਨਾਂ ਸਜਦਾ ਕਰਾਂ ਕਿ ਨਾ।
ਉਹ ਗੱਲ ਮੇਰੇ ਪਿਆਰ ਦੀ ਲੋਕਾਂ ਨੇ ਜਾਣ ਲਈ,
ਮੈਂ ਸਾਂ ਅਜੇ ਵਿਚਾਰਦਾ ਚਰਚਾ ਕਰਾਂ ਕਿ ਨਾ।
🟢
ਨੂੰ ਨੁਸਰਤ ਫਤਹਿ ਅਲੀ ਖਾਂ, ਮਰਾਤਬ ਅਲੀ, ਨਸੀਬੋ ਲਾਲ ਤੇ ਅਕਰਮ ਰਾਹੀ ਸਮੇਤ ਸੈਂਕੜੇ ਗਾਇਕ ਗਾਉਂਦੇ ਹਨ ਬੇਨਾਮ ਸ਼ਾਇਰੀ ਰਚਨਾ ਕਹਿ ਕੇ। ਕਈ ਏਧਰਲੇ ਅਨਪੜ੍ਹ ਇਹ ਗ਼ਜ਼ਲ ਸ਼ਿਵ ਕੁਮਾਰ ਦੇ ਖਾਤੇ ਵਿੱਚ ਵੀ ਪਾਉਂਦੇ ਨੇ। ਵਿਚਾਰੇ।
ਕਵੀ ਵੀ ਬਹੁਤ ਹਨ। ਅਫ਼ਜ਼ਲ ਸਾਹਿਰ, ਕੁਲਵਿੰਦਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ,ਸਤੀਸ਼ ਗੁਲਾਟੀ, ਗੁਰਤੇਜ ਕੋਹਾਰਵਾਲਾ, ਹਰਜਿੰਦਰ ਕੰਗ ਗ਼ਜ਼ਲਾਂ ਸਮੇਤ।
ਆਜ਼ਾਦ ਨਜ਼ਮ ਦੇ ਸ਼ਾਇਰ ਨਵਤੇਜ ਭਾਰਤੀ, ਪਰਮਿੰਦਰ ਸੋਢੀ, ਅਮਰਜੀਤ ਗਰੇਵਾਲ, ਸਵਰਨਜੀਤ ਸਵੀ, ਜਗਤਾਰ ਢਾਅ, ਦਰਸ਼ਨ ਬੁਲੰਦਵੀ, ਸੁਰਿੰਦਰ ਗੀਤ, ਅਮਰਜੀਤ ਕੌਂਕੇ, ਹਰਮੀਤ ਵਿਦਿਆਰਥੀ, ਅਜੈ ਤਨਵੀਰ, ਡਾ. ਲਖਵਿੰਦਰ ਸਿੰਘ ਗਿੱਲ, ਸੰਦੀਪ ਜਸਵਾਲ, ਸੁਖਵਿੰਦਰ। ਰਾਜਵਿੰਦਰ ਬਰਾੜ ਤੇ ਸੰਦੀਪ ਚੌਹਾਨ ਵੀ।
ਨਿਰਲੇਪ ਸਿੰਘ ਨੇ ਸੁਰਖ਼ਾਬ ਦੀ ਪਲੇਠੀ ਕਾਵਿ ਕਿਤਾਬ “ ਵੈਤਰਣੀ” ਸੰਗ ਵਿਚਰਦਿਆਂ ਲਿਖਿਆ ਹੈ। ਚਸ਼ਮੇ ਬਦ ਦੂਰ।
ਗੁਰਭਜਨ ਗਿੱਲ

