ਭਾਰਤੀ ਕੌਂਸਲੇਟ ਵੈਨਕੂਵਰ ਵੱਲੋਂ ਹਿੰਦੂ ਹੈਰੀਟੇਜ ਮੰਥ ਨੂੰ ਸਮਰਪਿਤ ਬਹੁ-ਧਰਮੀ ਕਾਨਫਰੰਸ ਕਰਵਾਈ
ਵੈਨਕੂਵਰ, 28 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਕੈਨੇਡਾ ਦੇ ਬਹੁ-ਸੱਭਿਆਚਾਰਕ ਸਮਾਜ ਵਿੱਚ ਆਪਸੀ ਸਦਭਾਵਨਾ, ਧਾਰਮਿਕ ਸਹਿਣਸ਼ੀਲਤਾ ਅਤੇ ਵੱਖ-ਵੱਖ ਭਾਈਚਾਰਿਆਂ ਵਿਚਕਾਰ ਸਵੀਕਾਰਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤ ਦੇ ਕੌਂਸਲੇਟ ਜਨਰਲ ਵੈਨਕੂਵਰ ਵੱਲੋਂ ਹਿੰਦੂ ਹੈਰੀਟੇਜ ਮੰਥ ਨੂੰ ਸਮਰਪਿਤ ਇਕ ਬਹੁ-ਧਰਮੀ ਕਾਨਫਰੰਸ ਕਰਵਾਈ ਗਈ। ‘ਸਹਿਣਸ਼ੀਲਤਾ ਤੋਂ ਸਵੀਕਾਰਤਾ ਵੱਲ’ ਵਿਸ਼ੇ ’ਤੇ ਆਧਾਰਿਤ ਇਸ ਵਿਚਾਰ-ਚਰਚਾ ਵਿੱਚ ਵੱਖ-ਵੱਖ ਧਰਮਾਂ ਦੇ ਨੁਮਾਇੰਦਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਕਾਨਫਰੰਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਡਾ. ਰਿਸ਼ੀ ਸਿੰਘ ਨੇ ਕਿਹਾ ਕਿ ਅੱਜ ਦੇ ਆਪਸ ਵਿੱਚ ਜੁੜੇ ਹੋਏ, ਪਰ ਕਈ ਵਾਰ ਵੰਡੇ ਹੋਏ ਵਿਸ਼ਵ ਵਿੱਚ ਸਿਰਫ਼ ਧਾਰਮਿਕ ਸਹਿਣਸ਼ੀਲਤਾ ਹੀ ਕਾਫ਼ੀ ਨਹੀਂ, ਸਗੋਂ ਇਕ-ਦੂਜੇ ਦੇ ਵਿਸ਼ਵਾਸਾਂ, ਪਛਾਣਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਦਿਲੋਂ ਸਵੀਕਾਰ ਕਰਨਾ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਅਨੁਸਾਰ ਸਹਿਣਸ਼ੀਲਤਾ ਸਾਨੂੰ ਇਕੱਠੇ ਰਹਿਣ ਦੀ ਆਗਿਆ ਦਿੰਦੀ ਹੈ, ਸਵੀਕਾਰਤਾ ਸਾਨੂੰ ਵਿਭਿੰਨਤਾ ਨੂੰ ਅਪਣਾਉਣਾ ਸਿਖਾਉਂਦੀ ਹੈ ਅਤੇ ਆਪਸੀ ਸਹਿਯੋਗ ਸਮਾਜ ਨੂੰ ਬਿਹਤਰ ਬਣਾਉਣ ਦਾ ਰਾਹ ਖੋਲ੍ਹਦਾ ਹੈ।
ਡਾ. ਸਿੰਘ ਨੇ ਕਿਹਾ ਕਿ ਵੈਨਕੂਵਰ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਭਾਰਤੀ ਭਾਈਚਾਰੇ, ਖ਼ਾਸ ਕਰਕੇ ਸਿੱਖ ਅਤੇ ਪੰਜਾਬੀ ਭਾਈਚਾਰੇ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਰਿਹਾ ਹੈ। ਇਸ ਦੇ ਨਾਲ ਹੀ ਭਾਰਤ ਦੀ ਵਿਸ਼ਾਲ ਸੱਭਿਅਤਾਈ ਵਿਰਾਸਤ, ਵੱਖ-ਵੱਖ ਧਰਮਾਂ, ਦਰਸ਼ਨ-ਪਰੰਪਰਾਵਾਂ ਅਤੇ ਅਧਿਆਤਮਿਕ ਵਿਚਾਰਧਾਰਾਵਾਂ ਨੂੰ ਵੀ ਵਿਆਪਕ ਪੱਧਰ ’ਤੇ ਸਮਝਣ ਅਤੇ ਸਾਂਝਾ ਕਰਨ ਦੀ ਲੋੜ ਹੈ। ਅਜਿਹੇ ਸਮਾਗਮ ਵੱਖ-ਵੱਖ ਭਾਈਚਾਰਿਆਂ ਨੂੰ ਇਕ-ਦੂਜੇ ਦੇ ਨੇੜੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਡਾ. ਰਿਸ਼ੀ ਸਿੰਘ ਨੇ ਨੌਜਵਾਨ ਪੀੜ੍ਹੀ ਲਈ ਅਜਿਹੀਆਂ ਵਿਚਾਰ-ਚਰਚਾਵਾਂ ਨੂੰ ਵਿਸ਼ੇਸ਼ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਬਹੁ-ਸੱਭਿਆਚਾਰਕ ਸਮਾਜ ਵਿੱਚ ਵੱਖ-ਵੱਖ ਧਰਮਾਂ, ਸੱਭਿਆਚਾਰਾਂ ਅਤੇ ਵਿਚਾਰਧਾਰਾਵਾਂ ਬਾਰੇ ਜਾਣਕਾਰੀ ਤੇ ਸਮਝ ਹੋਣੀ ਜ਼ਿੰਮੇਵਾਰ ਨਾਗਰਿਕਤਾ ਦਾ ਅਹਿਮ ਹਿੱਸਾ ਹੈ। ਅਜਿਹੇ ਉਪਰਾਲੇ ਭਾਰਤ ਦੀ ਅਮੀਰ ਅਧਿਆਤਮਿਕ ਅਤੇ ਦਾਰਸ਼ਨਿਕ ਵਿਰਾਸਤ ਨੂੰ ਪੂਰਵ-ਧਾਰਨਾਵਾਂ ਤੋਂ ਉੱਪਰ ਉੱਠ ਕੇ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ।
ਉਨ੍ਹਾਂ ਨੇ ਭਾਰਤ ਦੇ ਕੌਂਸਲ ਜਨਰਲ ਮਾਸਾਇਕੋ ਰੁੰਗਸੁੰਗ ਦੇ ਭਾਈਚਾਰਕ ਸੰਪਰਕਾਂ ਅਤੇ ਸੱਭਿਆਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੀਨੀਅਰ ਨਾਗਰਿਕਾਂ ਦੇ ਲਾਈਫ ਸਰਟੀਫਿਕੇਟ ਸਬੰਧੀ ਕੰਮਾਂ ਵਿੱਚ ਸਹਾਇਤਾ ਵਰਗੇ ਵਿਹਾਰਕ ਉਪਰਾਲੇ ਕੂਟਨੀਤੀ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਲੋਕ-ਸੇਵਾ ਨਾਲ ਜੋੜਨ ਦੀ ਚੰਗੀ ਮਿਸਾਲ ਹਨ।
ਕਾਨਫਰੰਸ ਵਿੱਚ ਛੇ ਧਾਰਮਿਕ ਪਰੰਪਰਾਵਾਂ ਦੀ ਨੁਮਾਇੰਦਗੀ ਕਰਦਿਆਂ ਜਯਾ ਮਜ਼ੂਮਦਾਰ (ਹਿੰਦੂ), ਫੌਜ਼ੀਆ ਭਾਟੀਆ (ਇਸਮਾਈਲੀ), ਕਾਲਾ ਸਿੰਘ (ਸਿੱਖ), ਅਰਨੈਸਟ ਐਨ.ਜੀ. (ਬੁੱਧ ਧਰਮ), ਮੈਥਿਊ ਕੋਸ਼ੀ (ਈਸਾਈ) ਅਤੇ ਸਾਹਿਲ ਜੈਨ (ਜੈਨ ਧਰਮ) ਨੇ ਭਾਗ ਲਿਆ। ਵਿਚਾਰ-ਚਰਚਾ ਦਾ ਸੰਚਾਲਨ ਡਾ. ਰਿਸ਼ੀ ਸਿੰਘ ਨੇ ਕੀਤਾ।
ਬੁਲਾਰਿਆਂ ਨੇ ਆਪਣੇ-ਆਪਣੇ ਧਰਮਾਂ ਅਤੇ ਪਰੰਪਰਾਵਾਂ ਦੇ ਹਵਾਲੇ ਨਾਲ ਦਇਆ, ਨਿਮਰਤਾ, ਸੇਵਾ, ਸ਼ਾਂਤੀ, ਸਤਿਕਾਰ ਅਤੇ ਮਨੁੱਖੀ ਮਾਣ-ਮਰਿਆਦਾ ਵਰਗੀਆਂ ਸਾਂਝੀਆਂ ਕਦਰਾਂ-ਕੀਮਤਾਂ ’ਤੇ ਚਾਨਣਾ ਪਾਇਆ। ਉਨ੍ਹਾਂ ਦਾ ਮੰਨਣਾ ਸੀ ਕਿ ਧਰਮ ਜਦੋਂ ਮਨੁੱਖਤਾ ਦੀ ਭਾਵਨਾ ਨਾਲ ਜੁੜਦਾ ਹੈ ਤਾਂ ਉਹ ਵੰਡੀਆਂ ਪਾਉਣ ਦੀ ਬਜਾਏ ਲੋਕਾਂ ਨੂੰ ਜੋੜਨ ਵਾਲਾ ਪੁਲ ਬਣ ਜਾਂਦਾ ਹੈ।

