ਨਰਿੰਦਰ ਰਾਠੌਰ ਦੀ ਅਗਵਾਈ ਹੇਠ ਗ੍ਰਾਂਟ ਲਈ ਸੌਂਪਿਆ ਮੰਗ ਪੱਤਰ
ਕੋਟਕਪੂਰਾ, 18 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਆਪਣੀ ਸਾਈਕਲ ਯਾਤਰਾ ਦੌਰਾਨ ਅੱਜ ਜਦੋਂ ਕੋਟਕਪੂਰਾ ਵਿਖੇ ਪਹੁੰਚੇ, ਤਾਂ ਉਹ ਵਿਸ਼ੇਸ਼ ਤੌਰ ‘ਤੇ ਸਥਾਨਕ ਡਾ. ਭੀਮ ਰਾਓ ਅੰਬੇਡਕਰ ਲਾਇਬ੍ਰੇਰੀ ਵਿਖੇ ਨਤਮਸਤਕ ਹੋਣ ਅਤੇ ਪ੍ਰਬੰਧਕਾਂ ਨਾਲ ਮੁਲਾਕਾਤ ਕਰਨ ਲਈ ਪੁੱਜੇ। ਇਸ ਮੌਕੇ ਲਾਇਬ੍ਰੇਰੀ ਸੁਸਾਇਟੀ ਦੇ ਪ੍ਰਮੁੱਖ ਆਗੂ ਸ਼੍ਰੀ ਨਰਿੰਦਰ ਰਾਠੌਰ ਦੀ ਅਗਵਾਈ ਹੇਠ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸਾਬਕਾ ਮੁੱਖ ਮੰਤਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਸੁਸਾਇਟੀ ਦੇ ਵਫ਼ਦ ਨੇ ਲਾਇਬ੍ਰੇਰੀ ਦੇ ਸੁਚਾਰੂ ਪ੍ਰਬੰਧਾਂ, ਵਿਦਿਆਰਥੀਆਂ ਲਈ ਲੋੜੀਂਦੀਆਂ ਕਿਤਾਬਾਂ ਅਤੇ ਇਮਾਰਤ ਦੇ ਵਿਕਾਸ ਕਾਰਜਾਂ ਲਈ ਵਿਸ਼ੇਸ਼ ਗ੍ਰਾਂਟ ਜਾਰੀ ਕਰਵਾਉਣ ਸਬੰਧੀ ਇੱਕ ਵਿਸਥਾਰਪੂਰਵਕ ਮੰਗ ਪੱਤਰ ਸ. ਚੰਨੀ ਨੂੰ ਸੌਂਪਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੁਸਾਇਟੀ ਵੱਲੋਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸਿੱਖਿਆ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਲਾਇਬ੍ਰੇਰੀ ਦੀ ਬਿਹਤਰੀ ਅਤੇ ਲੋੜੀਂਦੀ ਗ੍ਰਾਂਟ ਦਿਵਾਉਣ ਲਈ ਉਹ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਕਾਂਗਰਸ ਪਾਰਟੀ ਦੇ ਕੋਟਕਪੂਰਾ ਹਲਕਾ ਇੰਚਾਰਜ ਸ. ਅਜੈਪਾਲ ਸਿੰਘ ਸੰਧੂ, ਸ਼੍ਰੀਮਤੀ ਗੁਰਬਿੰਦਰ ਕੌਰ ਸਮੇਤ ਲਾਇਬ੍ਰੇਰੀ ਸੁਸਾਇਟੀ ਦੇ ਹੋਰ ਮੈਂਬਰ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

