
ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਲਵਰ ਓਕਸ ਸਕੂਲ ਸੇਵੇਵਾਲਾ ਵੱਲੋਂ ਛੇਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਾਜਸਥਾਨ ਦੇ ਪ੍ਰਸਿੱਧ ਇਤਿਹਾਸਕ ਸ਼ਹਿਰ ਜੈਸਲਮੇਰ ਦਾ ਚਾਰ-ਦਿਨਾਂ ਵਿੱਦਿਅਕ ਤੇ ਸੱਭਿਆਚਾਰਕ ਟੂਰ (10 ਅਕਤੂਬਰ 2026 ਤੋਂ 13 ਅਕਤੂਬਰ 2026) ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਟੂਰ ਦੇ ਪਹਿਲੇ ਪੜਾਅ ਵਿੱਚ ਵਿਦਿਆਰਥੀ ਥਾਰ ਰੇਗਿਸਤਾਨ ਦੇ ਪ੍ਰਸਿੱਧ ‘ਸੈਮ ਸੈਂਡ ਡਿਊਨਸ’ ਵਿਖੇ ਪਹੁੰਚੇ। ਇੱਥੇ ਵਿਦਿਆਰਥੀਆਂ ਨੇ ਰੇਤ ਦੇ ਵਿਸ਼ਾਲ ਟਿੱਬਿਆਂ ਵਿਚਕਾਰ ਜੀਪ ਦੀ ਸਵਾਰੀ ਦੇ ਨਾਲ-ਨਾਲ ਊਠ ਦੀ ਸਵਾਰੀ ਦਾ ਅਨੰਦ ਲਿਆ ਅਤੇ ‘ਸਨਸੈੱਟ ਪੁਆਇੰਟ’ ਤੋਂ ਡੁੱਬਦੇ ਸੂਰਜ ਦਾ ਰੰਗ-ਬਿਰੰਗਾ ਮਨਮੋਹਕ ਦ੍ਰਿਸ਼ ਦੇਖਿਆ। ਰਾਤ ਸਮੇਂ ਡੈਜ਼ਰਟ ਕੈਂਪ ਵਿੱਚ ਠਹਿਰਾਅ ਦੌਰਾਨ ਰਾਜਸਥਾਨੀ ਲੋਕ ਸੰਗੀਤ ਅਤੇ ਲੋਕ ਨਾਚ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਜੈਸਲਮੇਰ ਸ਼ਹਿਰ ਦੇ ਮੁੱਖ ਆਕਰਸ਼ਣਾਂ ਦਾ ਦੌਰਾ ਕੀਤਾ। ਵਿਦਿਆਰਥੀਆਂ ਨੇ ’ਸੋਨਾਰ ਕਿਲ੍ਹਾ ਜਾਂ ‘ਗੋਲਡਨ ਫੋਰਟ’ ਵਜੋਂ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਕਿਲ੍ਹੇ ਦਾ ਦੌਰਾ ਕੀਤਾ ਅਤੇ ਇਸ ਕਿਲ੍ਹੇ ਦੀ ਸ਼ਾਨਦਾਰ ਬਨਾਵਟ ਅਤੇ ਰਾਜਪੂਤਾਨਾ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪਟਵੋਂ ਕੀ ਹਵੇਲੀ ਵਿੱਚ ਪੰਜ ਹਵੇਲੀਆਂ ਦੇ ਇਸ ਸਮੂਹ ਵਿੱਚ ਵਿਦਿਆਰਥੀਆਂ ਨੇ ਪੱਥਰਾਂ ’ਤੇ ਕੀਤੀ ਬਾਰੀਕ ਨਕਾਸ਼ੀ, ਝਰੋਖਿਆਂ ਅਤੇ ਪ੍ਰਾਚੀਨ ਰਾਜਸਥਾਨੀ ਜੀਵਨ-ਸ਼ੈਲੀ ਨੂੰ ਨੇੜਿਓਂ ਦੇਖਿਆ। ਵਿਦਿਆਰਥੀਆਂ ਨੇ ਜੈਸਲਮੇਰ ਦੇ ਰੰਗ-ਬਿਰੰਗੇ ਸਥਾਨਕ ਬਾਜ਼ਾਰਾਂ ਦਾ ਦੌਰਾ ਕਰਕੇ ਉੱਥੋਂ ਦੇ ਨਿਵੇਕਲੇ ਦਸਤਕਾਰੀ ਵਸਤੂਆਂ, ਸ਼ੀਸ਼ੇ ਦੇ ਕੰਮ ਵਾਲੀਆਂ ਚੀਜ਼ਾਂ ਅਤੇ ਸਥਾਨਕ ਪਹਿਰਾਵੇ ਦੀ ਖਰੀਦਦਾਰੀ ਕੀਤੀ। ਸਕੂਲ ਦੀ ਪਿ੍ਰੰਸੀਪਲ ਪ੍ਰਿਅੰਕਾ ਮਹਿਤਾ ਨੇ ਦੱਸਿਆ ਕਿ ਜੈਸਲਮੇਰ ਵਰਗੇ ਇਤਿਹਾਸਕ ਅਤੇ ਭੂਗੋਲਿਕ ਤੌਰ ’ਤੇ ਮਹੱਤਵਪੂਰਨ ਸ਼ਹਿਰਾਂ ਦਾ ਦੌਰਾ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਪਰ੍ਹੇ ਵਿਹਾਰਕ ਅਨੁਭਵ ਦਿੰਦਾ ਹੈ। ਅਜਿਹੇ ਟੂਰਾਂ ਨਾਲ ਵਿਦਿਆਰਥੀਆਂ ਵਿੱਚ ਭਾਰਤੀ ਸੱਭਿਆਚਾਰ ਪ੍ਰਤੀ ਸਤਿਕਾਰ, ਆਤਮ-ਵਿਸ਼ਵਾਸ ਅਤੇ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਉਨ੍ਹਾਂ ਨੇ ਟੂਰ ਨੂੰ ਸਫ਼ਲ ਬਣਾਉਣ ਲਈ ਸਮੂਹ ਅਧਿਆਪਕਾਂ ਅਤੇ ਉਤਸ਼ਾਹੀ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।

