ਫ਼ਰੀਦਕੋਟ, 14 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਰਾਹੁਲ ਚਾਬਾ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਹੌਟ ਸਪੌਟ ਖੇਤਰਾਂ ਵਿੱਚ ਦਵਾਈਆਂ ਦੀ ਵਿਕਰੀ ਤੇ ਨਜ਼ਰ ਰੱਖਣ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਮੱਦੇਨਜ਼ਰ ਦਵਾਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਹਰਜਿੰਦਰ ਸਿੰਘ ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਫ਼ਰੀਦਕੋਟ ਨੇ ਦੱਸਿਆ ਕਿ ਡੋਗਰ ਬਸਤੀ ਅਤੇ ਦਸ਼ਮੇਸ਼ ਨਗਰ ਫ਼ਰੀਦਕੋਟ ਵਿਖੇ ਸਥਿਤ ਤਿੰਨ ਦਵਾਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਡੋਗਰ ਬਸਤੀ ਵਿਖੇ ਮੈਸਰਜ਼ ਸ਼ੇਖ ਫ਼ਰੀਦ ਮੈਡੀਸਨਜ਼ ਅਤੇ ਮੈਸਰਜ਼ ਚੋਪੜਾ ਮੈਡੀਕੋਜ਼, ਜਦਕਿ ਦਸ਼ਮੇਸ਼ ਨਗਰ ਵਿਖੇ ਮੈਸਰਜ਼ ਨੰਦ ਮੈਡੀਕੋਜ਼ ਦੀ ਜਾਂਚ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਕੁਝ ਆਮ ਕਿਸਮ ਦੀਆਂ ਉਲੰਘਣਾਵਾਂ ਸਾਹਮਣੇ ਆਈਆਂ, ਪਰ ਕਿਸੇ ਵੀ ਦੁਕਾਨ ਤੋਂ ਆਦਤ ਪੈਦਾ ਕਰਨ ਵਾਲੀਆਂ ਦਵਾਈਆਂ ਨਹੀਂ ਮਿਲੀਆਂ। ਇਸ ਸਬੰਧੀ ਜਾਂਚ ਰਿਪੋਰਟਾਂ ਅਗਲੇਰੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਵਿਕਰੀ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਜਾਂਚ ਪ੍ਰਕਿਰਿਆ ਜਾਰੀ ਰਹੇਗੀ ਅਤੇ ਉਲੰਘਣਾ ਪਾਏ ਜਾਣ ਤੇ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਰਾਹੁਲ ਚਾਬਾ ਨੇ ਜਿਲ੍ਹੇ ਦੇ ਸਮੂਹ ਦਵਾਈ ਵਿਕਰੇਤਾਵਾਂ, ਸਮਾਜ ਸੇਵਾ ਸੰਸਥਾਵਾਂ, ਯੂਥ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਰੋਕਣ ਲਈ ਚਲਾਈ ਗਈ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ।

