ਓਹੀ ਮਨ ਤੇ ਭਾਰ ਪਿਆ ਹੈ , ਜੋ ਕੁਝ ਮਾਣਿਆ ਰੂਹ ਤੋਂ ਚੋਰੀ।
ਲਟਕ ਰਿਹਾਂ ਅਧਵਾਟੇ ਤਾਂਹੀਂਓਂ,
ਖਿਸਕ ਗਈ ਵਿਸ਼ਵਾਸ ਦੀ ਡੋਰੀ।
ਲੱਗਦਾ ਸੀ ਮੈਂ ਗਾਗਰ ਅੰਦਰ ਸਾਗਰ ਭਰਨਾ ਜਾਣ ਲਿਆ ਹੈ,
ਭੁੱਲ ਗਿਆ, ਬੰਦ ਕਰਨੀ ਮੈਂ ਤਾਂ,
ਹੱਥ ਵਿਚਲੀ ਗੜਵੀ ਦੀ ਮੋਰੀ।
ਮਾਰੂਥਲ ਵਿੱਚ ਮਨ-ਹਿਰਨੋਟਾ, ਲੱਭਦਾ ਫਿਰਿਆ ਗੰਧ ਕਸਤੂਰੀ,
ਪੱਲੇ ਪੈ ਗਈ ਖੋਟੀ ਮਾਇਆ, ਦਿਲ ਦੀ ਕਾਲ਼ੀ,ਰੰਗ ਦੀ ਗੋਰੀ।
ਦੱਸ ਹੁਣ ਕਿੱਸਰਾਂ ਬਾਤ ਮੁਕਾਵਾਂ,ਤੂੰ ਹੀ ਤਾਂ ਉਲ਼ਝਾਈ ਤਾਣੀ,
ਮੈਂ ਤਾਂ ਸਿਰਫ਼ ਹੁੰਗਾਰਾ ਭਰਿਆ ਆਪੇ ਹੀ ਤੂੰ ਗੱਲ ਸੀ ਤੋਰੀ।
ਰਾਤ ਦਿਵਸ ਦੇ ਗੇੜੇ ਖਾਧੇ,ਹੁਣ ਤਾਂ ਹੱਥ ਵਿੱਚ ਤੁੱਕਾ ਬਚਿਆ,
ਦਾਣਾ ਦਾਣਾ ਲਾਹਿਆ,ਚਿੱਥਿਆ, ਆਪਣੇ ਹੱਥੀਂ ਛੱਲੀ ਭੋਰੀ।
ਮੋਮੀ ਕਾਗ਼ਜ਼ ਤੋਂ ਮਿਟ ਚੱਲਿਆ , ਅੱਜ ਤੀਕਰ ਜੋ ਲਿਖਿਆ ਪੜ੍ਹਿਆ,
ਲੇਖਾ ਕਰਿਆਂ ਸਮਝ ਪਈ ਹੈ,
ਰਹਿ ਗਈ ਰੂਹ ਕੋਰੀ ਦੀ ਕੋਰੀ।
ਕਾਹਲੀ ਅੰਦਰ ਯਾਦ ਰਿਹਾ ਨਾ, ਰਾਹ ਦੀ ਤਿਲਕਣ ਲੈ ਬੈਠੇਗੀ,
ਰੇਤੇ ਉੱਪਰ ਡੁੱਲ੍ਹ ਗਈ ਮੈਥੋਂ,ਭਰੀ ਭਰਾਈ ਖੰਡ ਦੀ ਬੋਰੀ।
▪️ਗੁਰਭਜਨ ਗਿੱਲ
