ਨਸ਼ੇ ਵਿਰੁੱਧ ਲੜਾਈ ‘ਚ ਜਨ-ਭਾਗੀਦਾਰੀ ਜ਼ਰੂਰੀ, ਦੁਰਗੇਸ਼ ਸ਼ਰਮਾ ਨੇ ਲੋਕਾਂ ਨੂੰ ਯਾਤਰਾ ਨਾਲ ਜੁੜਨ ਦੀ ਕੀਤੀ ਅਪੀਲ
ਕੋਟਕਪੂਰਾ, 22 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਅਤੇ ਨੌਜਵਾਨ ਜਵਾਨੀ ਨੂੰ ਬਚਾਉਣ ਦੇ ਮਕਸਦ ਨਾਲ ਆਰੰਭੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ 24 ਅਤੇ 25 ਸਤੰਬਰ ਨੂੰ ਜ਼ਿਲ੍ਹਾ ਫਰੀਦਕੋਟ ਵਿਖੇ ਪਹੁੰਚ ਰਹੀ ਹੈ। ਇਸ ਯਾਤਰਾ ਦੇ ਸਵਾਗਤ ਅਤੇ ਆਗਾਜ਼ ਲਈ ਭਾਜਪਾ ਵਰਕਰਾਂ ਅਤੇ ਸਮਾਜਿਕ ਖੇਤਰ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਯਾਤਰਾ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਦੁਰਗੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਹੁਣ ਸਿਰਫ਼ ਚਿੰਤਾ ਜਤਾਉਣ ਦਾ ਸਮਾਂ ਨਹੀਂ, ਸਗੋਂ ਪੂਰੇ ਵਿਸ਼ਵਾਸ ਨਾਲ ਅੱਗੇ ਵਧ ਕੇ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ, “‘ਨਸ਼ਾ ਮੁਕਤ ਪੰਜਾਬ ਯਾਤਰਾ’ ਸਿਰਫ਼ ਇੱਕ ਯਾਤਰਾ ਨਹੀਂ, ਸਗੋਂ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਅਤੇ ਜਨ-ਭਾਗੀਦਾਰੀ ਵਧਾਉਣ ਦਾ ਇੱਕ ਵੱਡਾ ਸੁਨੇਹਾ ਹੈ।”
ਉਨ੍ਹਾਂ ਆਖਿਆ ਕਿ ਪੰਜਾਬ ਦੀ ਯੁਵਾ ਸ਼ਕਤੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਿੱਖਿਆ, ਖੇਡਾਂ, ਮਿਹਨਤ ਅਤੇ ਹਾਂ-ਪੱਖੀ ਸੋਚ ਨਾਲ ਜੋੜਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਪੰਜਾਬ ਦਾ ਹਰ ਦਰਦੀ ਚਾਹੁੰਦਾ ਹੈ ਕਿ ਸਾਡੇ ਨੌਜਵਾਨ ਆਪਣੀ ਪ੍ਰਤਿਭਾ ਅਤੇ ਮਿਹਨਤ ਦੇ ਬਲਬੂਤੇ ਦੇਸ਼-ਦੁਨੀਆ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰਨ। ਉਨ੍ਹਾਂ ਫਰੀਦਕੋਟ ਜ਼ਿਲ੍ਹੇ ਦੇ ਨੌਜਵਾਨਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ, ਵਪਾਰੀਆਂ, ਕਿਸਾਨਾਂ ਅਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ 24 ਅਤੇ 25 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਇਸ ਯਾਤਰਾ ਵਿੱਚ ਸ਼ਾਮਲ ਹੋ ਕੇ ਨਸ਼ਿਆਂ ਵਿਰੁੱਧ ਇੱਕਜੁੱਟਤਾ ਦਾ ਸੁਨੇਹਾ ਦੇਣ। ਇਸ ਮੌਕੇ ਪ੍ਰਦੀਪ ਸ਼ਰਮਾ, ਮਨਜੀਤ ਨੇਗੀ, ਮਾ. ਹਰਬੰਸ ਲਾਲ ਅਤੇ ਆਨੰਦ ਭਾਰਦਵਾਜ ਨੇ ਵੀ ਲੋਕਾਂ ਨੂੰ ਯਾਤਰਾ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਵਰਗੀ ਗੰਭੀਰ ਸਮਾਜਿਕ ਚੁਣੌਤੀ ਦਾ ਟਾਕਰਾ ਸਭ ਦੇ ਸਾਂਝੇ ਯਤਨਾਂ ਨਾਲ ਹੀ ਸੰਭਵ ਹੈ। ਉਹਨਾਂ ਅੰਤ ਵਿੱਚ ਕਿਹਾ, “ਫਰੀਦਕੋਟ ਤੋਂ ਉੱਠਣ ਵਾਲੀ ਨਸ਼ੇ ਵਿਰੋਧੀ ਆਵਾਜ਼ ਪੂਰੇ ਪੰਜਾਬ ਵਿੱਚ ਗੂੰਜਣੀ ਚਾਹੀਦੀ ਹੈ। ‘ਨਸ਼ੇ ਨੂੰ ਹਰਾਉਣਾ ਹੈ, ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ’।”
