ਸਾਰੀ ਉਮਰ ਕਿਰਤ ਨੂੰ ਸਮਰਪਿਤ ਭਜਨੀਕ ਮਾਤਾ ਸੀ ਸਰਦਾਰਨੀ ਗੁਰਦੇਵ ਕੌਰ ਗਰੇਵਾਲ
ਕਿਰਤ ਸੱਭਿਆਚਾਰ ਨੂੰ ਸਮਰਪਿਤ ਭਜਨੀਕ ਮਾਤਾ ਸੀ ਸਰਦਾਰਨੀ ਗੁਰਦੇਵ ਕੌਰ ਗਰੇਵਾਲ। ਪੱਖੋਵਾਲ ਰੋਡ ਲੁਧਿਆਣਾ ਸਥਿਤ ਪਿੰਡ ਦਾਦ ਵਿੱਚ ਜੂਨ 1949 ਨੂੰ ਸ. ਮਹਿੰਦਰ ਸਿੰਘ ਗਰੇਵਾਲ ਨਾਲ ਮਾਤਾ ਗੁਰਦੇਵ ਕੌਰ ਵਿਆਹੀ ਗਈ। ਚੰਡੀਗੜ੍ਹ ਰੋਡ ਤੇ ਕੋਹਾੜੇ ਦੀ ਵੱਖੀ ਵਿੱਚ ਪੈਂਦੇ ਪਿੰਡ “ਚੱਕ ਸਰਵਣ ਨਾਥ” ਵਿੱਚ ਮਾਤਾ ਜੀ ਦੇ ਪੇਕੇ ਸਨ ਤੇ ਪਾਇਲ ਨੇੜੇ ਪਿੰਡ ਮਾਜਰੀ ਵਿੱਚ ਨਾਨਕੇ। ਮਾਤਾ ਜੀ ਦੇ ਨਾਨਕੇ ਦਾਦਕੇ ਪਰਿਵਾਰ ਵਿੱਚ ਚੰਗੀ ਸੁਚੱਜੀ ਅਗਾਂਹਵਧੂ ਖੇਤੀ ਦਾ ਮਾਹੌਲ ਸੀ। ਕਿਰਤ ਦਾ ਸਤਿਕਾਰ ਤੇ ਸਹਿਚਾਰ ਦਾ ਸਬਕ ਤਾਂ ਉਹ ਪੇਕਿਆਂ ਤੋਂ ਦਾਜ ਵਿੱਚ ਹੀ ਲੈ ਕੇ ਆਈ ਸੀ। ਇਹੀ ਸਬਕ ਉਸਨੇ ਤਿੰਨਾਂ ਪੁੱਤਰਾਂ ਤੇ ਇੱਕ ਧੀ ਨੂੰ ਵੀ ਦਿੱਤਾ। ਮੂੰਹੋਂ ਬੋਲ ਕੇ ਨਹੀਂ, ਅਣਬੋਲਿਆ ਸਬਕ ਸੀ ਕਿ ਕਿਸੇ ਵੀ ਕਾਮੇ ਨੂੰ ਹੀਣ ਭਾਵਨਾ ਨਾਲ ਨਾ ਵੇਖੋ। ਗੁਰੂ ਆਸ਼ੇ ਅਨੁਸਾਰ ਉਸ ਸਾਰਾ ਜੀਵਨ ਜੀਵਿਆ। ਪ੍ਰਭਾਤ ਵੇਲੇ ਉੱਠਦੀ, ਨਿੱਤਨੇਮ ਕਰਦਿਆਂ ਹੀ ਉਹ ਕਿੰਨੇ ਕੰਮ ਨਾਲੋ ਨਾਲ ਕਰ ਲੈਂਦੀ। ਉਸ ਦੀ ਰਸਨਾ ਤੇ ਹਰ ਵੇਲੇ ਵਾਹਿਗੁਰੂ ਨਾਮ ਚੱਲਦਾ। ਹਰ ਮੁਸ਼ਕਿਲ ਤੋਂ ਮੁਸ਼ਕਿਲ ਸਮੇਂ ਵਿੱਚ ਵੀ ਮਾਤਾ ਕਦੇ ਨਾ ਡੋਲੀ।
ਘਰ ਵਿੱਚ ਖੇਤੀ ਦਾ ਵੱਡਾ ਖਿਲਾਰਾ ਸੀ। ਕਈ ਵਾਰ ਪੰਦਰਾਂ ਪੰਦਰਾਂ ਕਾਮੇ ਖੇਤ ਵਿੱਚ ਕੰਮ ਲੱਗੇ ਹੁੰਦੇ ਤਾਂ ਸਭਨਾਂ ਲਈ ਉਹ ਇੱਕੋ ਜਿਹਾ ਰਸਵੰਤਾ ਲੰਗਰ ਤਿਆਰ ਕਰਕੇ ਆਪ ਪਰੋਸਦੀ।
ਮੇਰਾ ਪਿਛਲੇ ਪੰਜਾਹ ਸਾਲ ਤੋਂ ਇਸ ਗਰੇਵਾਲ ਪਰਿਵਾਰ ਨਾਲ ਵਾਹ ਵਾਸਤਾ ਹੈ। ਮਾਤਾ ਜੀ ਦੇ ਵੱਡੇ ਪੁੱਤਰ ਰਜਵੰਤ ਸਿੰਘ ਗਰੇਵਾਲ ਕਰਕੇ। ਉਹ ਮੇਰਾ 1971 ਵਿੱਚ ਗੁਜਰਾਂਵਾਲਾ ਗੁਰੂ ਨਾਨਕ ਖਾਲਜ ਵਿੱਚ ਸਹਿਪਾਠੀ ਹੋਣ ਕਰਕੇ ਮਿੱਤਰ ਬਣ ਗਿਆ। ਇਹ ਦੋਸਤੀ ਹੁਣ ਤੀਕ ਕਾਇਮ ਦਾਇਮ ਹੈ। ਅੱਗਿਓਂ ਸਾਡੇ ਬੱਚਿਆਂ ਦਾ ਵੀ ਭਰਾਵਾਂ ਵਰਗਾ ਸਨੇਹ ਹੈ।
ਮਾਤਾ ਜੀ ਗੁਰਦੇਵ ਕੌਰ ਦੇ ਘਰ ਚਾਰ ਬੰਚਿਆਂ ਨੇ ਜਨਮ ਲਿਆ। ਇੱਕ ਧੀ ਪਰਮਜੀਤ ਕੌਰ ਤੇ ਤਿੰਨ ਪੁੱਤਰ ਰਜਵੰਤ, ਰਾਮ ਸਿੰਘ ਤੇ ਰਣਜੀਤ ਸਿੰਘ। ਧੀ ਆਪਣੇ ਪਤੀ ਸ. ਅਵਤਾਰ ਸਿੰਘ ਸ਼ੇਰਗਿੱਲ ਤੇ ਪਰਿਵਾਰ ਨਾਲ ਸੱਰੀ(ਕੈਨੇਡਾ) ਵਿੱਚ ਰੰਗੀਂ ਵੱਸਦੀ ਹੈ ਜਦ ਕਿ ਤਿੰਨੇ ਪੁੱਤਰ ਰਜਵੰਤ ਸਿੰਘ ਗਰੇਵਾਲ, ਰਾਮ ਸਿੰਘ ਗਰੇਵਾਲ ਤੇ ਰਣਜੀਤ ਸਿੰਘ ਗਰੇਵਾਲ ਪੰਜਾਬ ਤੇ ਉੱਤਰ ਪ੍ਰਦੇਸ਼ ਵਿੱਚ ਖੇਤੀ ਤੋਂ ਇਲਾਵਾ ਕਈ ਵੱਡੇ ਵਪਾਰਕ ਕਾਰੋਬਾਰ ਕਰਦੇ ਹਨ।
ਮਾਤਾ ਜੀ ਨੇ ਸਾਰੀ ਉਮਰ ਪਿੰਡ ਦਾਦ ਵਿੱਚ ਹੀ ਰਿਹਾਇਸ਼ ਰੱਖੀ। ਉਨ੍ਹਾਂ ਨੂੰ ਪੁੱਤਰਾਂ ਨੇ ਬਹੁਤ ਵਾਰ ਬੇਨਤੀ ਕੀਤੀ ਕਿ ਸ਼ਹਿਰ ਆ ਜਾਉ ਪਰ ਮਾਤਾ ਜੀ ਦੀ ਸੁਰਤਿ ਪਿੰਡ ਵਿੱਚ ਹੀ ਰਹਿੰਦੀ ਸੀ। ਉਹ ਅਕਸਰ ਆਖਦੇ ਕਿ ਜਿਸ ਘਰ ਵਿੱਚ ਮੇਰੀ 1949 ਵਿੱਚ ਡੋਲੀ ਆਈ ਸੀ, ਅਰਥੀ ਵੀ ਏਥੋਂ ਹੀ ਉੱਠੇਗੀ। ਮਾਤਾ ਗੁਰਦੇਵ ਕੌਰ ਦੇ ਤਿੰਨੇ ਪੁੱਤਰ, ਨੂੰਹਾਂ, ਪੋਤਰੇ ਤੇ ਪੋਤ ਨੂੰਹਾਂ ਮਰਦੇ ਦਮ ਤੀਕ ਮਾਤਾ ਜੀ ਦੇ ਕਹਿਣੇ ਕਾਰ ਵਿੱਚ ਰਹੇ। ਸਵੇਰ ਦੀ ਚਾਹ ਸਾਰਾ ਪਰਿਵਾਰ ਪਿੰਡ ਜਾ ਕੇ ਇਕੱਠੇ ਪੀਂਦੇ। ਮਾਤਾ ਜੀ ਸਾਰੇ ਪੁੱਤਾਂ ਪੋਤਰਿਆਂ ਤੇ ਪੜਪੋਤਰਿਆਂ ਲਈ ਘਰ ਦਾ ਆਟਾ, ਦੁੱਧ ਤੇ ਦਾਲਾਂ ਪਿੰਡ ਤੋਂ ਲਗਾਤਾਰ ਸ਼ਹਿਰ ਭੇਜਦੇ ਰਹੇ।
ਗਿਆਰਾਂ ਸਾਲ ਪਹਿਲਾਂ ਜੀਵਨ ਸਾਥੀ ਸ. ਮਹਿੰਦਰ ਸਿੰਘ ਗਰੇਵਾਲ ਵਿੱਛੜੇ ਤਾ ਉਹ ਸਿਦਕੋਂ ਨਾ ਡੋਲੇ। ਬੱਚਿਆਂ ਨੂੰ ਮਾਂ ਤੇ ਬਾਪ ਬਣ ਕੇ ਅਗਵਾਈ ਦਿੱਤੀ। ਸਕੂਲਾਂ ਕਾਲਜਾਂ ਦੀ ਪੜ੍ਹਾਈ ਤੇ ਕਾਰੋਬਾਰ ਕਾਰਨ ਪਰਿਵਾਰ ਭਾਵੇਂ ਸ਼ਹਿਰ ਵਿੱਚ ਰਹਿੰਦਾ ਸੀ ਪਰ ਸਾਰੇ ਪੁੱਤ ਪੋਤਰੇ, ਪੜਪੋਤਰੇ ਸਵੇਰ ਦੀ ਚਾਹ ਮਾਤਾ ਜੀ ਨਾਲ ਹੀ ਪਿੰਢ ਆ ਕੇ ਪੀਂਦੇ। ਉਹ ਸਾਰੇ ਪਰਿਵਾਰ ਲਈ ਦੁੱਧ ਘਿਉ, ਆਟਾ ਤੇ ਦਾਲਾਂ ਪੰਡੋਂ ਹੀ ਭੇਜਦੇ। ਆਪਣੀ ਤੇ ਪਰਿਵਾਰ ਦੀ ਪੌ਼ਸ਼ਟਿਕ ਖੁਰਾਕ ਦਾ ਪੂਰਾ ਖਿਆਲ ਰੱਖਦੇ।
ਦੋ ਕੁ ਸਾਲ ਪਹਿਲਾਂ ਮਾਤਾ ਜੀ ਦਾ ਭਰ ਜੁਆਨ ਹੋਣਹਾਰ ਵੱਡਾ ਪੋਤਰਾ ਜਗਦੇਵ ਸਿੰਘ ਗਰੇਵਾਲ ਕਿਸੇ ਅਸਾਧ ਰੋਗ ਨਾਲ ਲੜਦਾ ਹੋਇਆ ਸਰੀਰ ਤਿਆਗ ਗਿਆ ਤਾਂ ਦਾਦੀ ਮਾਂ ਗੁਰਦੇਵ ਕੌਰ ਪੈਰੋਂ ਡੋਲਣ ਦੀ ਥਾਂ ਪਰਿਵਾਰ ਲਈ ਵੱਡੀ ਢਾਰਸ ਬਣੀ। ਰੋਜ਼ਾਨਾ ਨਿੱਤਨੇਮ ਦੀਆਂ ਬਾਣੀਆਂ ਪੜ੍ਹਨ ਉਪਰੰਤ ਉਹ ਜਗਦੇਵ ਨਮਿਤ ਵੀ ਗੁਰਬਾਣੀ ਪਾਠ ਪੜ੍ਹਦੇ।
ਮਾਤਾ ਗੁਰਦੇਵ ਸਿੰਘ ਗਰੇਵਾਲ ਦੇ ਨਾਨਕੇ ਪਾਇਲ ਨੇੜੇ ਪਿੰਡ ਮਾਜਰੀ ਵਿੱਚ ਸਨ। ਉਹ ਸਾਰਾ ਨਾਨਕਾ ਟੱਬਰ ਚੰਗਾ ਪੜ੍ਹਿਆ ਲਿਖਿਆ ਤੇ ਸਮਰਥਾਵਾਨ ਹੈ। ਉਨ੍ਹਾਂ ਦੇ ਮਾਮਾ ਜੀ ਦਾ ਇੱਕ ਸਪੁੱਤਰ ਹਰਮਿੰਦਰ ਸਿੰਘ ਰਟੌਲ ਹਰਿਆਣਾ ਵਿੱਚ ਡੇਅਰੀ ਤੇ ਪਸ਼ੂ ਪਾਲ਼ਣ ਮੰਤਰੀ ਵੀ ਰਿਹਾ ਹੈ।
ਮਾਤਾ ਜੀ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 6ਅਕਤੂਬਰ ਮੰਗਲਵਾਰ ਦੁਪਹਿਰ 1 ਵਜੇ ਤੋਂ 2 ਵਜੇ ਤੀਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਲੁਧਿਆਣਾ ਵਿੱਚ ਹੋਵੇਗੀ। ਸੱਚ -ਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਕੀਰਤਨ ਸੇਵਾ ਕਰਨਗੇ।
ਸ. ਮਹਿੰਦਰ ਸਿੰਘ ਗਰੇਵਾਲ ਪਰਿਵਾਰ ਵੱਲੋਂ ਮਾਤਾ ਦੀ ਨਮਿਤ ਗੁਰਬਾਣੀ ਆਧਾਰਿਤ ਗੁਰਬਖ਼ਸ਼ ਕੌਰ ਕਾਹਲੋਂ(ਅਮਰੀਕਾ) ਜੀ ਦੀ ਲਿਖੀ ਪੁਸਤਕ “ਕਥਿਉ ਅਕਥ ਕਹਾਣੀ” ਵੀ ਛਾਪ ਕੇ ਵੰਡੀ ਜਾ ਰਹੀ ਹੈ ਤਾਂ ਦੋ ਮਾਤਾ ਜੀ ਦੇ ਅਕੀਦੇ ਅਨੁਸਾਰ ਗੁਰਮਤਿ ਗਿਆਨ ਦਾ ਪ੍ਰਕਾਸ਼ ਵਧੇ ਅਤੇ ਮਨਾਂ ਦਾ ਹਨੇਰ ਮਿਟੇ।
⚫️
ਗੁਰਭਜਨ ਸਿੰਘ ਗਿੱਲ(ਪ੍ਰੋ.)
