
ਲੁਧਿਆਣਾ 8 ਮਈ (ਵਰਲਡ ਪੰਜਾਬੀ ਟਾਈਮਜ਼)
ਅੱਜ ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਚ ਪੰਜਾਬ ਭਰ ਤੋਂ ਆਏ ਪਰਾਲੀ ਦੀ ਸੰਭਾਲ ਸੁਚੱਜੇ ਤਰੀਕੇ ਨਾਲ ਕਰਨ ਵਾਲੇ 207 ਅਗਾਂਹਵਧੂ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ| ਇਹ ਸਮਾਗਮ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਸਾਂਝ ਪੰਜਾਬ ਅਤੇ ਕਲੀਨ ਏਅਰ ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਗਿਆ| ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸ਼ਾਮਿਲ ਹੋਏ| ਉਹਨਾਂ ਨਾਲ ਪ੍ਰਧਾਨਗੀ ਮੰਡਲ ਵਿਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਤੋਂ ਇਲਾਵਾ ਸਾਂਝ ਪੰਜਾਬ ਦੇ ਵਾਤਾਵਰਨ ਬਾਰੇ ਨਿਰਦੇਸ਼ਕ ਸ਼੍ਰੀ ਸਨਮ ਸੁਤੀਰਥ ਵਜ਼ੀਰ ਅਤੇ ਕਲੀਨ ਏਅਰ ਪੰਜਾਬ ਦੇ ਰਾਜ ਪ੍ਰਮੁੱਖ ਡਾ. ਗੁਰਪ੍ਰੀਤ ਕੌਰ ਵੀ ਸ਼ਾਮਿਲ ਸਨ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਅਗਾਂਹਵਧੂ ਕਿਸਾਨਾਂ ਨੂੰ ਪੰਜਾਬ ਦੇ ਵਾਤਾਵਰਨ ਦੇ ਅਟਲ ਪਹਿਰੇਦਾਰ ਕਿਹਾ| ਉਹਨਾਂ ਕਿਹਾ ਕਿ ਪਰਾਲੀ ਸਾੜਨ ਦਾ ਰੁਝਾਨ ਕੁਝ ਸਾਲ ਪਹਿਲਾਂ ਕਿਸਾਨਾਂ ਦੀ ਮਜਬੂਰੀ ਵਿੱਚੋਂ ਆਉਂਦਾ ਸੀ ਪਰ ਇਹਨਾਂ ਕਿਸਾਨਾਂ ਨੇ ਇਸ ਮਜਬੂਰੀ ਨੂੰ ਸੰਭਾਵਨਾ ਬਣਾ ਕੇ ਪੰਜਾਬ ਦੇ ਪੌਣ ਪਾਣੀ ਦੀ ਰਾਖੀ ਉੱਪਰ ਪਹਿਰਾ ਦੇਣ ਦਾ ਵੱਡਮੁੱਲਾ ਕਾਰਜ ਕੀਤਾ ਹੈ| ਡਾ. ਗੋਸਲ ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਵਿਚ ਅੱਗ ਲਾਉਣ ਦੀਆਂ ਘਟਨਾਵਾਂ ਦੇ ਰੁਝਾਨ ਵਿਚ ਵੱਡੀ ਕਮੀ ਆਈ ਹੈ ਤਾਂ ਇਸਲਈ ਪੀ.ਏ.ਯੂ. ਦੇ ਵਿਗਿਆਨੀਆਂ ਦੀ ਤਕਨਾਲੋਜੀ ਅਤੇ ਕਿਸਾਨਾਂ ਦੀਆਂ ਕੋਸ਼ਿਸ਼ਾਂ ਬਰਾਬਰ ਦੀਆਂ ਜ਼ਿੰਮੇਵਾਰ ਹਨ| ਡਾ. ਗੋਸਲ ਨੇ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਸੁਚੇਤ ਕਰਦਿਆਂ ਕਿਹਾ ਕਿ ਇਸ ਨਾਲ ਨਾ ਸਿਰਫ ਕੁਦਰਤੀ ਸਰੋਤ ਹਾਸ਼ੀਏ ਤੇ ਜਾਂਦੇ ਹਨ ਬਲਕਿ ਜੈਵਿਕ ਭਿੰਨਤਾ ਵੀ ਖਤਰਨਾਕ ਹੱਦ ਤੱਕ ਤਬਾਹੀ ਵੱਲ ਮੁੜਦੀ ਹੈ| ਉਹਨਾਂ ਨੇ ਅੰਕੜੇ ਦਿੰਦਿਆਂ ਦੱਸਿਆ ਕਿ ਪੰਜਾਬ ਪ੍ਰਤੀ ਹੈਕਟੇਅਰ ਹਰ ਸਾਲ 100-120 ਕੁਇੰਟਲ ਫਸਲੀ ਪੈਦਾਵਾਰ ਅਤੇ 70-80 ਕੁਇੰਟਲ ਜੈਵਿਕ ਮਾਦਾ ਉਤਪੰਨ ਕਰਨ ਵਾਲਾ ਖਿੱਤਾ ਹੈ| ਇਸ ਪੈਦਾਵਾਰ ਮਗਰੋਂ ਜ਼ਮੀਨ ਨੂੰ ਪੋਸ਼ਕ ਤੱਤਾਂ ਨਾਲ ਭਰਪੂਰ ਅਤੇ ਉਪਜਾਊ ਸ਼ਕਤੀ ਵਾਲਾ ਬਣਾਈ ਰੱਖਣਾ ਇਕ ਚੁਣੌਤੀ ਹੈ| ਇਸਲਈ ਪਰਾਲੀ ਦੀ ਸੰਭਾਲ ਖੇਤ ਵਿਚ ਹੀ ਕਰਨੀ ਸਭ ਤੋਂ ਲਾਹੇਵੰਦ ਅਤੇ ਕਾਰਗਰ ਤਰੀਕਾ ਹੈ|
ਆਉਂਦੇ ਸਾਉਣੀ ਸੀਜ਼ਨ ਵਿਚ ਝੋਨੇ ਦੀ ਕਾਸ਼ਤ ਬਾਰੇ ਕਿਸਾਨਾਂ ਨੂੰ ਨਿਰਦੇਸ਼ਤ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਝੋਨੇ ਦੀ ਅਗੇਤੀ ਬਿਜਾਈ ਕਈ ਤਰ੍ਹਾਂ ਦੇ ਰੋਗਾਂ ਦਾ ਕਾਰਨ ਬਣਦੀ ਹੈ ਇਸਲਈ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਮਿਆਦ ਅਨੁਸਾਰ ਹੀ ਲਵਾਈ ਕੀਤੀ ਜਾਵੇ| ਉਹਨਾਂ ਦਰਮਿਆਨੇ ਸਮੇਂ ਵਿਚ ਪੱਕਣ ਵਾਲੀਆਂ ਪੀ.ਏ.ਯੂ. ਦੀਆਂ ਕਿਸਮਾਂ ਦੀ ਕਾਸ਼ਤ ਉੱਪਰ ਜ਼ੋਰ ਦਿੰਦਿਆਂ ਕਿਸਾਨਾਂ ਨੂੰ ਕਿਹਾ ਕਿ ਤਿੰਨ ਚਾਰ ਕਿਸਮਾਂ ਦੀ ਕਾਸ਼ਤ ਕਰਨੀ ਲਾਹੇਵੰਦ ਹੋਵੇਗੀ ਤਾਂ ਜੋ ਸੰਕਟਕਾਲ ਵਿਚ ਵਧੇਰੇ ਨੁਕਸਾਨ ਤੋਂ ਬਚਿਆ ਜਾ ਸਕੇ|
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਪਰਾਲੀ ਜੋ ਪਹਿਲਾਂ ਇਕ ਸੰਕਟ ਮੰਨੀ ਜਾਂਦੀ ਸੀ ਉਸਨੂੰ ਸੰਭਾਵਨਾ ਵਿਚ ਬਦਲਣ ਦਾ ਰਾਹ ਸਰਕਾਰ ਦੀਆਂ ਨੀਤੀਆਂ, ਪੀ.ਏ.ਯੂ. ਦੀਆਂ ਤਕਨੀਕਾਂ ਅਤੇ ਕਿਸਾਨਾਂ ਦੇ ਯਤਨਾਂ ਦੇ ਸੁਮੇਲ ਨਾਲ ਸੰਭਵ ਹੋਇਆ ਹੈ| ਡਾ. ਢੱਟ ਨੇ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਮਸ਼ੀਨਰੀ ਦਾ ਹਵਾਲਾ ਦਿੰਦਿਆਂ ਵਿਸ਼ੇਸ਼ ਤੌਰ ਤੇ ਘੱਟ ਮਿਆਦ ਵਿਚ ਪੱਕਣ ਵਾਲੀਆਂ ਕਿਸਮਾਂ ਪੀ ਆਰ 121 ਅਤੇ ਪੀ ਆਰ 126 ਦਾ ਜ਼ਿਕਰ ਕੀਤਾ| ਉਹਨਾਂ ਕਿਹਾ ਕਿ 20 ਮਿਲੀਅਨ ਟਨ ਪਰਾਲੀ ਦੀ ਸੰਭਾਲ ਲਈ ਕੀਤੇ ਜਾਣ ਵਾਲੇ ਯਤਨਾਂ ਸਦਕਾ ਹੀ ਅੱਗ ਲਾਉਣ ਦੀਆਂ ਘਟਨਾਵਾਂ 10 ਪ੍ਰਤੀਸ਼ਤ ਤੋਂ ਵੀ ਘੱਟ ਰਹਿ ਗਈਆਂ ਹਨ| ਜੈਵਿਕ ਮਾਦੇ ਦੀ ਸੰਭਾਲ ਨਾਲ ਨਾ ਸਿਰਫ ਜ਼ਮੀਨ ਦੀ ਗੁਣਵੱਤਾ ਵਧੀ ਹੈ ਬਲਕਿ ਖਾਦਾਂ ਦਾ ਖਰਚ ਵੀ ਘਟਿਆ ਹੈ| ਡਾ. ਢੱਟ ਨੇ ਕਿਹਾ ਕਿ ਅਗਲਾ ਟੀਚਾ ਪਾਣੀ ਦੀ ਸੰਭਾਲ ਦਾ ਹੈ ਜਿਸ ਨਾਲ ਕਿਸਾਨਾਂ ਅਤੇ ਮਾਹਿਰਾਂ ਨੂੰ ਮਿਲ ਕੇ ਨਿਰੰਤਰ ਕੋਸ਼ਿਸ਼ਾਂ ਸਿਰੇ ਚਾੜਨਾ ਪਵੇਗਾ|
ਸਵਾਗਤ ਦੇ ਸ਼ਬਦ ਬੋਲਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਇਸ ਸਮਾਗਮ ਦਾ ਮੰਤਵ ਸਪੱਸ਼ਟ ਕੀਤਾ| ਉਹਨਾਂ ਕਿਹਾ ਕਿ ਇਸਦਾ ਉਦੇਸ਼ ਉਹਨਾਂ ਕਿਸਾਨਾ ਦੀਆਂ ਕੋਸ਼ਿਸ਼ਾਂ ਨੂੰ ਸਨਮਾਨਿਤ ਕਰਨਾ ਹੈ ਜਿਨ੍ਹਾਂ ਨੇ ਲੀਹ ਪਾੜਵੀਂ ਅਤੇ ਵਿਗਿਆਨਕ ਖੇਤੀ ਨੂੰ ਆਪਣਾ ਅਧਾਰ ਬਣਾਇਆ ਹੈ|
ਅੰਤ ਵਿਚ ਧੰਨਵਾਦ ਦੇ ਸ਼ਬਦ ਸ਼੍ਰੀ ਸਨਮ ਸੁਤੀਰਥ ਵਜ਼ੀਰ ਨੇ ਕਹੇ|
ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 207 ਕਿਸਾਨਾਂ ਨੂੰ ਪਰਾਲੀ ਨਾਲ ਸਾੜਨ ਅਤੇ ਸੁਚੱਜੀ ਸੰਭਾਲ ਲਈ ਸਨਮਾਨਿਤ ਕੀਤਾ ਗਿਆ| ਸਮਾਰੋਹ ਦਾ ਸੰਚਾਲਨ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਨੇ ਕੀਤਾ| ਇਸ ਮੌਕੇ ਪੀ.ਏ.ਯੂ. ਦੇ ਉੱਚ ਅਧਿਕਾਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਜਾਬ ਦੇ ਕਿਸਾਨ ਵੀ ਮੌਜੂਦ ਸਨ|

