ਲੁਧਿਆਣਾ 22 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮੈਰੀਗੋਲਡ ਫੁੱਲਾਂ ਦੀ ਪੈਕੇਜਿੰਗ ਤਕਨਾਲੋਜੀ ਦੇ ਲਾਇਸੈਂਸ ਲਈ ਜੰਮੂ ਸਥਿਤ ਮੌਰਨਿੰਗ ਪੇਟਲਜ਼ ਨਾਲ ਇੱਕ ਸਮਝੌਤੇ ਉੱਪਰ ਦਸਖ਼ਤ ਕੀਤੇ ਹਨ। ਪੀ ਏ ਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਅਤੇ ਸ਼੍ਰੀਮਤੀ ਸਾਕਸ਼ੀ ਸ਼ਰਮਾ ਮੌਰਨਿੰਗ ਪੇਟਲਜ਼, ਐਲਐਲਪੀ ਨੇ ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇ ਦੀਆਂ ਸ਼ਰਤਾਂ ‘ਤੇ ਦਸਤਖਤ ਕੀਤੇ। ਇਸ ਮੌਕੇ ਵਧੀਕ ਨਿਰਦੇਸ਼ਕ ਖੋਜ (ਖੇਤੀਬਾੜੀ ਅਤੇ ਬਾਗਬਾਨੀ)
ਡਾ. ਵੀਐਸ ਸੋਹੂ, ਵਧੀਕ ਨਿਰਦੇਸ਼ਕ ਖੋਜ (ਖੇਤੀਬਾੜੀ ਇੰਜੀਨੀਅਰਿੰਗ)ਡਾ. ਮਹੇਸ਼ ਕੁਮਾਰ, ਡਾ. ਖੁਸ਼ਦੀਪ ਧਾਰਨੀ, ਸਹਿਯੋਗੀ ਨਿਰਦੇਸ਼ਕ, ਤਕਨਾਲੋਜੀ ਵਪਾਰੀਕਰਨ ਸੈੱਲ, ਡਾ. ਤਰਸੇਮ ਚੰਦ ਮਿੱਤਲ, ਮੁਖੀ, ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ, ਅਤੇ ਡਾ. ਪਰਮਿੰਦਰ ਸਿੰਘ, ਮੁਖੀ, ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੀ ਮੌਜੂਦ ਸਨ।
ਡਾ. ਢੱਟ ਨੇ ਵਿਭਾਗਾਂ ਅਤੇ ਵਿਗਿਆਨੀਆਂ ਦੀ ਟੀਮ ਨੂੰ ਬੇਹੱਦ ਲਾਹੇਵੰਦ ਇਸ ਤਕਨਾਲੋਜੀ ਦੇ ਵਪਾਰੀਕਰਨ ਲਈ ਵਧਾਈ ਦਿੱਤੀ।
ਡਾ. ਪ੍ਰੀਤਇੰਦਰ ਕੌਰ, ਮਾਹਿਰ ,ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਨੇ ਦੱਸਿਆ ਕਿ ਪੀ ਏ ਯੂ ਨੇ ਬਿਹਤਰ ਸਟੋਰੇਜ, ਆਵਾਜਾਈ ਅਤੇ ਪਰਚੂਨ ਮਾਰਕੀਟਿੰਗ ਲਈ ਖੁੱਲ੍ਹੇ ਗੇਂਦੇ ਦੇ ਫੁੱਲਾਂ ਲਈ ਬਿਹਤਰ ਪੈਕੇਜਿੰਗ ਤਕਨਾਲੋਜੀ ਵਿਕਸਤ ਕੀਤੀ ਹੈ। ਗੇਂਦੇ ਦੇ ਫੁੱਲਾਂ ਦੇ ਖੁੱਲ੍ਹੇ ਰੂਪ ਕਾਰਨ ਉਨ੍ਹਾਂ ਦੀ ਢੋਆ ਢੁਆਈ ਅਤੇ ਸਟੋਰੇਜ ਦੌਰਾਨ ਫੁੱਲਾਂ ਦੀ ਤਾਜ਼ਗੀ ਅਤੇ ਗੁਣਵੱਤਾ ਨੂੰ ਬਣਾਈ ਰੱਖਣਾ ਬੇਹੱਦ ਜ਼ਰੂਰੀ ਕਾਰਜ ਹੈ। ਇਹ ਤਕਨਾਲੋਜੀ ਵਾਢੀ ਤੋਂ ਬਾਅਦ ਆਉਣ ਵਾਲੀਆਂ ਦਿੱਕਤਾਂ ਜਿਵੇਂ ਨਮੀ ਦੀ ਘਾਟ, ਮੁਰਝਾ ਜਾਣਾ, ਰੰਗ ਦਾ ਵਿਗਾੜ ਅਤੇ ਹੋਣ ਵਾਲੇ ਨੁਕਸਾਨ ਨੂੰ ਹੱਲ ਕਰਨ ਲਈ ਵਿਕਸਤ ਕੀਤੀ ਗਈ ਹੈ। ਵਿਗਿਆਨਕ ਪੈਕੇਜਿੰਗ ਗੇਂਦੇ ਦੇ ਫੁੱਲਾਂ ਦੀ ਸ਼ੈਲਫ ਲਾਈਫ ਨੂੰ ਵਾਤਾਵਰਣ ਦੀਆਂ ਸਥਿਤੀਆਂ ਵਿੱਚ ਛੇ ਦਿਨਾਂ ਤੋਂ 16 ਦਿਨਾਂ ਤੱਕ ਵਧਾ ਸਕਦੀ ਹੈ। ਇਸ ਨਾਲ ਇਹਨਾਂ ਫੁੱਲਾਂ ਦੇ ਮੰਡੀਕਰਨ ਦੇ ਬਿਹਤਰ ਮੌਕੇ ਮੁਹਈਆ ਹੋ ਸਕਦੇ ਹਨ
ਡਾ. ਖੁਸ਼ਦੀਪ ਧਰਨੀ ਨੇ ਕਿਹਾ ਕਿ ਪੀ ਏ ਯੂ ਦੁਆਰਾ ਵਿਕਸਤ ਤਕਨਾਲੋਜੀਆਂ ਵਾਢੀ ਤੋਂ ਬਾਅਦ ਫ਼ਸਲਾਂ ਦੀ ਸੰਭਾਲ ਦੇ ਵਿਹਾਰਕ ਅਤੇ ਸੰਬੰਧਿਤ ਹੱਲ ਪ੍ਰਦਾਨ ਕਰ ਰਹੀਆਂ ਹਨ।

