ਨਗਰ ਕੀਰਤਨ ਟਿੱਲਾ ਬਾਬਾ ਫ਼ਰੀਦ ਤੋਂ ਸ਼ੁਰੂ ਹੋ ਕੇ ਮਾਈ ਗੋਦੜੀ ਸਾਹਿਬ ਵਿਖੇ ਹੋਇਆ ਸਮਾਪਤ
ਡਾ. ਬਲਜੀਤ ਕੌਰ, ਵਿਧਾਇਕ ਸੇਖੋਂ, ਡੀ.ਸੀ., ਐਸ.ਐਸ.ਪੀ, ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਕੀਤੀ ਸ਼ਮੂਲੀਅਤ
ਕੋਟਕਪੂਰਾ, 24 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੀਆਂ ਸਿੱਖਿਆਵਾਂ ਮਿੱਠਤ, ਹਲੀਮੀ, ਸਾਦਗੀ ਅਤੇ ਬੁਰੇ ਦਾ ਭਲਾ ਕਰਨ ਨੂੰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਦੇ ਮਨੋਰਥ ਸਦਕਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਫ਼ਰੀਦਕੋਟ ਵਿਖੇ 19 ਤੋਂ 23 ਸਤੰਬਰ ਤੱਕ ਮਨਾਏ ਜਾ ਰਹੇ ਆਗਮਨ ਪੁਰਬ ਦੇ 5ਵੇਂ ਦਿਨ ਸਰਬੱਤ ਦੇ ਭਲੇ ਲਈ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਐਸਐਸਪੀ ਸ.ਗੁਰਬੰਸ ਸਿੰਘ ਬੈਂਸ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਏ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਬਾਬਾ ਫਰੀਦ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਾਬਾ ਫਰੀਦ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਆਪਣੇ ਜੀਵਨ ਵਿੱਚ ਉਨ੍ਹਾਂ ਸਿੱਖਿਆਵਾਂ ਨੂੰ ਅਮਲ ਵਿੱਚ ਲਿਆ ਕੇ ਅਪਣਾਉਣਾ ਚਾਹੀਦਾ ਹੈ। ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਫਰੀਦ ਜੀ ਇਸੇ ਤਰ੍ਹਾਂ ਹੀ ਸਾਡੇ ਤੇ ਕਿਰਪਾ ਬਣਾ ਕੇ ਰੱਖਣ ਅਤੇ ਗੁਰੂ ਸਾਹਿਬ ਦੀ ਬਾਣੀ ਸੁਣ ਕੇ ਅਸੀਂ ਆਪਣਾ ਜੀਵਨ ਸਫਲ ਬਣਾਈਏ। ਇਹ ਨਗਰ ਕੀਰਤਨ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਬਾਬਾ ਫ਼ਰੀਦ ਜੀ ਦੀ ਇਲਾਹੀ ਬਾਣੀ ਦੇ ਗੁਣਗਾਣ ਨਾਲ ਸ਼ਾਮਿਲ ਭਾਰੀ ਗਿਣਤੀ ਸੰਗਤਾਂ ਨੂੰ ਨਿਹਾਲ ਕਰਦਾ ਆਰੰਭ ਹੋਇਆ। ਨਗਰ ਕੀਰਤਨ ਵਿੱਚ ਸ਼ਾਮਿਲ ਇੱਕ ਵਿਸ਼ੇਸ਼ ਵਾਹਨ ’ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਫੁੱਲਾਂ ਨਾਲ ਸਜਾਈ ਹੋਈ ਸੀ ਜਿਸ ’ਤੇ ਦੋਨਾਂ ਰਸਤਿਆਂ ’ਚ ਖੜੀ ਸਾਧ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਸੀਸ ਝੁਕਾਇਆ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਇਸ ਦੌਰਾਨ ਸਾਰੇ ਰਸਤੇ ’ਤੇ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਨਗਰ ਕੀਰਤਨ ਦੇ ਅੱਗੇ ਅੱਗੇ ਚੱਲ ਕੇ ਪੂਰੇ ਰਸਤੇ ਦੀ ਸਫਾਈ ਦੀ ਸੇਵਾ ਕੀਤੀ ਜਾ ਰਹੀ ਸੀ। ਇਸ ਤੋਂ ਇਲਾਵਾ ਸ਼ਰਧਾਲੂਆਂ ਵੱਲੋਂ ਥਾਂ-ਥਾਂ ’ਤੇ ਚਾਹ, ਮਠਿਆਈ, ਫਲ ਆਦਿ ਦੇ ਲੰਗਰ ਵੀ ਲਗਾਏ ਗਏ। ਬਾਬਾ ਫ਼ਰੀਦ ਜੀ ਦੀ ਉਚਾਰੀ ਬਾਣੀ ਦਾ ਜਾਪ ਕਰਦਿਆਂ ਜਦ ਇਹ ਨਗਰ ਕੀਰਤਨ ਡਿਪਟੀ ਕਮਿਸ਼ਨਰ ਨਿਵਾਸ ਦੇ ਨਜ਼ਦੀਕ ਪਹੁੰਚਿਆਂ ਤਾਂ ਇੱਥੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਰੁਮਾਲਾ ਭੇਂਟ ਕੀਤਾ ਅਤੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਇਸ ਤੋਂ ਪਹਿਲਾਂ ਆਪਣੇ ਨਿਵਾਸ ਸਥਾਨ ਦੇ ਬਾਹਰ ਡਿਪਟੀ ਕਮਿਸ਼ਨਰ ਨੇ ਸ਼ਰਧਾਲੂਆਂ ਦੀ ਲੱਡੂਆਂ ਅਤੇ ਚਾਹ ਦੇ ਲੰਗਰ ਨਾਲ ਸੇਵਾ ਵੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ ਕੋਟਕਪੂਰਾ ਸ.ਰਜਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਨ੍ਹਾਂ ਸਮੂਹ ਜਿਲ੍ਹਾ ਵਾਸੀਆਂ ਦਾ ਮੇਲੇ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਤਰਾਂ ਸ਼ਹਿਰ ਦੇ ਪ੍ਰਮੁੱਖ ਚੌਂਕਾਂ ਰਾਹੀਂ ਹੁੰਦਾ ਹੋਇਆ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਮਾਈ ਗੋਦੜੀ ਸਾਹਿਬ ਵਿਖੇ ਪੁੱਜਾ ਤਾਂ ਇੱਥੇ ਪੁੱਜ ਕੇ ਇਸਨੇ ਵਿਸ਼ਾਲ ਧਾਰਮਿਕ ਦੀਵਾਨ ਦਾ ਰੂਪ ਧਾਰਣ ਕਰ ਲਿਆ। ਇਸ ਮੌਕੇ ਮਸ਼ਹੂਰ ਰਾਗੀ ਜੱਥਿਆਂ ਵੱਲੋਂ ਸੰਗਤਾਂ ਨੂੰ ਆਪਣੇ ਮਨੋਹਰ ਕੀਰਤਨ ਨਾਲ ਨਿਹਾਲ ਕੀਤਾ ਗਿਆ।

