ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ : ਡਾ. ਬਲਬੀਰ ਸਿੰਘ
ਕਿਹਾ, ਖੇਡਾਂ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦਾ ਅਹਿਮ ਸਾਧਨ
ਜ਼ਿਲ੍ਹਾ ਪੱਧਰੀ ਖੇਡਾਂ ਦੇ ਪਹਿਲੇ ਦਿਨ ਵੱਖ-ਵੱਖ 15 ਖੇਡਾਂ ਦੇ ਹੋਏ ਮੁਕਾਬਲਿਆਂ ‘ਚ ਖਿਡਾਰੀਆਂ ਨੇ ਦਿਖਾਏ ਜੌਹਰ

ਪਟਿਆਲਾ, 27 ਸਤੰਬਰ:(ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ‘ਖੇਡਾਂ ਵਤਨ ਪੰਜਾਬ ਦੀਆਂ-4’ ਤਹਿਤ ਪਟਿਆਲਾ ਵਿਖੇ ਕਰਵਾਈਆਂ ਜਾ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ ਕਰਵਾਈ। ਕੁਲ 29 ਖੇਡਾਂ ਦੇ 27 ਤੋਂ 30 ਸਤੰਬਰ ਤੱਕ ਪਹਿਲੇ ਪੜਾਅ ਤੇ 1 ਤੋਂ 4 ਅਕਤੂਬਰ ਤੱਕ ਦੂਜੇ ਪੜਾਅ ‘ਚ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੌਰਾਨ 14 ਸਾਲ ਤੋਂ 70 ਸਾਲ ਤੋਂ ਉਪਰ ਦੀ ਉਮਰ ਦੇ ਵੱਡੀ ਗਿਣਤੀ ਖਿਡਾਰੀਆਂ ਵੱਲੋਂ ਪੂਰੇ ਉਤਸ਼ਾਹ ਤੇ ਜੋਸ਼ ਨਾਲ ਹਿੱਸਾ ਲਿਆ ਜਾ ਰਿਹਾ ਹੈ ਅਤੇ ਅੱਜ 15 ਖੇਡਾਂ ਦੇ ਹੋਏ ਮੁਕਾਬਲਿਆਂ ‘ਚ ਖਿਡਾਰੀਆਂ ਨੇ ਆਪਣੇ ਜੌਹਰ ਦਿਖਾਏ। ਇਸ ਮੌਕੇ ਸਿਹਤ ਮੰਤਰੀ ਦੇ ਨਾਲ ਮੇਅਰ ਨਗਰ ਨਿਗਮ ਕੁੰਦਨ ਗੋਗੀਆ, ਨੀਲਕਾਂਤ ਚੇਅਰਮੈਨ ਸਪੋਰਟਸ ਵੈਲਫੇਅਰ ਬਲਾਕ ਪਟਿਆਲਾ, ਭਗਵਾਨ ਦਾਸ ਜੁਨੇਜਾ ਤੇ ਪਰਮਿੰਦਰ ਭਲਵਾਨ ਵੀ ਮੌਜੂਦ ਰਹੇ।
ਇੱਥੇ ਪੋਲੋ ਗਰਾਊਂਡ ਵਿਖੇ ਉਦਘਾਟਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਤੇ ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਸ਼ੁਰੂ ਕੀਤਾ ‘ਖੇਡਾਂ ਵਤਨ ਪੰਜਾਬ ਦੀਆਂ’ ਇੱਕ ਸਫ਼ਲ ਉਪਰਾਲਾ ਬਣ ਕੇ ਉਭਰਿਆ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਅਤੇ ਉਨ੍ਹਾਂ ਨੂੰ ਸੂਬਾ ਤੇ ਕੌਮੀ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਉਣ ਲਈ ਢੁਕਵੇਂ ਮੌਕੇ ਮੁਹੱਈਆ ਕਰਵਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਸੂਬੇ ਦੀ ਅਹਿਮ ਤਾਕਤ ਹੈ ਅਤੇ ਸਰਕਾਰ ਵੱਲੋਂ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਦੇਣ ਲਈ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ।
ਖੇਡ ਵਿਭਾਗ ਪਟਿਆਲਾ ਵੱਲ਼ੋਂ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ ਦੌਰਾਨ ਪਹਿਲੇ ਦਿਨ ਐਥਲੈਟਿਕਸ, ਕਬੱਡੀ ਸਰਕਲ ਸਟਾਇਲ, ਵਾਲੀਬਾਲ ਸ਼ੂਟਿੰਗ, ਹੈਂਡਬਾਲ, ਗੱਤਕਾ, ਬੈਡਮਿੰਟਨ, ਲਾਅਨ ਟੈਨਿਸ, ਟੇਬਲ ਟੈਨਿਸ, ਤੈਰਾਕੀ, ਰੋਲਰ ਸਕੇਟਿੰਗ, ਚੈੱਸ, ਆਰਚਰੀ, ਕਿੱਕ ਬਾਕਸਿੰਗ ਅਤੇ ਟੈਨਿਸ ਬਾਲ ਕ੍ਰਿਕਟ ਖੇਡਾਂ ਵੱਖ-ਵੱਖ ਉਮਰ ਵਰਗ ਅਤੇ ਵੱਖ-ਵੱਖ ਸਥਾਨਾਂ ‘ਤੇ ਕਰਵਾਈਆਂ ਗਈਆਂ।
ਇਹਨਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ, ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਬੱਡੀ ਸਰਕਲ ਸਟਾਇਲ ਉਮਰ ਵਰਗ ਅੰਡਰ-14 ਲੜਕਿਆਂ ਵਿੱਚ ਪਾਤੜਾਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਸਮਾਣਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਟੇਬਲ ਟੈਨਿਸ ਮੈਨ ਉਮਰ ਵਰਗ 61-70 ਵਿੱਚ ਇੰਦਰਜੀਤ ਸਿੰਘ ਨੇ ਪਹਿਲਾ, ਅਮਰਜੋਤ ਸਿੰਘ ਨੇ ਦੂਸਰਾ, ਅਮਰਜੀਤ ਸਿੰਘ ਅਤੇ ਬਲਬੀਰ ਗੁਪਤਾ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ। ਵੁਮੈਨ ਉਮਰ ਵਰਗ 51-60 ਵਿੱਚ ਮਮਤਾ ਪੱਥੇ ਨੇ ਪਹਿਲਾ ਸਥਾਨ ਅਤੇ ਸ਼ਭਰੀਕਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਵੁਮੈਨ ਉਮਰ ਵਰਗ 41-50 ਵਿੱਚ ਸੁਮਨ ਨੇ ਪਹਿਲਾ ਸਥਾਨ ਅਤੇ ਆਰਤੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੀਨੀਅਰ ਲੜਕੀਆਂ ਉਮਰ ਵਰਗ 21-30 ਵਿੱਚ ਕੁਮਾਰੀ ਨੇਹਾ ਨੇ ਪਹਿਲਾ ਸਥਾਨ, ਦੀਕਸ਼ਾ ਨੇ ਦੂਸਰਾ, ਨੇਹਾ ਅਤੇ ਲਵਪ੍ਰੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਡੀ ਐਸ ਓ ਨੇ ਹੋਰ ਦੱਸਿਆ ਕਿ ਐਥਲੈਟਿਕਸ 3000 ਮੀਟਰ ਅੰਡਰ-17 ਲੜਕਿਆਂ ਵਿੱਚ ਪ੍ਰਿਆਸ਼ੂ ਨੇ ਪਹਿਲਾ ਸਥਾਨ, ਸ੍ਰੀਕਾਂਤ ਨੇ ਦੂਸਰਾ ਸਥਾਨ ਅਤੇ ਗੁਰਦੀਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। 600 ਮੀਟਰ ਅੰਡਰ-14 ਲੜਕੀਆਂ ਵਿੱਚ ਅੰਸ਼ਿਕਾ ਨੇ ਪਹਿਲਾ ਸਥਾਨ, ਸ਼ਗਨਪ੍ਰੀਤ ਕੌਰ ਨੇ ਦੂਸਰਾ ਸਥਾਨ ਅਤੇ ਅੰਸ਼ੁਲ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਰਚੀ। 400 ਮੀਟਰ ਅੰਡਰ-17 ਲੜਕੀਆਂ ਵਿੱਚ ਅਰੂਹੀ ਨੇ ਪਹਿਲਾ ਸਥਾਨ, ਮਾਹੀ ਨੇ ਦੂਸਰਾ ਸਥਾਨ ਅਤੇ ਸੁਖਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਵਾਲੀਬਾਲ ਸ਼ੂਟਿੰਗ ਅੰਡਰ-17 ਲੜਕਿਆਂ ਵਿੱਚ ਸਮਾਣਾ ਦੀ ਟੀਮ ਨਾਭਾ ਦੀ ਟੀਮ ਨੂੰ 2-0 ਨਾਲ ਹਰਾ ਕੇ ਜੇਤੂ ਰਹੀ ਅਤੇ ਪਾਤੜਾਂ ਦੀ ਟੀਮ ਪਟਿਆਲਾ ਦੀ ਟੀਮ ਨੂੰ 2-0 ਨਾਲ ਹਰਾ ਕੇ ਜੇਤੂ ਰਹੀ।
ਇਸ ਤੋਂ ਇਲਾਵਾ ਹੈਂਡਬਾਲ ਅੰਡਰ-14 ਲੜਕਿਆਂ ਵਿੱਚ ਪੋਲੋ ਗਰਾਊਂਡ ਦੀ ਟੀਮ ਨੇ ਭੁਨਰਹੇੜੀ ਬੀ ਦੀ ਟੀਮ ਨੂੰ ਹਰਾਇਆ, ਸਨੌਰ ਦੀ ਟੀਮ ਨੇ ਰਾਜਪੁਰਾ ਨੂੰ ਅਤੇ ਬਾਰਨ ਦੀ ਟੀਮ ਨੇ ਸਨੌਰ ਬੀ ਦੀ ਟੀਮ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਤੈਰਾਕੀ ਗੇਮ ਵਿੱਚ ਉਮਰ ਵਰਗ ਅੰਡਰ-14 ਲੜਕੀਆਂ 100 ਮੀਟਰ ਫਰੀ ਸਟਾਇਲ ਵਿੱਚ ਹਰਸਿਮਰਤ ਕੌਰ ਨੇ ਪਹਿਲਾ, ਏਕਮਜੋਤ ਨੇ ਦੂਸਰਾ ਅਤੇ ਐਸ਼ਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਅੰਡਰ-14 ਲੜਕੇ 50 ਮੀਟਰ ਬੈਕ ਸਟ੍ਰੋਕ ਵਿੱਚ ਯੁਵਰਾਜ ਸਿੰਘ ਨੇ ਪਹਿਲਾ, ਨਵਨੂਰ ਸਿੰਘ ਨੇ ਦੂਸਰਾ ਅਤੇ ਗੁਰਨੂਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

