ਜੱਗ ਜਹਾਨੋਂ ਤੁਰ ਗਈ ਭਾਵੇਂ,
ਨੂਰ ਜਹਾਂ ਹਾਲੇ ਵੀ ਗਾਉਂਦੀ।
ਧਰਤੀ ਧਰਤੀ ਪਰਬਤ ਪਰਬਤ,
ਧਰਤੀ ਹੇਠ ਪਤਾਲ ਤੋਂ ਲੈ ਕੇ,
ਅੰਬਰ ਦੇ ਵਿਚ
ਜਗਦੇ ਸੂਰਜ ਤਾਰਿਆਂ ਤੀਕਰ।
ਜੋ ਜੋ ਜਾਗਣ ਸਾਰਿਆਂ ਤੀਕਰ।
ਨੂਰ ਜਹਾਂ ਹਾਲੇ ਵੀ ਗਾਉਂਦੀ।
ਬੋਲ ਸੁਣਾਉਂਦੀ।
ਰੋਮ ਰੋਮ ਝਰਨਾਟ ਛੇੜਦੀ।
ਜਿਵੇਂ ਪਹਾੜੋਂ ਝਰਨਾ ਕੋਈ,
ਨਿਰਮਲ ਨਿਰਮਲ ਨੀਰ ਲਿਆਵੇ।
ਧਰਤ ਪਿਆਸੀ
ਅੰਦਰ ਮੁੜ ਕੇ ਸਵਾਸ ਜਗਾਵੇ।
ਪੀਰ ਫ਼ਕੀਰ ਦੀ ਕਬਰ ਤੇ ਜਗੇ ਚਿਰਾਗ ਵਾਂਗਰਾਂ,
ਨੇਰ੍ਹ ਚੀਰਦੀ ਸੁਰ ਜਦ ਲਾਵੇ।
ਕਣ ਕਣ ਝੂਮ ਉੱਠੇ ਤੇ
ਖ਼ੂਬ ਵਜਦ ਵਿਚ ਆਵੇ।
ਰੌਸ਼ਨੀਆਂ ਦੀ ਅੰਬਰ ਗੰਗਾ
ਖਿੜ ਖਿੜ ਜਾਵੇ।
ਧਰਤ ਹਨੇਰੀ ਰੌਸ਼ਨ ਕਰਦੀ।
ਚਾਨਣ ਚਾਨਣ ਕਣੀਆਂ ਵਰਗੀ ਬਾਰਸ਼ ਵਰ੍ਹਦੀ।
ਨੂਰੋ ਨੂਰ ਧਰਤ ਦੇ ਮੱਥੇ
ਸਭ ਰੰਗ ਭਰਦੀ।
ਨੂਰ ਜਹਾਂ ਦੀ ਸ਼ਾਹ ਰਗ ਅੰਦਰ,
ਮਾਰੂਥਲ ਦੀ ਹੂਕ ਕੂਕਦੀ।
ਜਿਵੇਂ ਸ਼ੁਤਰ ਦੇ ਗਲ ਵਿਚ,
ਲਮਕਣ ਟੱਲ ਮ ਟੱਲੀਆਂ।
ਇਕ ਦੂਜੇ ਤੋਂ ਦੂਰ ਪਰੁੱਚੀਆਂ
ਕੱਲ੍ਹ-ਮ-ਕੱਲ੍ਹੀਆਂ।
ਕਾਫ਼ਲਿਆਂ ਤੋਂ ਨਿੱਖੜ ਗਈਆਂ,
ਕਿੰਨੀਆਂ ਸੱਸੀਆਂ
ਪੁੰਨੂੰਆਂ ਛਲੀਆਂ।
ਫਿਰ ਵੀ ਪੁੰਨਣ ਕੂਕ ਕੂਕ
ਹੋ ਰਹੀਆਂ ਝੱਲੀਆਂ।
ਨੂਰ ਜਹਾਂ ਦੀ ਕੂਕ ਅੱਲਾਹੀ,
ਧੁਰ ਦਰਗਾਹੀਂ ਪਹੁੰਚਣ ਵਾਲੀ।
ਦਰਦਮੰਦਾਂ ਦੀਆਂ ਆਹੀਂ ਵਾਂਗੂੰ।
ਅੰਬਰ ਕਾਲਾ ਕਰਨ ਵਾਲੀਆਂ
ਹੂਕਾਂ ਕੂਕਾਂ।
ਜਿਵੇਂ ਸ਼ਰੀਂਹ ਦੀ ਟਾਹਣੀ ਉੱਤੇ,
ਸੁੱਕੀਆਂ ਫ਼ਲੀਆਂ ਵਾਲੀਆਂ ਲੜੀਆਂ।
ਹਵਾ ਹਿਲੋਰੇ ਨਾਲ ਛਣਕ,
ਝਰਨਾਟਾਂ ਛੇੜਨ ਰੂਹ ਵਿਚ ਬੜੀਆਂ।
ਵਸਲ ਉਡੀਕੇ,
ਹਿਜਰ ਦੀਆਂ ਮੁੱਕ ਜਾਵਣ ਘੜੀਆਂ।
ਨੂਰ ਜਹਾਂ ਦਾ ਨੂਰ,
ਸ਼ਬਦ ਤੋਂ ਬਹੁਤ ਅਗਾਂਹ ਹੈ।
ਯਾਰ ਬਲੋਚ ਦੀ ਤਾਂਘ ‘ਚ,
ਲੁੱਛਦੀ ਸੱਸੀ ਵਰਗਾ।
ਤਪਦੀ ਰੇਤ ਤੇ ਵਾਹੋਦਾਰੀ,
ਭੱਜਦੀ ਪੈਰੀਂ ਛਾਲੇ ਲੈ ਕੇ।
ਆਪਣੇ ਆਪੇ ਵੱਲ ਨੂੰ,
ਆਪੇ ਭੱਜੀ ਆਉਂਦੀ।
ਨੂਰ ਜਹਾਂ ਹਾਲੇ ਵੀ ਗਾਉਂਦੀ।
◾️
🔹ਗੁਰਭਜਨ ਗਿੱਲ

