ਅਮਰੀਕਾ 27 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਅਮਰੀਕਾ ਨੂੰ ਜਾ ਤਾਂ ਭਾਵੇਂ ਰਿਹਾ ਹੀ ਸਾਂ ਪਰ ਇਸ ਵਾਰ ਅੰਦਰ ਚਾਅ ਉਵੇਂ ਲੁੱਡੀਆਂ ਨਹੀਂ ਸੀ ਪਾ ਰਿਹਾ ਜਿਵੇਂ ਅੱਗੇ ਹਰ ਵਾਰੀ ਹੁੰਦਾ ਸੀ। ਅਸਲ ਵਿੱਚ ਯੂਰਪ ਦੇ ਵੀਹ ਕੁ ਦਿਨਾਂ ਦੇ ਟੂਰ ਨਾਲ਼ ਹੀ ਕੋਈ ਰੱਜ ਜਿਹਾ ਆ ਗਿਆ ਸੀ। ਕੁਦਰਤੀ ਹੁਸਨ, ਕਲਾਸਕੀ ਰੰਗਣ ਵਾਲ਼ੀ ਇਮਾਰਤ ਕਲ਼ਾ ਅਤੇ ਸਭਿਅਕ ਜਿਹੀ ਜੀਵਣ–ਜਾਚ ਸਭ ਕੁਝ ਮੇਰੇ ਮਨ ਨੂੰ ਭਾਉਣ ਵਾਲ਼ਾ ਸੀ। ਸੁਭਾਅ ਵਜੋਂ ਮੈਂ ਖ਼ੁਦ ਵੀ ਥੋੜ੍ਹਾ ਸਹਿਜ ਅਤੇ ਠਰੰਮੇ ਵਾਲ਼ਾ ਹਾਂ, ਇਸ ਲਈ ਯੂਰਪੀ ਸ਼ੈਲੀ ਨਾਲ਼ ਮੇਰੀ ਵਾਹਵਾ ਰੱਚਕ ਬੈਠ ਗਈ ਸੀ। ਕਿਸੇ ਵਕਤ ਦੇ ਬਸਤੀਵਾਦੀ ਤਿੱਖੇ ਤੇਵਰਾਂ ਵਾਲ਼ੇ ਯੂਰਪ ਦੇ ਉਲਟ ਹੁਣ ਵਾਲ਼ਾ ਯੂਰਪ ਤਾਂ ਮੈਨੂੰ ਭਾਰਤ ਵਾਂਗ ਹੀ ਪਰੰਪਰਾ ਦੇ ਕਿੱਲੇ ਨਾਲ਼ ਕੁਝ ਵਧੇਰੇ ਹੀ ਬੱਝਿਆ ਪ੍ਰਤੀਤ ਹੋਇਆ ਸੀ। ਇਸੇ ਕਰਕੇ ਜੇ ਮੇਰੇ ਵਰਗਿਆਂ ਨੂੰ ਉਹ ਠਹਿਰਿਆ ਜਿਹਾ ਯੂਰਪ ਬਹਿਸ਼ਤ ਜਾਪਦਾ ਸੀ ਤਾਂ ਉਥੋਂ ਦੀ ਨਵੀਂ ਪੀੜ੍ਹੀ ਉਸ ‘ਸਲੋਅ’ ਸ਼ੈਲੀ ਤੋਂ ਅਕੇਵਾਂ ਮਹਿਸੂਸ ਹੁੰਦਾ ਸੀ, ਇਸ ਲਈ ਉਹ ਅਮਰੀਕਾ ਦੀ ‘ਅਗਰੈਸਿਵ’ ਜੀਵਣ–ਜਾਚ ਵੱਲ ਭੱਜਣਾ ਲੋਚਦੀ ਸੀ।
ਮੈਂ ਫਰੈਂਕਫਰਟ ਏਅਰਪੋਰਟ ਦੇ ਲੌਂਜ ਵਿੱਚ ਬੈਠਾ ਅਮਰੀਕਾ ਅਤੇ ਯੂਰਪ ਨੂੰ ਤੱਕੜੀ ਦੇ ਦੋ ਪੱਲੜਿਆਂ ’ਚ ਪਾ ਕੇ ਤੋਲ ਹੀ ਰਿਹਾ ਸਾਂ ਕਿ ਬੋਰਡਿੰਗ ਲਈ ਐਲਾਨ ਹੋ ਗਿਆ। ਪ੍ਰੀਮੀਅਮ ਕਲਾਸ ਵਾਲ਼ੀ ਟਿਕਟ ਹੋਣ ਕਰਕੇ ਮੈਨੂੰ ਜਹਾਜ਼ ਵੱਲ ਜਾਣ ਦੀ ਵੀ ਪਹਿਲ ਮਿਲ ਗਈ ਅਤੇ ਅਗਾਂਹ ਕਰਿਊ ਸਟਾਫ਼ ਨੇ ਵੀ ਮੈਨੂੰ ਕੁਝ ਉਚੇਚ ਜਿਹੇ ਨਾਲ਼ ਮੇਰੀ ਸੀਟ ਵੱਲ ਭੇਜਿਆ। ਇਸ ਨਾਲ਼ ਅਮਰੀਕੀ ‘ਬਾਊਂਸਰ’ ਵੱਲੋਂ ਦਿੱਤੇ ਹੀਣ–ਭਾਵ ਦੀ ਚੀਸ ਕੁਝ ਮੱਧਮ ਪੈ ਗਈ ਅਤੇ ਮਾਣ ਜਿਹਾ ਮਹਿਸੂਸ ਹੋਇਆ। ਫੁੱਲ ਕੇ ਕੁੱਪਾ ਹੋਇਆ ਮੈਂ ਬੜੇ ਟੌਅਰ ਨਾਲ਼ ਵਿੰਡੋ ਸੀਟ ਉੱਤੇ ਬੈਠ ਕੇ ਬਾਹਰ ਹਵਾਈ ਪੱਟੀ ਵੱਲ ਜਾ ਰਹੇ ਜਹਾਜ਼ਾਂ ਦੀ ਕਤਾਰ ਨੂੰ ਵੇਖਣ ਲੱਗਿਆ ਕਿ “ਐਕਸਕਿਊਜ਼ ਮੀ” ਦੀ ਥੋੜ੍ਹੀ ਹਰਖ਼ੀ ਜਿਹੀ ਆਵਾਜ਼ ਮੇਰੇ ਕੰਨਾਂ ਨਾਲ਼ ਟਕਰਾਈ। ਇੱਕ ਤਕੜੇ ਜੁੱਸੇ ਵਾਲ਼ੀ ਗੋਰੀ ਮੁਟਿਆਰ ਮੇਰੀ ਸੀਟ ਕੋਲ਼ ਮੈਨੂੰ ਜ਼ਾਬਤੇ ਵਾਲ਼ੀ, ਪਰ ਤਿੱਖੀ ਸੁਰ ਵਿੱਚ ਜਤਾ ਰਹੀ ਸੀ ਕਿ ਮੈਂ ਉਸ ਦੀ ਵਿੰਡੋ ਸੀਟ ਉੱਤੇ ਬੈਠਾ ਸਾਂ। ‘ਇਹ ਕੀ ਹੋ ਰਿਹਾ ਐ ਅੱਜ ?, ਕੀ ਮੈਂ ਸੱਚਮੁੱਚ ਸੱਤਰਿਆ–ਬਹੱਤਰਿਆ ਹੋ ਗਿਆ ਹਾਂ, ਜਾਂ ਏਅਰਪੋਰਟ ਉੱਤੇ ‘ਬਾਊਂਸਰ’ ਦੀ ਘੁਰਕੀ ਦਾ ਝੰਬਿਆ ਹੁਣ ਤੱਕ ਉਂਜ ਹੀ ਬੌਂਦਲਿਆ ਹੋਇਆ ਹਾਂ।’ ਸੋਚਦਿਆਂ ਮੈਂ ਬਿਨਾਂ ਕਿਸੇ ਰੱਫੜ ਵਿੱਚ ਪੈਣ ਦੇ ‘ਸੌਰੀ’ ਕਹਿੰਦਿਆਂ ਉਸ ਲਈ ਵਿੰਡੋ ਸੀਟ ਖਾਲੀ ਕਰ ਦਿੱਤੀ ਅਤੇ ਅਵਾਜ਼ਾਰੀ ਜਿਹੀ ਮਹਿਸੂਸ ਕਰਦਿਆਂ ਸਭ ਪਾਸਿਉਂ ਬੇਧਿਆਨਾ ਜਿਹਾ ਹੋ ਕੇ ਬੈਠ ਗਿਆ। ਸ਼ਾਇਦ ਪੱਗ ਕਰਕੇ ਉਹ ਸੋਚ ਰਹੀ ਹੋਵੇ ਕਿ ਉਸ ਨੂੰ ਕਿਸੇ ਉਸਾਮਾ ਬਿਨ ਲਾਦਿਨ ਵਰਗੀ ਸ਼ਕਲ ਦੀ ‘ਗ਼ਲਤ ਸਵਾਰੀ’ ਨਾਲ਼ ਸੀਟ ਮਿਲ ਗਈ ਹੈ। ਫੇਰ ਤੋਂ “ਐਕਸਕਿਊਜ਼ ਮੀ” ਸੁਣਿਆਂ ਤਾਂ ਮੈਂ ਤ੍ਰਬਕ ਜਿਹਾ ਗਿਆ। ਉਹ ਆਪਣੀ ਬੈਲਟ ਲਾਉਣਾ ਚਾਹੁੰਦੀ ਸੀ ਜਿਸਦਾ ਬੱਕਲ ਮੇਰੇ ਹੇਠ ਦਬਿਆ ਹੋਇਆ ਸੀ। ਸੋਚਿਆ, ‘ਐਨੀ ਖਾਂਟ ਸਵਾਰੀ ਨਾਲ਼ ਬੈਠਿਆਂ ਅੱਜ ਤਾਂ ਅਮਰੀਕਾ ਦਾ ਲੰਮਾ ਸਫ਼ਰ ਔਖਾ ਹੀ ਕੱਟੂਗਾ।’
ਬੈਲਟ ਲਾ ਕੇ ਉਸ ਨੇ ਸੀਟ ਥੋੜ੍ਹੀ ਢਾਲਵੇਂ ਰੁਖ਼ ਕਰ ਲਈ ਅਤੇ ਅਰਾਮ ਕਰਨ ਦੀ ਮੁਦਰਾ ਵਿੱਚ ਸਰੀਰ ਢਿੱਲਾ ਛੱਡ ਦਿੱਤਾ। ਫਿਰ ਜਿਵੇਂ ਅਚਾਨਕ ਕੁਝ ਯਾਦ ਆ ਗਿਆ ਹੋਵੇ ਉਸ ਨੇ ਧੌਣ ਟੇਢੀ ਕਰਕੇ ਮੇਰੀ ਸ਼ਕਲ–ਸੂਰਤ ਦਾ ਜਾਇਜ਼ਾ ਜਿਹਾ ਲਿਆ ਅਤੇ ਅਜੀਬ ਜਿਹੇ ਢੰਗ ਨਾਲ਼ ਸਵਾਲ ਦਾਗ਼ ਦਿੱਤਾ।
“ਆਰ ਯੂ ਰਿਲੀਜੀਅਸ ਪਰਸਨ ?” ਮੇਰੀ ਪੱਗ ਵੱਲ ਵੇਖਦਿਆਂ ਉਸ ਨੇ ਰਤਾ ਧੀਮੀ ਸੁਰ ’ਚ ਪੁੱਛਿਆ। ਸ਼ਾਇਦ ਹੁਣ ਕੁਝ ਸਹਿਜ ਹੋ ਗਈ ਹੋਵੇਗੀ।
“ਯੈੱਸ, ਆਈ ਐਮ, ਏ ਸਿੱਖ ਫਰੋਮ ਇੰਡੀਆ”, ਉਸ ਉੱਤੇ ਚੰਗਾ ਪ੍ਰਭਾਵ ਪਾਉਣ ਦੇ ਮਨਸ਼ੇ ਨਾਲ਼ ਮੈਂ ਨਿਮਰ ਹੋ ਕੇ ਦੱਸਿਆ।
“ਯੂ ਮੀਨ, ਪਰੀਸਟ…?” ਸ਼ਾਇਦ ‘ਸਿੱਖ’ ਸ਼ਬਦ ਉਸ ਦੇ ਪੱਲੇ ਨਹੀਂ ਸੀ ਪਿਆ।
“ਨਾਟ ਪਰੀਸਟ, ਆਈ ਐਮ ਪ੍ਰੋਫ਼ੈਸਰ ਐਂਡ ਡੀਨ ਇਨ ਯੂਨੀਵਰਸਿਟੀ।” ‘ਗ਼ਲਤ ਸਵਾਰੀ’ ਵਾਲ਼ੇ ਪ੍ਰਭਾਵ ਨੂੰ ਹੋਰ ਘਟਾਉਣ ਦਾ ਯਤਨ ਕਰਦਿਆਂ ਮੈਂ ਥੋੜ੍ਹੇ ‘ਕਨਫੀਡੈਂਸ’ ਨਾਲ਼ ਕਿਹਾ।
“ਓਹ…ਆਈ ਸੀ… ਦੈਟਜ ਗਰੇਟ।” ਕਹਿੰਦਿਆਂ ਉਹ ਹੁਣ ਹੋਰ ਸਹਿਜ ਹੋ ਕੇ ਬੈਠ ਗਈ ਅਤੇ ਆਪਣੇ ਬਾਰੇ ਦੱਸਣ ਲੱਗੀ ਕਿ ਉਹ ਅਮਰੀਕਨ ਮੂਲ ਦੀ ਹੈ, ਸਾਈਕੋ–ਥੀਰੈਪਿਸਟ ਹੈ। ਕਿਸੇ ਐਮਰਜੈਂਸੀ ਅਸਾਈਨਮੈਂਟ ਲਈ ਫਰੈਂਕਫਰਟ ਆਈ ਸੀ, ਨੀਂਦ ਪੂਰੀ ਨਹੀਂ ਹੋ ਸਕੀ ਰਾਤ, ਥੋੜ੍ਹੀ ਖਿਝੀ ਜਿਹੀ ਮਹਿਸੂਸ ਕਰ ਰਹੀ ਹੈ। ਬੱਸ ਹੁਣ ਉਹ ਸੌਣਾ ਚਾਹੁੰਦੀ ਹੈ। ਉਸ ਨੇ ਅੱਖਾਂ ਉੱਤੇ ਕਾਲ਼ੀ ਪੱਟੀ ਰੱਖੀ, ਕੰਨਾਂ ’ਚ ਰਬੜ–ਬਡਜ ਦੇ ਲਏ ਅਤੇ ਜਹਾਜ਼ ਦੇ ਸ਼ੀਸ਼ੇ ਵੱਲ ਟੇਢੀ ਹੋ ਕੇ ਸੌਣ ਲੱਗੀ। ਹੁਣ ਮੈਂ ਵੀ ਸਹਿਜ ਹੋ ਗਿਆ ਕਿ ਸ਼ਾਇਦ ਅਮਰੀਕਨ ਬੀਬੀ ਦੀ ਖਿਝ ਵਕਤੀ ਸੀ, ਮੇਰੇ ਨਾਲ਼ ਉਸ ਨੂੰ ਕੋਈ ਖਾਸ ‘ਇਸ਼ੂ’ ਨਹੀਂ ਸੀ, ਬੱਸ ਲਹਿਜ਼ਾ ਹੀ ‘ਅਮਰੀਕਨ ਟੈਗ’ ਵਾਲ਼ਾ ਹੋਣ ਕਰਕੇ ਆਕੜ–ਕੰਨਾ ਸੀ।
ਕੁਝ ਰਿਲੈਕਸ ਜਿਹਾ ਮਹਿਸੂਸ ਕਰਦਿਆਂ ਮੈਂ ਇੱਕ ਫਰੈਂਚ ਫ਼ਿਲਮ ‘ਮਾਈ ਸੰਨ’ (2006) ਚਲਾ ਕੇ ਟਾਈਮ ਪਾਸ ਕਰਨ ਲੱਗ ਪਿਆ। ਇਹ ਫ਼ਿਲਮ ਇੱਕ ‘ਸਾਈਕਿਕ ਮਦਰ’ ਬਾਰੇ ਸੀ ਜਿਹੜੀ ਕਿਸੇ ਮਾਨਸਿਕ ਗੰਢ ਕਰਕੇ ਆਪਣੇ ਬੱਚੇ ਨਾਲ਼ ਹੀ ਅਜੀਬ ਵਿਵਹਾਰ ਕਰਦੀ ਹੈ। ਫ਼ਿਲਮ ਮੁੱਕੀ ਤਾਂ ਮੈਂ ਸੋਚਣ ਲੱਗਾ ਕਿ ਵਿਸ਼ੇਸ਼ ਪ੍ਰਸਥਿਤੀਆਂ ਹੀ ਕਿਸੇ ਵਿਅਕਤੀ ਜਾਂ ਕੌਮ–ਦੇਸ਼ ਵਿੱਚ ਕੋਈ ਵਿਸ਼ੇਸ਼ ‘ਕੰਪਲੈਕਸ’ ਪੈਦਾ ਕਰ ਦਿੰਦੀਆਂ ਹਨ, ਜਿਹੜਾ ਉਸ ਨੂੰ ਉਲਾਰ ਬਣਾ ਦਿੰਦਾ ਹੈ, ਜਿਵੇਂ ‘ਸੁਪਰ ਪਾਵਰ’ ਹੋਣ ਦਾ ਅਭਿਮਾਨ ਥੋੜ੍ਹਾ ਜਾਂ ਬਹੁਤਾ ਹਰੇਕ ਅਮਰੀਕਨ ਦੇ ਵਿਵਹਾਰ ਵਿੱਚ ਟੈਂਅ ਦੇ ਰੂਪ ’ਚ ਸ਼ਾਮਲ ਨਜ਼ਰ ਆਉਣ ਲਗਦਾ ਹੈ। ਅਖੇ, ਜੁਆਨੀ ਕਮਲ਼ੀ ਤੇ ਰਾਜ ਚੂਚਕੇ ਦਾ ਇੱਥੇ ਕਿਸੇ ਦੀ ਕੀ ਪਰਵਾਹ ਮੈਨੂੰ, ਮੈਂ ਤਾਂ ਧਰੂਹ ਕੇ ਪਲੰਘ ਤੋਂ ਚਾ ਸੁੱਟਾਂ ਆਯਾ ਕਿੱਧਰੋਂ ਇਹ ਬਾਦਸ਼ਾਹ ਮੈਨੂੰ। ਐਵੇਂ ਹੀ ਮੈਨੂੰ ਫਿਊਡਲ ਟੈਂਅ ਵਾਲ਼ੀ ਹੀਰ ਦੀ ਮੜਕ ਯਾਦ ਆ ਗਈ।
ਇੰਨੇ ਨੂੰ ਆਪਣੀ ਨੀਂਦ ਪੂਰੀ ਕਰਕੇ ਅਮਰੀਕਨ ਬੀਬੀ ਵੀ ਠੀਕ ਹੋ ਕੇ ਬੈਠ ਗਈ। ਹੁਣ ਉਹ ਪਹਿਲਾਂ ਤੋਂ ਵੱਖਰੀ ਜਿਵੇਂ ਕੋਈ ਹੋਰ ਬੀਬੀ ਸੀ। ਨਿੱਕੀਆਂ ਨਿੱਕੀਆਂ ਪੁੱਛਾਂ ਪੁੱਛਦੀ ਉਹ ਗੱਲਬਾਤ ’ਚ ਰੁਚੀ ਲੈਣ ਲੱਗੀ। ਭਾਵੇਂ ਪੜ੍ਹੀ–ਲਿਖੀ ਸੀ ਪਰ ਭਾਰਤ ਬਾਰੇ ਉਸ ਨੂੰ ਮਸਾਂ ਹੀ ਮਾਮੂਲੀ ਜਾਣਕਾਰੀ ਸੀ ਅਤੇ ਪੰਜਾਬ ਤੇ ਸਿੱਖੀ ਸਬੰਧੀ ਤਾਂ ਇੱਲ ਦਾ ਨਾਂ ਕੋਕੋ ਵੀ ਨਹੀਂ ਸੀ ਪਤਾ। ਇਸ ਲਈ ਸੁਭਾਵਕ ਹੀ ਸੀ ਕਿ ਉਹ ਸਿਰ ਉੱਤੇ ਪੱਗ ਬੰਨ੍ਹੀ ਬੈਠੇ ਬੰਦੇ ਨੂੰ ਲਾਦਿਨ ਜਾਂ ਕੁਝ ਵੀ ਹੋਰ ਸਮਝ ਲੈਂਦੀ। ਫਿਰ ਵੀ ਸ਼ਾਇਦ ਮੇਰੀ ਪੋਚਵੀਂ ਪੱਗ ਦਾ ਵੱਖਰਾ ਜਿਹਾ ਸਟਾਈਲ ਵੇਖ ਕੇ ਉਸ ਦੀ ਰੁਚੀ ਪੱਗ ਬੰਨ੍ਹਣ ਦੇ ‘ਆਰਟ’ ਬਾਰੇ ਜਾਨਣ ਵਿੱਚ ਜ਼ਰੂਰ ਪੈਦਾ ਹੋ ਗਈ ਸੀ। ਮੈਂ ਹੁੱਬ ਕੇ ਦੱਸਿਆ ਕਿ ਮੇਰੇ ਬੰਨ੍ਹੀ ਪੱਗ ਦੇ ਸਟਾਈਲ ਨੂੰ ਪੰਜਾਬ ਵਿੱਚ ‘ਪਟਿਆਲਾ ਸ਼ਾਹੀ’ ਆਖਦੇ ਹਨ। ਜਦੋਂ ਪਟਿਆਲਾ ਅਤੇ ਸ਼ਾਹੀ ਦੇ ਅਰਥ ਦੱਸੇ ਤਾਂ ਉਹ ਸਗੋਂ ਹੋਰ ਭੰਬਲ਼ਭੂਸੇ ’ਚ ਫਸ ਗਈ।
“ਯੂ ਮੀਨ, ਯੂ ਆਰ ਫਰੌਮ ਇੰਪਰਰਜ ਫੈਮਿਲੀ… ਰਾਈਟ ?” ਉਸ ਨੇ ਹੈਰਾਨ ਹੋ ਕੇ ਜਾਨਣਾ ਚਾਹਿਆ। ਜਦੋਂ ਮੈਂ ‘ਨੋਹ’ ਕਿਹਾ ਤਾਂ ‘ਪਟਿਆਲਾ ਸ਼ਾਹੀ’ ਅਤੇ ‘ਸਿੱਖ ਸਟਾਈਲ’ ਦੀ ਸਾਂਝ ਅਤੇ ਵਖਰੇਵਾਂ ਉਸ ਲਈ ਅਲਜ਼ਬਰੇ ਦਾ ਸੁਆਲ ਬਣ ਗਿਆ। ਇਸ ਲਈ ਉਸ ਨੇ ਉੱਤਰ ਲੱਭਣ ਲਈ ਮਗਜ਼–ਪੱਚੀ ਕਰਨੀ ਛੱਡ ਕੇ ਸਿੱਧਾ ਜਿਹਾ ਸਵਾਲ ਪੁੱਛਿਆ ਕਿ ਕੀ ਇੰਡੀਆ ’ਚ ਘੁੰਮਣਾ ‘ਸੇਫ਼’ ਹੈ ? ਮੈਂ ਹਾਂ ਵਿੱਚ ਜਵਾਬ ਦਿੱਤਾ ਤਾਂ ਉਸ ਨੇ ਮਨ ਸਾਂਝਾ ਕੀਤਾ ਕਿ ਉਸ ਨੂੰ ‘ਇੰਡੀਆ’ ਜਾਣ ਦੀ ਕਦੇ ਵੀ ‘ਕਰਿਓਸਟੀ’ ਨਹੀਂ ਹੋਈ ਪਰ ਹੁਣ ਵਿਚਾਰ ਕੁਝ ਕੁਝ ਬਦਲ ਰਹੇ ਸਨ। ਉਸ ਨੇ ਦੱਸਿਆ, “ਬੱਟ ਨਾਓ ਆਈ ਵਿੱਲ ਟ੍ਰਾਈ ਟੂ ਥਿੰਕ ਅਦਰ–ਵੇ ਆਲਸੋ…।” ਸ਼ਾਇਦ ਇਹ ਸਾਡੀਆਂ ਗੱਲਾਂਬਾਤਾਂ ਦਾ ਹੀ ਅਸਰ ਸੀ ਕਿ ਹੁਣ ਉਹ ਭਾਰਤ ਅਤੇ ਪੱਗ ਵਾਲ਼ਿਆਂ ਬਾਰੇ ਕੁਝ ਨਾ ਕੁਝ ਭਰੱਪਣ ਭਰੇ ਭਾਵਾਂ ਨਾਲ਼ ਸੋਚਣ ਲੱਗ ਪਈ ਸੀ।
ਇੰਮੀਗਰੇਸ਼ਨ ਵਾਲ਼ੇ ਹਾਲ ਵਿੱਚ ਅਮਰੀਕਨ ਬੀਬੀ ਤਾਂ ਮੈਨੂੰ ਬਾਏ ਕਰਕੇ ਸਪੈਸ਼ਲ ਇੰਟਰੀ ਰਾਹੀਂ ਝੱਟ ਦੜਦੜਾਂਦੀ ਲੰਘ ਗਈ ਅਤੇ ਮੈਂ ‘ਗਲੋਬਲ ਪੈਸੰਜਰਜ’ ਦੇ ਬੋਰਡ ਵਾਲ਼ੀ ਕਤਾਰ ਵਿੱਚ ਖੜ੍ਹ ਗਿਆ। ਅਜੇ ਦੋ ਕਦਮ ਹੀ ਤੁਰਿਆ ਸਾਂ ਕਿ ਫਿਰ ਇੱਕ ਨੌਜਵਾਨ ਗਾਰਡ ਨੇ ਦੱਸਿਆ ਕਿ ਇਹ ਕਤਾਰ ਯੂਰਪ ਵਾਲ਼ਿਆਂ ਲਈ ਹੈ, ਇੰਡੀਅਨ ਪਾਸਪੋਰਟ ਵਾਲ਼ਿਆਂ ਨੇ ਪਰ੍ਹੇ ਲੱਗੇ ਕਾਊਂਟਰਾਂ ਵੱਲ ਦੀ ਲੰਘਣਾ ਹੈ। ਛਿੱਥਾ ਜਿਹਾ ਹੋ ਕੇ ਮੈਂ ਓਧਰ ਨੂੰ ਗਿਆ ਤਾਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਜਿੱਥੇ ਲੰਮੀਆਂ ਕਤਾਰਾਂ ਹੁੰਦੀਆਂ ਸਨ, ਘੰਟਾ–ਡੇੜ ਘੰਟਾ ਇੰਮੀਗਰੇਸ਼ਨ ਦੀ ਕਲੀਅਰਿੰਸ ਉੱਤੇ ਲੱਗ ਜਾਂਦਾ ਸੀ, ਉਥੇ ਤਾਂ ਅੱਜ ਮੂਲੋਂ ਹੀ ਉਜਾੜ ਪਿਆ ਦਿਸਦਾ ਸੀ; ਦਸ–ਪੰਦਰਾਂ ਕਾਊਂਟਰਾਂ ਉੱਤੇ ਇੰਮੀਗਰੇਸ਼ਨ ਅਫ਼ਸਰਾਂ ਦੀ ਵਿਹਲੇ ਬੈਠੇ ਮੱਖੀਆਂ ਮਾਰਨ ਵਾਲ਼ੀ ਹਾਲਤ ਸੀ। ਭਾਰਤੀ ਵਿਦਿਆਰਥੀ ਤਾਂ ਇੱਕ ਵੀ ਨਹੀਂ ਸੀ ਦਿਸਦਾ। ਟਰੰਪ ਦੀਆਂ ਨਵੀਆਂ ਪਰਵਾਸੀ–ਵਿਰੋਧੀ ਇੰਮੀਗਰੇਸ਼ਨ ਨੀਤੀਆਂ ਦਾ ਅਸਰ ਪ੍ਰਤੱਖ ਸੀ। ਮੈਂ ਇੱਕ ਮਿੰਟ ਵਿੱਚ ਹੀ ‘ਕਲੀਅਰ’ ਹੋ ਕੇ ਲੱਗੇਜ ਕਲੇਮ ਵਾਲ਼ੇ ਹਾਲ ’ਚ ਪਹੁੰਚ ਗਿਆ। ਬੇਟੇ ਗੁਣਵੰਤ ਹੋਰਾਂ ਨੂੰ ਫੋਨ ਕੀਤਾ ਤਾਂ ਉਹ ਅਜੇ ਘਰੋਂ ਹੀ ਨਹੀਂ ਚੱਲੇ ਸਨ। ਉਹ ਵੀ ਅਨੁਮਾਨ ਲਾਈ ਬੈਠੇ ਸਨ ਕਿ ਸਭ ਕੁਝ ਠੀਕ–ਠਾਕ ਵੀ ਹੋਇਆ ਤਾਂ ਵੀ ਅਮਰੀਕਾ ਵਾਲ਼ੇ ਘੱਟੋ ਘੱਟ ਘੰਟਾ ਤਾਂ ਇੰਮੀਗਰੇਸ਼ਨ ਕਲੀਅਰਿੰਸ ਉੱਤੇ ਹੀ ਲਾਉਣਗੇ।
ਫਿਰ ਅਗਲੇ ਦਿਨਾ ਵਿੱਚ ਤਾਂ ਸਭ ਕੁਝ ਚਿੱਟੇ ਦਿਨ ਵਾਂਗ ਹੀ ਸਪੱਸ਼ਟ ਹੋ ਗਿਆ। ਇਸ ਵਾਰ ਤਾਂ ਅੰਗਰੇਜ਼ੀ ਵਾਲ਼ਿਆਂ ਦੇ ਕਹਿਣ ਵਾਂਗ ‘ਸੀ–ਚੇਂਜ’ ਵਾਲ਼ੀ ਗੱਲ ਹੋਈ ਪਈ ਸੀ। ਅਜੇ ਦੋ ਸਾਲ ਪਹਿਲਾਂ 2023 ਦੇ ਅਗਸਤ–ਸਤੰਬਰ ਵਿੱਚ ਤਾਂ ਮੈਂ ਅਮਰੀਕਾ ਹੋ ਕੇ ਗਿਆ ਸਾਂ। ਉਦੋਂ ਚਾਰੇ ਪਾਸੇ ਇਹ ਚਰਚਾ ਸੀ ਕਿ ਮੈਕਸੀਕੋ ਦੇ ਬਾਰਡਰ ਤੋਂ ਹਜ਼ਾਰਾਂ ਲੋਕ ਰੋਜ਼ ਗ਼ੈਰ–ਕਾਨੂੰਨੀ ਢੰਗ ਨਾਲ਼ ਬਾਰਡਰ ਲੰਘ ਕੇ ਅਮਰੀਕਾ ’ਚ ਦਾਖ਼ਲ ਹੁੰਦੇ ਸਨ ਪਰ ਹੁਣ ਤਾਂ ਅਗਲਿਆਂ ਨੇ ਉੱਕਾ ਹੀ ਬੰਨ੍ਹ ਮਾਰ ਦਿੱਤਾ ਸੀ ਅਤੇ ਚਿੜੀ ਨਹੀਂ ਸੀ ਫੜਕਦੀ। ਇਸ ਦਾ ਮਤਲਬ ਸਪੱਸ਼ਟ ਸੀ ਕਿ ਉਹੀ ਹੁੰਦਾ ਹੈ ਜੋ ‘ਮਨਜ਼ੂਰੇ–ਹਕੂਮਤ’ ਹੁੰਦਾ ਹੈ। ਟਰੰਪ ਦੀ ਸੱਜੇ–ਪੱਖੀ ਪਾਰਟੀ ਦੀ ਜਿੱਤ ਲਈ ਜੇ ਹੁਣ ਪਰਵਾਸੀਆਂ ਉੱਤੇ ਪਰਸੂ ਰਾਮ ਵਾਲ਼ਾ ਕੁਹਾੜਾ ਚਲਾਉਣਾ ਜ਼ਰੂਰੀ ਸੀ ਤਾਂ ਚਲਾਇਆ ਜਾ ਰਿਹਾ ਸੀ। ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ। ਆਈ.ਸੀ.ਈ (Immigration and Customs Enforcement) ਮਹਿਕਮੇ ਵਾਲ਼ੇ ਪਰਵਾਸੀਆਂ ਮਗਰ ਹਰਲ ਹਰਲ ਕਰਦੇ ਫਿਰਦੇ ਸਨ, ਫੜ੍ਹੋ ਫੜ੍ਹੀ ਅਤੇ ਡਿਪੋਰਟੇਸ਼ਨ ਦਾ ਸਿਲਸਿਲਾ ਜਾਰੀ ਸੀ। ਬੇੜੀਆਂ, ਹੱਥਕੜੀਆਂ ਨਾਲ਼ ਨੂੜੇ ਪਰਵਾਸੀਆਂ ਦੇ ਜਹਾਜ਼ ਭਰ ਭਰ ਕੇ ਆਏ ਦਿਨ ਉਨ੍ਹਾਂ ਦੀ ਜਨਮ–ਭੂਮੀ ਵੱਲ ਭੇਜੇ ਜਾ ਰਹੇ ਸਨ। ਚਾਰੇ ਪਾਸੇ ਸਹਿਮ ਸੀ। ਮਹਿਫ਼ਲਾਂ ’ਚ ਇੱਕੋ ਹੀ ਵਿਸ਼ਾ ਚਿੱਥਿਆ ਜਾਣ ਲੱਗਾ ਸੀ ਕਿ ਅਮਰੀਕਾ–ਨਿਕਾਲ਼ੇ ਵਾਲ਼ਾ ਅਜਰਾਈਲ ਫਰਿਸ਼ਤਾ ਅੱਜ ਕਿਸ ਦੇ ਘਰ ਦਸਤਕ ਦੇਣ ਵਾਲ਼ਾ ਹੈ, ਕੋਈ ਨਹੀਂ ਜਾਣਦਾ। ਆਪਣੀ ਯਾਤਰਾ ਬਾਰੇ ਸੋਚਿਆ ਤਾਂ ਮਹਿਸੂਸ ਹੋਇਆ ਕਿ ਯੂਰਪ ਦੀ ਬੇਫ਼ਿਕਰੀ ਵਾਲ਼ੀ ਖੀਰ ਉੱਤੇ ਇਹ ਕੇਹੀ ਸਹਿਮ ਵਾਲ਼ੀ ਅਮਰੀਕੀ ਸਵਾਹ ਧੂੜੀ ਗਈ ਸੀ।
