ਲੁਧਿਆਣਾ, 30 ਸਤੰਬਰ:(ਵਰਲਡ ਪੰਜਾਬੀ ਟਾਈਮਜ਼)
ਮੌਜੂਦਾ ਵਿੱਤੀ ਸਾਲ (2026-27) ਲਈ ਪ੍ਰਾਪਰਟੀ ਟੈਕਸ ਦੀ ਅਦਾਇਗੀ ‘ਤੇ 10 ਫੀਸਦੀ ਛੋਟ ਪ੍ਰਾਪਤ ਕਰਨ ਲਈ ਬੁੱਧਵਾਰ (30 ਸਤੰਬਰ) ਆਖਰੀ ਦਿਨ ਹੋਣ ਕਾਰਨ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਕਾਇਆ ਟੈਕਸ ਸਮੇਂ ਸਿਰ ਜਮ੍ਹਾਂ ਕਰਵਾਉਣ ਅਤੇ ਛੋਟ ਦਾ ਲਾਭ ਉਠਾਉਣ।
ਨਿਵਾਸੀ ਨਗਰ ਨਿਗਮ ਦੇ ਜ਼ੋਨਲ ਸੁਵਿਧਾ ਕੇਂਦਰਾਂ ‘ਤੇ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਸਕਦੇ ਹਨ। ਸੁਵਿਧਾ ਕੇਂਦਰਾਂ ‘ਤੇ ਲੰਬੀਆਂ ਕਤਾਰਾਂ ਤੋਂ ਬਚਣ ਲਈ, ਨਿਵਾਸੀ mcludhiana.gov.in ‘ਤੇ ਜਾ ਕੇ ਆਨਲਾਈਨ ਵੀ ਟੈਕਸ ਜਮ੍ਹਾਂ ਕਰਵਾ ਸਕਦੇ ਹਨ।
ਜੇਕਰ ਮੌਜੂਦਾ ਵਿੱਤੀ ਸਾਲ ਲਈ ਪ੍ਰਾਪਰਟੀ ਟੈਕਸ ਦੀ ਅਦਾਇਗੀ 30 ਸਤੰਬਰ ਤੱਕ ਕੀਤੀ ਜਾਂਦੀ ਹੈ, ਤਾਂ ਨਿਵਾਸੀ 10 ਫੀਸਦੀ ਛੋਟ ਪ੍ਰਾਪਤ ਕਰ ਸਕਦੇ ਹਨ। 1 ਅਕਤੂਬਰ ਤੋਂ 31 ਦਸੰਬਰ ਤੱਕ ਟੈਕਸ ਅਦਾ ਕਰਨ ‘ਤੇ ਕੋਈ ਜੁਰਮਾਨਾ ਨਹੀਂ ਲਗਾਇਆ ਜਾਂਦਾ, ਜਦੋਂ ਕਿ ਵਿਭਾਗ ਵੱਲੋਂ 1 ਜਨਵਰੀ ਤੋਂ 31 ਮਾਰਚ ਤੱਕ ਟੈਕਸ ਅਦਾ ਕਰਨ ‘ਤੇ 10 ਫੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ। ਜੇਕਰ ਨਿਵਾਸੀ 31 ਮਾਰਚ ਤੱਕ ਮੌਜੂਦਾ ਵਿੱਤੀ ਸਾਲ ਲਈ ਪ੍ਰਾਪਰਟੀ ਟੈਕਸ ਅਦਾ ਕਰਨ ਵਿੱਚ ਅਸਫਲ ਰਹਿੰਦੇ ਹਨ, ਤਾਂ ਜੁਰaਮਾਨਾ ਵਧਾ ਕੇ 20 ਫੀਸਦੀ ਕਰ ਦਿੱਤਾ ਜਾਂਦਾ ਹੈ ਅਤੇ 18 ਫੀਸਦੀ ਸਾਲਾਨਾ ਵਿਆਜ ਵੀ ਲਗਾਇਆ ਜਾਂਦਾ ਹੈ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਨਿਵਾਸੀਆਂ ਨੂੰ ਮੁੜ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਲਾਭ ਉਠਾਉਣ ਅਤੇ 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਦੀ ਅਦਾਇਗੀ ‘ਤੇ 10 ਫੀਸਦੀ ਛੋਟ ਪ੍ਰਾਪਤ ਕਰਨ।

