

ਲੁਧਿਆਣਾ 1 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅੰਤਰ-ਕਾਲਜ ਯੁਵਕ ਮੇਲੇ ਦੀ ਵਿਰਾਸਤੀ ਅਤੇ ਕੋਮਲ ਕਲਾਵਾਂ ਦੀਆਂ ਵੰਨਗੀਆਂ ਵਿੱਚ ਹਿੱਸਾ ਲੈਣ ਵਾਲੇ ਯੂਨੀਵਰਸਿਟੀ ਵਿਦਿਆਰਥੀਆਂ ਦੇ ਹੁਨਰ ਨੂੰ ਹੋਰ ਨਿਖਾਰਨ ਲਈ ਨਿਰਦੇਸ਼ਕ ਵਿਦਿਆਰਥੀ ਭਲਾਈ, ਪੀ ਏ ਯੂ, ਲੁਧਿਆਣਾ ਵੱਲੋਂ ਦੋ ਦਿਨੀ ਵਿਰਾਸਤੀ ਅਤੇ ਕੋਮਲ ਕਲਾਵਾਂ ਦੀ ਵਰਕਸ਼ਾਪ ਦਾ ਆਯੋਜਨ ਮਿਤੀ 29 ਅਤੇ 30 ਸਤੰਬਰ, 2026 ਨੂੰ ਵਿਦਿਆਰਥੀ ਭਵਨ ਵਿਖੇ ਕੀਤਾ ਗਿਆ।
ਇਸ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ ਕਮਲਜੀਤ ਸਿੰਘ ਸੂਰੀ ਨੇ ਵਿਦਿਆਰਥੀਆਂ ਨੂੰ ਸ਼ੁਭ ਇਛਾਵਾਂ ਦਿੱਤੀਆਂ ਅਤੇ ਲਗਨ ਨਾਲ ਇਸ ਵਰਕਸ਼ਾਪ ਦੇ ਮਾਹਿਰਾਂ ਤੋਂ ਨੁਕਤੇ ਸਿੱਖਣ ਲਈ ਪ੍ਰੇਰਿਤ ਕੀਤਾ। ਡਾ ਕਮਲਜੀਤ ਸਿੰਘ ਸੂਰੀ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਇਸ ਸ਼ੈਸ਼ਨ ਦਾ ਅੰਤਰ-ਕਾਲਜ ਯੁਵਕ ਮੇਲਾ ਮਿਤੀ 30 ਅਕਤੂਬਰ ਤੋਂ 6 ਨਵੰਬਰ, 2026 ਨੂੰ ਆਯੋਜਿਤ ਕੀਤਾ ਜਾਵੇਗਾ। ਜਿਸ ਵਿੱਚ ਪੀ ਏ ਯੂ ਦੇ ਵੱਖ-ਵੱਖ ਕਾਲਜਾਂ ਅਤੇ ਸੰਸਥਾਵਾਂ ਦੇ ਵਿਦਿਆਰਥੀ ਲੋਕ ਨਾਚ, ਸੰਗੀਤਕ, ਕੋਮਲ ਕਲਾਵਾਂ, ਵਿਰਾਸਤੀ ਕਲਾਵਾਂ, ਸਾਹਿਤਕ ਅਤੇ ਰੰਗ ਮੰਚ ਸ਼੍ਰੇਣੀਆਂ ਦੀਆਂ ਵੱਖ ਵੱਖ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।
ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ ਕਲਚਰ, ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਭਾਗੀਦਾਰ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਅਤੇ ਉਹਨਾਂ ਦੇ ਹੁਨਰ ਨੂੰ ਹੋਰ ਨਿਖਾਰਣ ਲਈ ਵਰਕਸ਼ਾਪ ਦੇ ਪਹਿਲੇ ਦਿਨ ਕੋਮਲ ਕਲਾਵਾਂ ਦੀਆਂ 11 ਵੰਨਗੀਆਂ ਲਈ ਡਾ ਪੂਜਾ ਸ਼ਰਮਾ, ਮੁਖੀ ਕੋਮਲ ਕਲਾਵਾਂ ਵਿਭਾਗ, ਐਮ ਸੀ ਐਮ ਡੀ ਏ ਵੀ ਕਾਲਜ, ਚੰਡੀਗੜ ਨੇ ਵਿਦਿਆਰਥੀਆਂ ਨਾਲ ਗ੍ਰਾਫਟੀ, ਕੋਲਾਜ਼ ਬਣਾਉਨਾ, ਪੋਸਟਰ ਮੇਕਿੰਗ, ਕਾਰਟੂਨਿੰਗ, ਰੰਗੋਲੀ, ਮਹਿੰਦੀ, ਕਲੇਅ ਮਾਡਲੰਿਗ, ਪੇਟਿੰਗ, ਫੋਟੋਗ੍ਰਾਫੀ, ਡੂਡਲੰਿਗ, ਕੈਲੀਗ੍ਰਾਫੀ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਦੂਸਰੇ ਦਿਨ, ਵਿਰਾਸਤੀ ਕਲਾਵਾਂ ਦੀਆਂ 11 ਵੰਨਗੀਆਂ ਲਈ ਚੰਡੀਗੜ ਤੋਂ ਲੋਕ ਕਲਾਵਾਂ ਦੇ ਮਾਹਿਰ ਡਾ ਪ੍ਰਭਲੀਨ ਕੌਰ ਨੇ ਵਿਦਿਆਰਥੀਆਂ ਦੇ ਰੂਬਰੂ ਹੋਏ। ਡਾ ਪ੍ਰਭਲੀਨ ਨੇ ਵਿਦਿਆਰਥੀਆਂ ਨੂੰ ਇੰਨੂ ਬੁਣਨਾ, ਛਿੱਕੂ ਬੁਣਨਾ, ਫੁੱਲਕਾਰੀ ਕੱਢਣਾ, ਮਿੱਟੀ ਦੇ ਖਿਡੌਣੇ ਬਣਾਉਨਾ, ਨਾਲੇ ਬੁਣਨਾ, ਪੀੜ੍ਹੀ ਬੁਣਨਾ, ਪੱਖੀ ਬੁਣਨਾ, ਬੁਣਾਈ, ਦਸੂਤੀ ਦੀ ਕਢਾਈ, ਕਰੋਸ਼ੀਆ, ਗੁੱਡੀਆਂ ਪਟੋਲੇ ਬਣਾਉਣਾ ਦੀਆਂ ਵੰਨਗੀਆਂ ਦੇ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਯੂਨੀਵਰਸਿਟੀ ਦੇ ਰਜਿਸਟਰਿੰਗ ਅਫਸਰ, ਸ. ਸਤਵੀਰ ਸਿੰਘ ਨੇ ਦੱਸਿਆ ਕਿ ਇਸ ਦੋ ਦਿਨ ਦੀ ਕਲਾ-ਵਰਕਸ਼ਾਪ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਕੈਂਪਸ ਦੇ ਸਾਰੇ ਕਾਲਜਾਂ ਦੇ ਨਾਲ ਨਾਲ ਪੀ.ਏ.ਯੂ. ਐਗਰੀਕਲਚਰ ਕਾਲਜ, ਬੱਲੋਵਾਲ ਸੌਂਖੜੀ ਤੋਂ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਵੱਖ ਵੱਖ ਵੰਨਗੀਆਂ ਸਬੰਧੀ ਮਾਹਿਰਾਂ ਤੋਂ ਸਿਖਲਾਈ ਲਈ। ਇਸ ਵਰਕਸ਼ਾਪ ਦੌਰਾਨ ਡਾ ਅਭੀਸ਼ੇਕ ਸ਼ਰਮਾ, ਪ੍ਰਧਾਨ ਯੂਨੀਵਰਸਿਟੀ ਫਾਈਨ ਆਰਟਸ ਅਤੇ ਫੋਟੋਗ੍ਰਾਫੀ ਕਲੱਬ, ਡਾ ਕਮਲਦੀਪ ਸਿੰਘ ਸੰਘਾ, ਡਾ ਸ਼ਰਨਬੀਰ ਕੌਰ ਬੱਲ, ਡਾ ਕਰਨਬੀਰ ਸਿੰਘ ਗਿੱਲ, ਡਾ ਸੁਮਨ ਕੁਮਾਰੀ, ਡਾ ਗੁਰਨਾਜ਼ ਗਿੱਲ (ਵੱਖ ਵੱਖ ਕਾਲਜਾਂ ਦੇ ਡੀ ਡੀ ਐਮ ਸੀ ਪ੍ਰਧਾਨ), ਸਾਰੇ ਕਾਲਜਾਂ ਤੋਂ ਸਬੰਧਤ ਅਧਿਆਪਕ ਇੰਚਾਰਜ ਵੀ ਸ਼ਾਮਲ ਹੋਏ। ਡਾ ਆਸ਼ੂ ਤੂਰ ਨੇ ਇਸ ਵਰਕਸ਼ਾਪ ਦੌਰਾਨ ਮੰਚ ਦਾ ਸੰਚਾਲਨ ਕੀਤਾ।

