19-20 ਅਕਤੂਬਰ 1994 ਦਾ ਪ੍ਰੋ. ਮੋਹਨ ਸਿੰਘ ਮੇਲਾ ਪੱਖੋਵਾਲ ਰੋਡ ਸਥਿਤ ਪਾਲਮ ਵਿਹਾਰ ਵਿੱਚ ਹੋਇਆ ਸੀ ਦਾਦ ਪਿੰਡ ਸਾਹਮਣੇ। ਉਸ ਮੇਲੇ ਤੇ ਮੰਚ ਉੱਪਰ ਸਿਰਕੱਢ ਲੋਕ ਗਾਇਕ ਸੁਰਿੰਦਰ ਛਿੰਦਾ ਜਿੱਥੇ ਬੈਠਾ ਹੈ ਉਸ ਹੇਠ ਇੱਕ ਲੱਤ ਸ਼ਮਸ਼ੇਰ ਸਿੰਘ ਸੰਧੂ ਦੀ ਹੈ ਤੇ ਦੂਸਰੀ ਮੇਰੀ। ਮੇਰੀ ਦੂਸਰੀ ਲੱਤ ਨਾਲ ਨਿਰਮਲ ਜੌੜਾ ਹੈ।
ਤੇਤੀ ਸਾਲ ਪੁਰਾਣੀ ਤਸਵੀਰ ਕੱਲ੍ਹ ਰਾਤੀਂ ਸ਼ਮਸ਼ੇਰ ਨੇ ਮੈਨੂੰ ਭੇਜੀ ਹੈ। ਉਦੋਂ ਮੈ 40 ਸਾਲ ਦਾ ਸਾਂ ਲਗਪਗ ਤੇ ਛਿੰਦਾ ਮੈਥੋਂ ਅਠਾਰਾਂ ਦਿਨ ਨਿੱਕਾ। ਉਸ ਦਾ ਵਿਛੋੜਾ ਰੂਹ ਤੜਫਾ ਜਾਂਦਾ ਹੈ।
ਇਹੋ ਜਹੇ ਪਲਾਂ ਵਿੱਚ ਵਿੱਛੜੇ ਸੱਜਣ ਬਹੁਤ ਯਾਦ ਆਉਂਦੇ ਨੇ। ਮਿੱਤਰਾਂ ਦੇ ਵਿਛੋੜੇ ਤੇ ਲਿਖੀ ਇਹ ਗ਼ਜ਼ਲ ਮੈਂ ਆਪਣੀ ਕਿਤਾਬ “ਜ਼ੇਵਰ” ਵਿੱਚੋਂ ਤੁਹਾਨੂੰ ਭੇਂਟ ਕਰ ਰਿਹਾਂ।
▪️
ਗ਼ਜ਼ਲ
ਵਕਤ ਮੇਰੇ ਨਾਲ ਟਿਚਕਰ ਕਿਸ ਤਰ੍ਹਾਂ ਦੀ ਕਰ ਗਿਆ ।
ਜਾਨ ਤੋਂ ਵਧ ਸੀ ਪਿਆਰਾ, ਸਾਥ ਓਹੀ ਮਰ ਗਿਆ ।
ਦੇ ਗਿਆ ਉਹ ਜਾਣ ਵੇਲੇ ਪੋਟਲੀ ਪੀੜਾਂ ਸੁਗਾਤ,
ਦੇ ਗਿਆ ਕੈਸੀ ਨਿਸ਼ਾਨੀ, ਰੂਹ ਬਗੀਚੀ ਚਰ ਗਿਆ ।
ਇੱਕ ਮੁੱਦਤ ਬਾਦ ਜਦ ਹੋਇਆ ਮੈਂ ਸ਼ੀਸ਼ੇ ਰੂ ਬ ਰੂ,
ਕਿੰਜ ਦੱਸਾਂ, ਆਪਣੇ ਚਿਹਰੇ ਤੋਂ ਕਿੰਨਾ ਡਰ ਗਿਆ ।
ਯਾਦ ਉਹਦੀ ਬਣ ਦੋਮੂੰਹੀਂ, ਡੰਗਦੀ ਹੈ ਬਾਰ ਬਾਰ,
ਸਿਤਮ ਤੇਰਾ, ਸਿਦਕ ਮੇਰਾ ਵੇਖ ਕਿੱਦਾਂ ਜਰ ਗਿਆ ।
ਟਸਕਦੀ ਹੈ ਪੀੜ ਹਾਲੇ ਜਾਂਦਿਆਂ ਜੋ ਦੇ ਗਿਉਂ,
ਵੇਖ ਲੈ ਤੂੰ, ਓਹੀ ਛਾਲਾ, ਫੇਰ ਪੂਰਾ ਭਰ ਗਿਆ ।
ਇਹ ਜਨਮ ਤੇਰੇ ਹਵਾਲੇ, ਹੋਰ ਦੀ ਹੁਣ ਲੋੜ ਨਹੀਂ,
ਕਿਸ਼ਤ ਇੱਕੋ ਤਾਰ ਕੇ, ਥੋੜੇ ‘ਚ ਮੇਰਾ ਸਰ ਗਿਆ ।
ਯਾਦ ਤੈਨੂੰ ਕਰ ਲਿਆ ਤਾਂ ਪਰਤ ਕੇ ਆਈ ਬਹਾਰ,
ਸੁੰਨੀਆਂ ਟਾਹਣਾਂ ਤੇ ਮੌਸਮ ਸਬਜ਼ ਪੱਤੇ ਧਰ ਗਿਆ ।
ਗੁਰਭਜਨ ਗਿੱਲ

