*ਆਖਿਆ! ਪੰਜਾਬ ਦੇ ਲੋਕ ਭਾਜਪਾ ਦੀਆਂ ਅਜਿਹੀਆਂ ਸਿਆਸੀ ਚਾਲਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ*
ਕੋਟਕਪੂਰਾ, 9 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਘ ਕੰਮੇਆਣਾ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਸ਼ਹਿ ‘ਤੇ ਸੀ.ਬੀ.ਆਈ. ਵੱਲੋਂ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਅਤੇ ‘ਆਪ’ ਆਗੂਆਂ ਦੇ ਘਰਾਂ ‘ਤੇ ਕੀਤੀ ਛਾਪੇਮਾਰੀ ਖ਼ਿਲਾਫ਼ ਬੋਲਦਿਆਂ ਕਿਹਾ ਕਿ ਭਾਜਪਾ ਵੱਲੋਂ ਕੇਂਦਰੀ ਏਜੰਸੀਆਂ ਦੀ ਕਥਿਤ ਦੁਰਵਰਤੋਂ ਕਰਕੇ ਪੰਜਾਬ ਦੀ ਮਾਨ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਬੇਹੱਦ ਮੰਦਭਾਗੀ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ ‘ਤੇ ਸਿੱਧਾ ਹਮਲਾ ਹੈ। ਸ. ਕੰਮੇਆਣਾ ਨੇ ਕਿਹਾ ਕਿ ਪੰਜਾਬ ਦੇ ਲੋਕ ਭਾਜਪਾ ਦੀਆਂ ਅਜਿਹੀਆਂ ਸਿਆਸੀ ਚਾਲਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਚੁਣੀਆਂ ਹੋਈਆਂ ਸਰਕਾਰਾਂ ਨੂੰ ਲੋਕਾਂ ਦਾ ਫ਼ਤਵਾ ਹਾਸਲ ਹੁੰਦਾ ਹੈ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਸਿਆਸੀ ਹਿੱਤਾਂ ਲਈ
ਵਰਤਣਾ ਦੇਸ਼ ਦੇ ਸੰਘੀ ਢਾਂਚੇ ਲਈ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਸਿਹਤ, ਸਿੱਖਿਆ, ਬਿਜਲੀ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਕੀਤੇ ਜਾ ਰਹੇ ਕੰਮਾਂ ਤੋਂ ਵਿਰੋਧੀ ਧਿਰਾਂ ਬੌਖਲਾਈਆਂ ਹੋਈਆਂ ਹਨ। ਇਸੇ ਕਾਰਨ ਸਰਕਾਰ ਦੇ ਅਕਸ ਨੂੰ ਢਾਹ ਲਾਉਣ ਲਈ ਕੇਂਦਰੀ ਏਜੰਸੀਆਂ ਦਾ ਸਹਾਰਾ ਲਿਆ ਜਾ ਰਿਹਾ ਹੈ, ਪਰ ਪੰਜਾਬ ਦੇ ਸੂਝਵਾਨ ਲੋਕ ਸਭ ਕੁਝ ਸਮਝਦੇ ਹਨ। ਸੰਦੀਪ ਕੰਮੇਆਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਲਈ ਹਮੇਸ਼ਾ ਡੱਟ ਕੇ ਖੜ੍ਹੀ ਰਹੀ ਹੈ ਅਤੇ ਅਜਿਹੇ ਦਬਾਅ ਦੀ ਰਾਜਨੀਤੀ ਅੱਗੇ ਝੁਕਣ ਵਾਲੀ ਨਹੀਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇਮਾਨਦਾਰੀ ਅਗਵਾਈ ਹੇਠ ਸਰਕਾਰ ਲੋਕ ਭਲਾਈ ਦੇ ਕੰਮ ਪੂਰੀ ਮਜ਼ਬੂਤੀ ਨਾਲ ਜਾਰੀ ਰੱਖੇਗੀ ਅਤੇ ਭਾਜਪਾ ਦੇ ਅਜਿਹੇ ਡਰਾਵਿਆਂ ਤੋਂ ਡਰਨ ਵਾਲੀ ਨਹੀਂ ਸਗੋਂ ਡੱਟ ਕੇ ਜਵਾਬ ਦੇਵੇਗੀ।

