ਲੁਧਿਆਣਾ 09 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਅੱਜ ਪੀ.ਏ.ਯੂ. ਦੇ ਡਾ. ਮਨਮੋਹਨ ਸਿੰਘ ਬਹੁਮੰਤਵੀ ਹਾਲ ਵਿਖੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦੀ ਮੀਟਿੰਗ ਆਯੋਜਿਤ ਕੀਤੀ ਗਈ| ਇਸ ਪ੍ਰੋਗਰਾਮ ਦੇ ਨਿਰਦੇਸ਼ਕ ਅਤੇ ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਮੌਜੂਦਾ ਦੌਰ ਵਿਚ ਜੈਵਿਕ ਖੇਤੀ ਦੀਆਂ ਸੰਭਾਵਨਾਵਾਂ ਬਾਰੇ ਗੱਲ ਕਰਦਿਆਂ ਕਿਸਾਨਾਂ ਨੂੰ ਇਸ ਖੇਤਰ ਨਾਲ ਜੁੜਨ ਲਈ ਕਿਹਾ| ਨਾਲ ਹੀ ਉਹਨਾਂ ਨੇ ਪੀ.ਏ.ਯੂ. ਵੱਲੋਂ ਜੈਵਿਕ ਖੇਤੀ ਬਾਰੇ ਪ੍ਰਕਾਸ਼ਿਤ ਕੀਤੇ ਸਾਹਿਤ ਨਾਲ ਜੁੜਨ ਦੀ ਅਪੀਲ ਵੀ ਕੀਤੀ|
ਪੀ.ਏ.ਯੂ. ਦੇ ਸਾਬਕਾ ਡੀਨ ਖੇਤੀਬਾੜੀ ਕਾਲਜ ਅਤੇ ਚੰਡੀਗੜ ਦੇ ਮਹਾਤਮਾ ਗਾਂਧੀ ਵਾਤਾਵਰਨ ਅਤੇ ਜਲਵਾਯੂ ਤਬਦੀਲੀ ਬਾਰੇ ਰਾਜ ਸੰਸਥਾਨ ਚੰਡੀਗੜ ਦੇ ਆਗੂ ਡਾ. ਸੁਰਿੰਦਰ ਸਿੰਘ ਕੁੱਕਲ ਨੇ ਆਪਣੇ ਭਾਸ਼ਣ ਵਿਚ ਪਾਣੀ ਦੀ ਸੰਭਾਲ ਸੰਬੰਧੀ ਨੁਕਤੇ ਸਾਂਝੇ ਕੀਤੇ| ਉਹਨਾਂ ਕਿਹਾ ਕਿ ਵਾਤਾਵਰਨ ਦੇ ਕੀਮਤੀ ਸਰੋਤਾਂ ਵਿੱਚੋਂ ਪਾਣੀ ਧਰਤੀ ਦਾ ਅਨਮੋਲ ਗਹਿਣਾ ਹੈ ਅਤੇ ਇਸਨੂੰ ਦੂਸ਼ਿਤ ਹੋਣ ਤੋਂ ਬਚਾਅ ਕੇ ਸੰਜਮ ਨਾਲ ਵਰਤ ਕੇ ਇਸ ਧਰੋਹਰ ਦੀ ਰਖਵਾਲੀ ਕੀਤੀ ਜਾ ਸਕਦੀ ਹੈ|
ਹਾਜ਼ਰ ਮਾਹਿਰਾਂ ਵਿਚ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਸੋਹਨ ਸਿੰਘ ਵਾਲੀਆ ਨੇ ਕਿਸਾਨਾਂ ਨੂੰ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਰਸਾਇਣਾਂ ਤੋਂ ਮੁਕਤ ਇਸ ਖੇਤੀ ਵਿਧੀ ਨਾਲ ਜੁੜ ਕੇ ਲਗਾਤਾਰ ਮੁਨਾਫੇ ਦਾ ਰਾਹ ਅਪਨਾਉਣ| ਹਰੇ ਚਾਰੇ ਦੀ ਜੈਵਿਕ ਕਾਸ਼ਤ ਬਾਰੇ ਡਾ. ਰਾਹੁਲ ਕਪੂਰ ਨੇ ਅਤੇ ਦਾਲਾਂ ਤੋਂ ਕਈ ਮਠਿਆਈਆਂ ਬਨਾਉਣ ਬਾਰੇ ਡਾ. ਮੋਨਿਕਾ ਚੌਧਰੀ ਨੇ ਆਪਣੇ ਭਾਸ਼ਣ ਦਿੱਤੇ| ਔਸ਼ਧੀ ਅਤੇ ਦਵਾਈਆਂ ਬਾਰੇ ਬੂਟਿਆਂ ਦੀ ਕਾਸ਼ਤ ਬਾਰੇ ਡਾ. ਰਜਿੰਦਰ ਕੁਮਾਰ ਨੇ ਅਤੇ ਦਾਲਾਂ ਦੇ ਮੰਡੀਕਰਨ ਸੰਬੰਧੀ ਅਗਾਂਹਵਧੂ ਕਿਸਾਨ ਸ. ਅਮਨਦੀਪ ਸਿੰਘ ਨੇ ਆਪਣੇ ਵਿਚਾਰ ਰੱਖੇ|
ਕਲੱਬ ਦੇ ਮੈਂਬਰ ਸ਼੍ਰੀ ਮਨਪ੍ਰੀਤ ਗਰੇਵਾਲ ਨੇ ਹਾਜ਼ਰ ਕਿਸਾਨਾਂ ਅਤੇ ਮਾਹਿਰਾਂ ਦਾ ਸਵਾਗਤ ਕੀਤਾ ਜਦਕਿ ਕਲੱਬ ਦੇ ਪ੍ਰਧਾਨ ਸ਼੍ਰੀ ਅੰਮ੍ਰਿਤ ਸਿੰਘ ਚਾਹਲ ਨੇ ਆਖਿਰ ਵਿਚ ਧੰਨਵਾਦ ਦੀ ਰਸਮ ਨਿਭਾਈ| ਇਸ ਪ੍ਰੋਗਰਾਮ ਦੇ ਕੁਆਰਡੀਨੇਟਰ ਸ਼੍ਰੀ ਵਰਿੰਦਰ ਸਿੰਘ ਸਨ|

