ਮਹਿਲਾਵਾਂ ਨੇ ਦੋ ਪਹੀਆ ਵਾਹਨਾਂ ’ਤੇ ਸਵਾਰ ਹੋ ਕੇ ਕੀਤੀ ਹਰਸਿਮਰਤ ਕੌਰ ਦੇ ਕਾਫਲੇ ਦੀ ਅਗਵਾਈ
ਜ਼ੋਰ ਦੇ ਕੇ ਕਿਹਾ ਕਿ ਇਸ ਰਿਪੋਰਟ ਦੀ ਮਹਿਲਾ ਡੀ ਜੀ ਪੀ ਅਗਵਾਈ ਹੇਠਲੀ ਟਾਸਕ ਫੋਰਸ ਜਾਂਚ ਕਰੇਗੀ ਤਾਂ ਜੋ ਗੁਨਾਹਗਾਰਾਂ ਨੂੰ ਸਜ਼ਾ ਮਿਲ ਸਕੇ

ਫਰੀਦਕੋਟ, 9 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਮਾਵਾਂ ਧੀਆਂ ਦੀ ਫੌਜ ਨੇ ਨਸ਼ਾ ਤਸਕਰਾਂ ਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੇ ਨਾਮ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਹਨਾਂ ਨੂੰ ਸਜ਼ਾ ਮਿਲਣੀ ਯਕੀਨੀ ਬਣਾਈ ਜਾਵੇਗੀ। ਅੱਜ ਇਥੇ ਪਾਰਟੀ ਦੇ ਆਗੂ ਪਰਮਬੰਸ ਸਿੰਘ ਰੋਮਾਣਾ ਦੇ ਨਾਲ ਮਿਲ ਕੇ ਔਰਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੇ ਫੈਸਲਾ ਕਰ ਲਿਆ ਹੈ, ਹੁਣ ਬਹੁਤ ਹੋ ਗਿਆ। ਉਹਨਾਂ ਨੇ ਨਸ਼ਿਆਂ ਖਿਲਾਫ ਇਹ ਜੰਗ ਆਪਣੇ ਹੱਥਾਂ ਵਿਚ ਲੈ ਲਈ ਹੈ ਤੇ ਨਸ਼ਾ ਤਸਕਰਾਂ ਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਦੇ ਨਾਮ ਰਿਕਾਰਡ ਕਰਨੇ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਇਕ ਵਾਰ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਦਾ ਗਠਨ ਹੋਣ ਮਗਰੋਂ ਅਸੀਂ ਇਕ ਮਹਿਲਾ ਡੀ ਜੀ ਪੀ ਦੀ ਅਗਵਾਈ ਹੇਠ ਟਾਸਕ ਫੋਰਸ ਗਠਿਤ ਕਰ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਉਹਨਾਂ ਕਿਹਾ ਕਿ ਮਾਵਾਂ ਧੀਆਂ ਦੀ ਫੌਜ ਵੱਲੋਂ ਭਰੇ ਸਾਰੇ ਫਾਰਮਾਂ ’ਤੇ ਕਾਰਵਾਈ ਹੋਵੇਗੀ। ਉਹਨਾਂ ਕਿਹਾ ਕਿ ਮੈਂ ਭਰੋਸਾ ਦੁਆਉਂਦੀ ਹਾਂ ਕਿ ਨਸ਼ਾ ਤਸਕਰ ਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਤੁਹਾਡੇ ਵਿਚ ਨਹੀਂ ਰਹਿਣਗੇ। ਅਸੀਂ ਕਾਨੂੰਨ ਲਿਆ ਕੇ ਉਹਨਾਂ ਦੀ 10 ਸਾਲ ਤੱਕ ਜ਼ਮਾਨਤ ਨਾ ਹੋਣੀ ਤੇ ਉਹਨਾਂ ਦੀ ਸਾਰੀ ਜਾਇਦਾਦ ਜ਼ਬਤ ਕਰਨੀ ਯਕੀਨੀ ਬਣਾਵਾਂਗੇ ਤਾਂ ਜੋ ਅਸੀਂ ਦਮ ਲਵਾਂਗੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪਿਛਲੀ ਕਾਂਗਰਸ ਤੇ ਮੌਜੂਦਾ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸੂਬੇ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਦੋਵਾਂ ਸਰਕਾਰਾਂ ਨੇ ਕੁਝ ਹੀ ਮਹੀਨਿਆਂ ਵਿਚ ਨਸ਼ਾ ਤਸਕਰੀ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਇਹਨਾਂ ਨੇ ਤੁਹਾਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਕੀਤਾ ਕੱਖ ਵੀ ਨਹੀਂ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਨੂੰ ਪੰਜ ਲੱਖ ਰੁਪਏ ਦੇ ਕਰਜ਼ੇ ਵਿਚ ਡੋਬ ਦਿੱਤਾ ਗਿਆ ਤੇ ਮੁੱਖ ਮੰਤਰੀ ਆਪਣੀ ਪਬਲੀਸਿਟੀ ’ਤੇ 6 ਹਜ਼ਾਰ ਕਰੋੜ ਰੁਪਏ ਖਰਚ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਔਰਤਾਂ ਨੂੰ 3-3 ਹਜ਼ਾਰ ਰੁਪਏ ਦੇ ਕੇ ਉਹਨਾਂ ਦੀ ਵਫਾਦਾਰੀ ਖਰੀਦਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਔਰਤਾਂ ਨੂੰ ਅਜਿਹੀਆਂ ਹਰਕਤਾਂ ਤੋਂ ਗੁੰਮਰਾਹ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਦਰ ’ਤੇ ਤੁਹਾਨੂੰ 60-60 ਹਜ਼ਾਰ ਰੁਪਏ ਮਿਲਣੇ ਚਾਹੀਦੇ ਹਨ ਨਾ ਕਿ 3-3 ਹਜ਼ਾਰ ਰੁਪਏ। ਸਰਦਾਰਨੀ ਬਾਦਲ ਨੇ ਇਹ ਗੱਲ ਵੀ ਕੀਤੀ ਕਿ ਪੰਜਾਬ ਇਸ ਵੇਲੇ ਨਸ਼ਾ ਤਸਕਰੀ ਵਿਚ ਨੰਬਰ ਇਕ ਹੈ ਤੇ ਨਸ਼ਿਆਂ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਚ ਨੰਬਰ ਦੋ ’ਤੇ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਸੰਜੀਦਗੀ ਦਾ ਪਤਾ ਇਥੋਂ ਹੀ ਲੱਗ ਜਾਂਦਾ ਹੈ ਕਿ ਉਸਨੇ ਨਸ਼ਿਆਂ ਦੇ ਮਾਮਲੇ ਵਿਚ ਦਰਜ 2.17 ਲੱਖ ਕੇਸਾਂ ਵਿਚੋਂ ਸਿਰਫ ਸੱਤ ਵਿਚ ਹੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਹਨ। ਉਹਨਾਂ ਕਿਹਾ ਕਿ ਸਰਕਾਰ ਕਾਨੂੰਨ ਦੀ ਵਰਤੋਂ ਕਰ ਕੇ ਉਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰ ਸਕਦੀ ਸੀ ਜੋ ਹੋਰਨਾਂ ਦੇ ਨਾਮ ’ਤੇ ਨਸ਼ਾ ਤਸਕਰੀ ਕਰਦੇ ਹਨ ਪਰ ਸਰਕਾਰ ਅਜਿਹਾ ਕਰਨ ਵਿਚ ਨਾਕਾਮ ਰਹੀ ਹੈ। ਮੀਡੀਆ ਦੇ ਇਕ ਸਵਾਲ ਦੇ ਜਵਾਬ ਵਿਚ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਮੁੱਖ ਮੰਤਰੀ ਇਹ ਕਹਿ ਕੇ ਲੋਕਾਂ ਨੂੰ ਗੁਮਰਾਹ ਕਰਨਾ ਚਾਹੁੰਦੇ ਹਨ ਕਿ ਉਹਨਾਂ ਦੇ ਓ ਐਸ ਡੀ ਰਾਜਬੀਰ ਸਿੰਘ ਘੁੰਮਣ ਅਤੇ ਹੋਰ ਮੁਲਜ਼ਮਾਂ ਨੂੰ ਸੀ ਬੀ ਆਈ ਤੋਂ ਕਲੀਨ ਚਿੱਟ ਮਿਲ ਗਈ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਉਹ ਸੀ ਬੀ ਆਈ ਕੋਲ ਪੇਸ਼ ਹੋ ਕੇ ਕਲੀਨ ਚਿੱਟ ਦੀ ਗੱਲ ਕਰਦੇ ਪਰ ਇਸਦੀ ਥਾਂ ਉਹ ਭਗੌੜੇ ਹਨ ਤੇ ਅਦਾਲਤਾਂ ਤੋਂ ਰਾਹਤ ਲੈਣ ਵਾਸਤੇ ਚਾਰਾਜੋਈ ਕਰ ਰਹੇ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਰਾ ਮੁੱਖ ਮੰਤਰੀ ਦਫਤਰ ਵਿਚ ਭ੍ਰਿਸ਼ਟਾਚਾਰ ਦਾ ਅੱਡਾ ਬਣਿਆ ਪਿਆ ਹੈ ਤੇ ਮੁੱਖ ਮੰਤਰੀ ਦਾ ਪਰਿਵਾਰ ਵੀ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਈ ਡੀ ਦੀ ਜਾਂਚ ਨੇ ਸਾਬਤ ਕੀਤਾ ਹੈ ਕਿ ਮੁੱਖ ਮੰਤਰੀ ਦਫਤਰ ਵਿਚ ਸਿਵਲ ਤੇ ਪੁਲਿਸ ਪੋਸਟਾਂ ਸਭ ਤੋਂ ਵੱਧ ਬੋਲੀ ਲਾਉਣ ਵਾਲਿਆਂ ਨੂੰ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਮਾਨ ਨੇ ਜ਼ਬਰ ਜਨਾਹ ਦੇ ਮੁਲਜ਼ਮਾਂ ਨੂੰ ਜੇਲ੍ਹ ਵਿਚੋਂ ਰਿਹਾਅ ਕਰਵਾਉਣ ਵਾਸਤੇ 5 ਕਰੋੜ ਰੁਪਏ ਵਿਚ ਸੌਦੇਬਾਜ਼ੀ ਕੀਤੀ ਹੈ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਸੂਬੇ ਦੀ ਵਾਗਡੋਰ ਸੰਭਾਲ ਕੇ ਇਹਨਾਂ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਅਤੇ ਅਕਾਲੀ ਆਗੂ ਸੁਖਜੀਵ ਕੌਰ ਰੋਮਾਣਾ ਨੇ ਵੀ ਸੰਬੋਧਨ ਕੀਤਾ।

