ਦਿੱਲੀ ਵਿਖੇ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਦੀ ਆਰ.ਐੱਮ.ਪੀ. ਡਾਕਟਰਾਂ ਨੇ ਕੀਤੀ ਨਿਖੇਧੀ
ਕੋਟਕਪੂਰਾ, 12 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ)
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ 295 ਜ਼ਿਲ੍ਹਾ ਫਰੀਦਕੋਟ ਦੀ ਮਹੀਨਾਵਾਰੀ ਮੀਟਿੰਗ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਡਾ. ਅੰਮ੍ਰਿਤਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਪ੍ਰਧਾਨ ਡਾ. ਅੰਮ੍ਰਿਤ ਵੀਰ ਸਿੰਘ ਸਿੱਧੂ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਹਮੇਸ਼ਾ ਆਪਣੇ ਹੱਕਾਂ ਅਤੇ ਲੋਕ ਸੇਵਾ ਲਈ ਡਟੀ ਹੋਈ ਹੈ। ਕੇਂਦਰ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਲੋਕ ਮਾਰੂ ਨੀਤੀਆਂ ਨਾਲ ਆਮ ਲੋਕਾਂ ਦੇ ਨਾਲ-ਨਾਲ ਆਰ.ਐੱਮ.ਪੀ. ਡਾਕਟਰ ਵੀ ਪ੍ਰਭਾਵਿਤ ਹੋ ਰਹੇ ਹਨ, ਜਿਸ ਦਾ ਅਸੀਂ ਜ਼ੋਰਦਾਰ ਵਿਰੋਧ ਕਰਦੇ ਹਾਂ। ਡਾ. ਬਲਵਿੰਦਰ ਸਿੰਘ ਜੈਤੋ ਨੇ ਜੰਤਰ-ਮੰਤਰ ਦਿੱਲੀ ਵਿਖੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਹੋਏ ਅੰਨ੍ਹੇਵਾਹ ਲਾਠੀਚਾਰਜ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦਾ ਘਾਣ ਹੈ ਅਤੇ ਸਰਕਾਰ ਦੀ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੀਨੀਅਰ ਆਗੂ ਡਾ. ਗੁਰਪਾਲ ਸਿੰਘ ਮੌੜ ਨੇ ਜਥੇਬੰਦੀ ਨੂੰ ਇੱਕ ਪਲੇਟਫਾਰਮ ਤੇ ਇੱਕਜੁੱਟ ਹੋਣ ਦਾ ਸੱਦਾ ਦਿੰਦਿਆਂ ਐੱਸ.ਆਈ.ਆਰ. ਦੇ ਮੁੱਦੇ ’ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸਰਕਾਰ ਤੁਰਤ ਸਹੀ ਰਾਹ ’ਤੇ ਆਵੇ ਅਤੇ ਆਰ.ਐੱਮ.ਪੀ. ਡਾਕਟਰਾਂ ਦੀਆਂ ਜਾਇਜ਼ ਮੰਗਾਂ ਮੰਨੇ। ਡਾ. ਬਲਵਿੰਦਰ ਸਿੰਘ ਬਰਗਾੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਸਾਥੀਆਂ ਨੂੰ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਸਿਰਫ਼ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਪਣੇ ਹੱਕਾਂ ਦੀ ਲੜਾਈ ਹੋਰ ਮਜ਼ਬੂਤੀ ਨਾਲ ਲੜੀ ਜਾ ਸਕੇ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਆਰ.ਐੱਮ.ਪੀ. ਡਾਕਟਰਾਂ ਦੀਆਂ ਮੰਗਾਂ ਨੂੰ ਹੋਰ ਲਟਕਾਉਣ ਦੀ ਬਜਾਏ ਸਰਕਾਰ ਤੁਰਤ ਨੀਤੀ ਸਪੱਸ਼ਟ ਕਰੇ ਅਤੇ ਟਰੇਨਿੰਗ ਸਬੰਧੀ ਠੋਸ ਫ਼ੈਸਲਾ ਲਵੇ। ਜਥੇਬੰਦੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇਕਜੁੱਟ ਹੋ ਕੇ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਜ਼ਿਲ੍ਹੇ ਭਰ ਤੋਂ ਪਹੁੰਚੇ ਡਾ. ਬਲਵਿੰਦਰ ਸਿੰਘ ਜੈਤੋ, ਡਾ. ਵਰਿੰਦਰ ਸਿੰਘ ਡੋਡ, ਡਾ. ਰਾਜ ਸਿੰਘ, ਡਾ. ਸਰਾਜ ਖਾਨ, ਡਾ. ਬੂਟਾ ਸਿੰਘ ਜੈਤੋ, ਡਾ. ਰਣਜੀਤ ਸਿੰਘ ਕੋਟਕਪੂਰਾ, ਡਾ. ਜਗਸੀਰ ਸਿੰਘ, ਡਾ. ਮਹਿੰਦਰ ਸਿੰਘ ਘਣੀਆ, ਡਾ. ਵਿਕਰਮ ਚੌਹਾਨ* ਡਾ. ਬਲਦੇਵ ਸਿੰਘ, ਡਾ. ਬਲਰਾਜ ਗਰੋਵਰ, ਡਾ. ਸੁਖਜਿੰਦਰ ਸਿੰਘ ਖਾਰਾ, ਡਾ. ਸੁਖਚੈਨ ਸਿੰਘ ਸੰਧੂ ਆਦਿ ਵੀ ਹਾਜ਼ਰ ਸਨ।

