ਕੋਟਕਪੂਰਾ, 21 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਦੇ ਸ੍ਰੀ ਸ਼ਿਆਮ ਪ੍ਰੇਮ ਧਾਮ ਵਿਖੇ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਸ੍ਰੀ ਸ਼ਿਆਮ ਜਨਮ ਉਤਸਵ ਮਨਾਇਆ ਗਿਆ। ਇਸ ਪਵਿੱਤਰ ਮੌਕੇ ‘ਤੇ ਇਲਾਕੇ ਵਿੱਚ ਲਗਾਤਾਰ ਧਾਰਮਿਕ ਅਤੇ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਰਹਿਣ ਵਾਲੀ ਸੰਸਥਾ ‘ਸ੍ਰੀ ਸ਼ਿਆਮ ਯੁਵਾ ਵੈੱਲਫੇਅਰ ਸੁਸਾਇਟੀ’ ਦੇ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਸੁਸਾਇਟੀ ਦੇ ਸਰਪ੍ਰਸਤ ਕਰਨ ਸਿੰਗਲਾ, ਚੰਦਰ ਗਰਗ ਅਤੇ ਸਰਗਰਮ ਮੈਂਬਰ ਜੌਨੀ ਮਹਿਤਾ ਤੇ ਮਾਨਵ ਅਗਰਵਾਲ ਨੂੰ ਬਾਬਾ ਸ਼ਿਆਮ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਅਤੇ ਗਲ ਵਿੱਚ ਪਟਕਾ ਪਾ ਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ‘ਸ੍ਰੀ ਸ਼ਿਆਮ ਯੁਵਾ ਵੈੱਲਫੇਅਰ ਸੁਸਾਇਟੀ’ ਦੇ ਅਹੁਦੇਦਾਰਾਂ ਨੇ ਇਸ ਮਾਣ-ਸਨਮਾਨ ਲਈ ਸ੍ਰੀ ਸ਼ਿਆਮ ਪ੍ਰੇਮ ਧਾਮ ਦੇ ਸਮੂਹ ਅਹੁਦੇਦਾਰਾਂ ਅਤੇ ਪ੍ਰਬੰਧਕ ਮੰਡਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸ਼ਿਆਮ ਦੇ ਦਰਬਾਰ ਵਿੱਚ ਇਸ ਤਰ੍ਹਾਂ ਸਨਮਾਨਿਤ ਹੋਣਾ ਉਨ੍ਹਾਂ ਲਈ ਬਹੁਤ ਹੀ ਸੁਭਾਗ ਵਾਲੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਨਾਲ ਸਮਾਜ ਵਿੱਚ ਆਪਸੀ ਭਾਈਚਾਰੇ, ਸੇਵਾ ਅਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤੀ ਮਿਲਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਧਾਰਮਿਕ ਅਤੇ ਸੱਭਿਆਚਾਰਕ ਕੰਮਾਂ ਵਿੱਚ ਵਧ-ਚੜ੍ਹ ਕੇ ਸਹਿਯੋਗ ਦੇਣ ਦਾ ਸੰਕਲਪ ਦੁਹਰਾਇਆ।

