
ਲੁਧਿਆਣਾ 24 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਨਦੀਨ ਪ੍ਰਬੰਧਨ ਸਬੰਧੀ ਆਯੋਜਿਤ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਯੂਨੀਵਰਸਿਟੀ ਦੇ ਚਾਰ ਵਿਗਿਆਨੀਆਂ ਨੇ ਬਿਹਤਰੀਨ ਪੇਪਰ ਪੇਸ਼ਕਾਰੀ ਪੁਰਸਕਾਰ ਹਾਸਲ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ| ਇਸ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਦੇਸ਼-ਵਿਦੇਸ਼ ਤੋਂ ਲਗਭਗ 500 ਪ੍ਰਤੀਨਿਧੀਆਂ, ਖੋਜਾਰਥੀਆਂ, ਨੀਤੀ-ਘਾੜਿਆਂ ਅਤੇ ਉਦਯੋਗਿਕ ਖੇਤਰ ਦੇ ਮਾਹਿਰਾਂ ਨੇ ਸ਼ਮੂਲੀਅਤ ਕੀਤੀ | ਇਸ ਕਾਨਫਰੰਸ ਦੌਰਾਨ ਡਾ. ਅਮਨਦੀਪ ਸਿੰਘ ਸਿੱਧੂ, ਸੀਨੀਅਰ ਖੇਤੀ ਵਿਗਿਆਨੀ, ਸਕੂਲ ਆਫ਼ ਆਰਗੈਨਿਕ ਐਂਡ ਫ਼ਾਰਮਿੰਗ ਨੂੰ ਜੈਵਿਕ ਖੇਤੀ ਸਬੰਧੀ ਖੋਜ ਲਈ ਕੰਜ਼ਰਵੇਸ਼ਨ ਐਗਰੀਕਲਚਰ, ਰੀਜਨਰੇਟਿਵ ਫਾਰਮਿੰਗ ਅਤੇ ਸੰਯੁਕਤ ਫ਼ਸਲੀ ਪ੍ਰਣਾਲੀਆਂ ਬਾਰੇ ਪੇਪਰ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ| ਡਾ. ਪਰਮਿੰਦਰ ਸਿੰਘ ਸੰਧੂ, ਜ਼ਿਲ੍ਹਾ ਪਸਾਰ ਮਾਹਿਰ, ਫ਼ਸਲ ਵਿਗਿਆਨੀ, ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਨੂੰ ਸੰਯੁਕਤ ਨਦੀਨ ਪ੍ਰਬੰਧਨ, ਕੰਜ਼ਰਵੇਸ਼ਨ ਐਗਰੀਕਲਚਰ ਅਤੇ ਸਮਾਜਿਕ-ਆਰਥਿਕ ਪੱਖ ਵਿੱਚ ਬਿਹਤਰੀਨ ਪੋਸਟਰ ਪੇਸ਼ਕਾਰੀ ਪੁਰਸਕਾਰ ਨਾਲ ਨਿਵਾਜਿਆ ਗਿਆ| ਇਸ ਤੋਂ ਇਲਾਵਾ ਡਾ. ਪੁਨੀਤ ਕੁਮਾਰ ਛੋਕਰ ਅਤੇ ਡਾ. ਗੁਰਪ੍ਰੀਤ ਸਿੰਘ ਨੂੰ ਵੀ ਕਾਨਫਰੰਸ ਦੌਰਾਨ ਬਿਹਤਰੀਨ ਪੋਸਟਰ ਪੇਸ਼ਕਾਰੀ ਪੁਰਸਕਾਰ ਪ੍ਰਦਾਨ ਕੀਤੇ ਗਏ| ਇਹ ਪੁਰਸਕਾਰ ਕਾਨਫਰੰਸ ਦੇ ਸਮਾਪਤੀ ਸਮਾਰੋਹ ਦੌਰਾਨ ਦਿੱਤੇ ਗਏ| ਉੱਘੇ ਨਦੀਨ ਵਿਗਿਆਨੀ ਅਤੇ ਪੀ. ਏ. ਯੂ ਦੇ ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਐੱਲ. ਐੱਸ ਬਰਾੜ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ |
ਇਸ ਮੌਕੇ ਡਾ. ਮੱਖਣ ਸਿੰਘ ਭੁੱਲਰ, ਪੀ. ਏ. ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਹਰੀ ਰਾਮ, ਮੁੱਖੀ, ਫ਼ਸਲ ਵਿਗਿਆਨ ਵਿਭਾਗ, ਪੀ.ਏ.ਯੂ., ਡਾ. ਐੱਨ. ਟੀ. ਯਾਦੂੁਰਾਜੂ, ਡਾ. ਟੀ. ਕੇ. ਦਾਸ ਅਤੇ ਡਾ. ਵੀ. ਕੇ. ਚੌਧਰੀ ਨੇ ਸਾਰੇ ਸਨਮਾਨਿਤ ਸਾਇੰਸਦਾਨਾਂ ਨੂੰ ਵਧਾਈ ਦਿੱਤੀ| ਇਨ੍ਹਾਂ ਵਿਗਿਆਨੀਆਂ ਦੀ ਪ੍ਰਾਪਤੀ ਪੀ.ਏ.ਯੂ. ਵੱਲੋਂ ਖੇਤੀਬਾੜੀ ਖੋਜ, ਨਵੀਨ ਤਕਨੀਕਾਂ ਦੇ ਵਿਕਾਸ ਅਤੇ ਟਿਕਾਊ ਖੇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਮਹੱਤਵਪੂਰਨ ਪ੍ਰਾਪਤੀ ਹੈ|

