ਲੁਧਿਆਣਾਃ 26 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਜੰਮੂ ਕਸ਼ਮੀਰ ਵਾਸੀ ਪੰਜਾਬੀ ਸਦੇ ਉੱਘੇ ਕਵੀ ਅਤੇ ਪੇਸ਼ੇ ਵਜੋਂ ਪ੍ਰਸਿੱਧ ਸਰਜਨ ਡਾ. ਮੋਹਨ ਸਿੰਘ ਸ਼ਾਂਤ ਦਾ ਅੱਜ ਸ੍ਰੀਨਗਰ(ਕਸ਼ਮੀਰ) ਵਿਖੇ 85 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਜੰਮੂ ਕਸ਼ਮੀਰ ਅਕੈਡਮੀ ਆਫ ਲੈਂਗੁਏਜਿਜ ਤੇ ਕਲਚਰ ਵੱਲੋਂ ਛਪਦੇ ਸਾਹਿੱਤਕ ਮੈਗਜ਼ੀਨ “ਸ਼ੀਰਾਜ਼ਾ” ਦੇ ਸੀਨੀਅਰ ਸੰਪਾਦਕ ਸ. ਪੋਪਿੰਦਰ ਸਿੰਘ ਪਾਰਸ ਨੇ ਦਿੱਤੀ ਹੈ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡਾ. ਮੋਹਨ ਸਿੰਘ ਸ਼ਾਂਤ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਹੈ ਕਿ ਉਹ ਸੁਚੇਤ ਸਾਹਿੱਤ ਸਿਰਜਕ ਤੇ ਮਿਲਾਪੜੇ ਇਨਸਾਨ ਸਨ। ਉਨ੍ਹਾਂ ਨਾਲ 1977 ਵਿੱਚ ਕਸ਼ਮੀਰ ਫੇਰੀ ਦੌਰਾਨ ਸਾਹਿੱਤ ਸਭਾ ਸ਼੍ਰੀਨਗਰ ਦੀ ਮੀਟਿੰਗ ਵਿੱਚ ਹੋਈ ਮੁਲਾਕਾਤ ਨੂੰ ਚੇਤੇ ਕੀਤਾ ਜਿਸ ਵਿੱਚ ਡਾ. ਮੋਹਨ ਸਿੰਘ ਸ਼ਾਂਤ ਤੋਂ ਇਲਾਵਾ ਖਾਲਿਦ ਹੁਸੈਨ, ਕੰਵਲ ਕਸ਼ਮੀਰੀ, ਡਾ. ਗੁਰਚਰਨ ਸਿੰਘ ਗੁਲਸ਼ਨ ਤੇ ਤਰਲੋਕ ਸਿੰਘ ਵੀ ਸ਼ਾਮਲ ਸਨ।
ਡਾ. ਮੋਹਨ ਸਿੰਘ ਸ਼ਾਂਤ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਨਾਲ ਸਮੁੱਚੇ ਜੰਮੂ ਕਸ਼ਮੀਰ ਦੇ ਪੰਜਾਬੀ ਸਾਹਿਤ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਡਾ. ਮੋਹਨ ਸਿੰਘ ਸ਼ਾਂਤ ਨੇ ਆਪਣੀਆਂ ਤਿੰਨ ਪੰਜਾਬੀ ਕਾਵਿ-ਪੁਸਤਕਾਂ ਰਾਹੀਂ ਪੰਜਾਬੀ ਸਾਹਿਤ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾਈ।
ਪੋਪਿੰਦਰ ਸਿੰਘ ਪਾਰਸ ਨੇ ਦੱਸਿਆ ਕਿ ਉਨ੍ਹਾਂ ਦੀ ਕਵਿਤਾ ਵਿੱਚ ਸਮਾਜਿਕ ਸਰੋਕਾਰਾਂ, ਸਮਾਜਿਕ ਬੁਰਾਈਆਂ ਅਤੇ ਮਨੁੱਖੀ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਗਿਆ ਹੈ।
ਇਸ ਦੁੱਖ ਦੀ ਘੜੀ ਵਿੱਚ ਜੰਮੂ-ਕਸ਼ਮੀਰ ਅਕੈਡਮੀ ਆਫ਼ ਆਰਟ, ਕਲਚਰ ਐਂਡ ਲੈਂਗੂਏਜਿਜ਼ ਡਾ. ਮੋਹਨ ਸਿੰਘ ਸ਼ਾਂਤ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਜੰਮੂ ਕਸ਼ਮੀਰ ਅਕੈਡਮੀ ਆਫ ਲੈਂਗੁਇਜ ਦੀ ਸਕੱਤਰ ਸਰਦਾਰਨੀ ਹਰਵਿੰਦਰ ਕੌਰ ਜੇ ਕੇ ਏ ਐੱਸ ਅਤੇ ਸ਼ੀਰਾਜ਼ਾ ਦੇ ਸੀਨੀਅਰ ਸੰਪਾਦਕ ਅਤੇ ਜੇ.ਕੇ.ਏ.ਏ.ਸੀ.ਐੱਲ. ਦੇ ਨੋਡਲ ਅਫ਼ਸਰ ਸ. ਪੋਪਿੰਦਰ ਸਿੰਘ ਪਾਰਸ ਨੇ ਡਾ. ਮੋਹਨ ਸਿੰਘ ਸ਼ਾਂਤ ਦੇ ਅਕਾਲ ਚਲਾਣੇ ’ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
