ਬਾਕੀ ਸਾਰੇ ਲੈ ਰਹੇ ਨੇ 53 ਫੀਸਦੀ ਤੇ ਪੰਜਾਬ ਵਾਲਿਆਂ ਨੂੰ ਮਿਲ ਰਿਹੈ ਸਿਰਫ 38 ਫੀਸਦੀ ਡੀ.ਏ. : ਚਾਵਲਾ
ਦਿਨੋਂ ਦਿਨ ਤਿੱਖੇ ਹੋ ਰਹੇ ਸੰਘਰਸ਼ ਦਾ ਭਗਵੰਤ ਮਾਨ ਅਤੇ ਪੰਜਾਬ ਸਰਕਾਰ ’ਤੇ ਨਹੀਂ ਹੋ ਰਿਹੈ ਕੋਈ ਅਸਰ
ਕੋਟਕਪੂਰਾ/ਜੈਤੋ, 27 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ 1680 ਸੈਕਟਰ 22ਬੀ , ਚੰਡੀਗੜ੍ਹ ਦੇ ਸੂਬਾਈ ਚੇਅਰਮੈਨ ਦਰਸਨ ਸਿੰਘ ਲੁਬਾਣਾ, ਸਰਪ੍ਰਸਤ ਚਰਨ ਸਿੰਘ ਸਰਾਭਾ, ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਜਨਰਲ ਸਕੱਤਰ ਸੁਰਿੰਦਰ ਕੁਮਾਰ ਪੂਆਰੀ, ਐਡੀਸਨਲ ਜਨਰਲ ਸਕੱਤਰ ਕਰਤਾਰ ਸਿੰਘ ਪਾਲ, ਵਿੱਤ ਸਕੱਤਰ ਮਨਜੀਤ ਸਿੰਘ ਗਿੱਲ, ਪੰਜਾਬ ਪੈਨਸਨਰਜ ਯੂਨੀਅਨ ਦੇ ਸੂਬਾ ਚੇਅਰਮੈਨ ਗੁਰਦੀਪ ਸਿੰਘ ਮੋਤੀ, ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ, ਜਨਰਲ ਸਕੱਤਰ ਪ੍ਰੇਮ ਚਾਵਲਾ, ਅਵਤਾਰ ਸਿੰਘ ਗਗੜਾ ਸੱਤਿਆਪਾਲ ਗੁਪਤਾ, ਅਵਤਾਰ ਸਿੰਘ ਤਾਰੀ, ਪਿ੍ਰਤਪਾਲ ਸਿੰਘ ਪੰਡੋਰੀ, ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਜਸਵਿੰਦਰ ਪਾਲ ਉੱਘੀ, ਬਲਜਿੰਦਰ ਸਿੰਘ ਪਟਿਆਲਾ, ਡਿੰਪਲ ਰੁਹੇਲਾ, ਸੰਜੀਵ ਕੁਮਾਰ ਬਠਿੰਡਾ, ਮੇਲਾ ਸਿੰਘ ਪੁੰਨਾਂਵਾਲ, ਸੀਤਾ ਰਾਮ ਸ਼ਰਮਾ, ਜਗਮੋਹਨ ਨੌਲੱਖਾ, ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ ਯੂਨੀਅਨ ਦੇ ਸੂਬਾਈ ਆਗੂ ਗੁਰਜੀਤ ਸਿੰਘ ਘੋੜੇਵਾਹ, ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਗੁਰਜੰਟ ਸਿੰਘ ਕੋਕਰੀ, ਟਹਿਲ ਸਿੰਘ ਸਰਾਭਾ, ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਦਰਸ਼ੀ ਕਾਂਤ ਰਾਜਪੁਰਾ, ਪੈਰਾ ਮੈਡੀਕਲ ਸਟਾਫ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਮੰਗਵਾਲ, ਪ੍ਰਭਜੀਤ ਸਿੰਘ ਉਪਲ ਨੇ ਦੱਸਿਆ ਹੈ ਕਿ ਕੇਂਦਰ ਸਰਕਾਰ, ਹਰਿਆਣਾ ਸਰਕਾਰ, ਹਿਮਾਚਲ ਪ੍ਰਦੇਸ ਸਰਕਾਰ, ਰਾਜਸਥਾਨ ਸਰਕਾਰ ਅਤੇ ਚੰਡੀਗੜ੍ਹ ਪ੍ਰਸਾਸਨ ਸਮੇਤ ਸਾਰੇ ਗੁਆਂਢੀ ਰਾਜਾਂ ਦੇ ਮੁਲਾਜਮ ਅਤੇ ਪੈਨਸਨਰ ਮਿਤੀ 1ਜੁਲਾਈ 2024 ਤੋਂ 53 ਫੀਸਦੀ ਮਹਿੰਗਾਈ ਭੱਤਾ ਲੈ ਰਹੇ ਹਨ ਜਦਕਿ ਪੰਜਾਬ ਰਾਜ ਨੂੰ ਵਿਕਾਸ ਦੀਆਂ ਲੀਹਾਂ ’ਤੇ ਲੈ ਕੇ ਜਾਣ ਦਾ ਢੰਡੋਰਾ ਪਿੱਟਣ ਵਾਲੀ ਭਗਵੰਤ ਮਾਨ ਸਰਕਾਰ ਦੇ ਢਾਈ-ਪੌਣੇ ਤਿੰਨ ਸਾਲਾਂ ਦੇ ਰਾਜਭਾਗ ਦੌਰਾਨ ਪੰਜਾਬ ਦੇ ਸੱਤ ਲੱਖ ਮੁਲਾਜਮਾਂ ਤੇ ਪੈਨਸਨਰਾਂ ਨੂੰ ਹੁਣ ਤੱਕ 38 ਫੀਸਦੀ ਡੀ.ਏ. ਹੀ ਮਿਲ ਰਿਹਾ ਹੈ ਜੋ ਕਿ ਮਿਤੀ 1ਜੁਲਾਈ 2024 ਅਨੁਸਾਰ ਅਤੇ ਹੁਣ ਤੱਕ 15 ਫੀਸਦੀ ਮਹਿੰਗਾਈ ਭੱਤਾ ਘੱਟ ਮਿਲ ਰਿਹਾ ਹੈ। ਡੀ.ਏ. ਦੀਆਂ ਕਿਸਤਾਂ ਨਾ ਮਿਲਣ ਕਰਕੇ ਪੰਜਾਬ ਦੇ ਮੁਲਾਜਮਾਂ ਅਤੇ ਪੈਨਸ਼ਨਰਾਂ ਵਿੱਚ ਰੂਸ ਦਿਨੋ ਦਿਨ ਤਿੱਖਾ ਹੋ ਰਿਹਾ ਹੈ ਅਤੇ ਇਹਨਾਂ ਸਾਰਿਆਂ ਦੀ ਦੀਵਾਲੀ ਫਿੱਕੀ ਰਹਿਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ। ਇਹ ਵੀ ਵਰਨਣ ਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਸਿਵਲ ਸਕੱਤਰੇਤ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਵੱਖ-ਵੱਖ ਜਿਲਿਆਂ, ਤਹਿਸੀਲਾਂ ਤੇ ਬਲਾਕਾਂ ਵਿੱਚ ਮੁਲਾਜਮ ਅਤੇ ਪੈਨਸਨਰ ਧਰਨੇ, ਮੁਜਾਹਰੇ, ਰੋਸ ਰੈਲੀਆਂ, ਅਰਥੀ ਫੂਕ ਪ੍ਰਦਰਸਨ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਪੁਤਲੇ ਫੂਕ ਰਹੇ ਹਨ। ਆਗੂਆਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਮੁਲਾਜਮ ਅਤੇ ਪੈਨਸ਼ਨਰ ਵਿਰੋਧੀ ਵਤੀਰੇ ਦਾ ਢੁੱਕਵਾਂ ਜਵਾਬ ਦੇਣ ਲਈ ਸਮੂਹ ਮੁਲਾਜਮ ਅਤੇ ਪੈਨਸਨਰ 13 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦੀਆਂ ਚਾਰ ਜਮਿਨੀ ਚੋਣਾਂ ਬਰਨਾਲਾ, ਚੱਬੇਵਾਲ, ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਦੇ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਦਾ ਪੂਰਾ ਮਨ ਬਣਾਈ ਬੈਠੇ ਹਨ ਅਤੇ ਅਤੇ ਇਨਾਂ ਸਾਰੇ ਹਲਕਿਆਂ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਝੰਡਾ ਮਾਰਚ ਕਰਨ ਦੇ ਪ੍ਰੋਗਰਾਮ ਉਲੀਕੇ ਜਾ ਚੁੱਕੇ ਹਨ।