ਜ਼ਿਲ੍ਹੇ ਦੇ ਸਥਾਪਿਤ ਤੇ ਉੱਭਰ ਰਹੇ ਕਵੀਆਂ ਨੇ ਕੀਤੀ ਸ਼ਿਰਕਤ….
ਬਠਿੰਡਾ 13 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਅਤੇ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਵੱਲੋਂ ਐੱਸ. ਐੱਸ. ਡੀ ਗਰਲਜ਼ ਕਾਲਜ ਵਿਖੇ ਸੰਸਥਾ ਦੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ਼ ਕਵੀ ਦਰਬਾਰ ‘ਕਾਵਿ ਸ਼ਾਰ’ ਕਰਵਾਇਆ ਗਿਆ। ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਇਸ ਕਵੀ ਸੰਮੇਲਨ ਵਿੱਚ ਬਠਿੰਡਾ ਜ਼ਿਲ੍ਹੇ ਦੇ ਸਥਾਪਤ ਤੇ ਉੱਭਰ ਰਹੇ ਕਵੀਆਂ ਨੇ ਭਾਗ ਲਿਆ। ਸ. ਜਤਿੰਦਰ ਸਿੰਘ ਭੱਲਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਬਠਿੰਡਾ, ਪ੍ਰੋ. ਤਰਸੇਮ ਨਰੂਲਾ ਸਾਹਿਤਕਾਰ ਅਤੇ ਸਮਾਜਸੇਵੀ ਅਤੇ ਜਸਪਾਲ ਮਾਨਖੇੜਾ ਕਾਰਜਕਾਰੀ ਮੈਂਬਰ ਦਿੱਲੀ ਸਾਹਿਤ ਅਕਾਦਮੀ ਸਤਿਕਾਰਿਤ ਮਹਿਮਾਨਾਂ ਵਜੋਂ ਸ਼ਾਮਿਲ ਹੋਏ ।
ਕਵੀ ਦਰਬਾਰ ਵਿੱਚ ਰਣਬੀਰ ਰਾਣਾ, ਸੁਰਿੰਦਰਪ੍ਰੀਤ ਘਣੀਆ, ਡਾ਼ ਨੀਤੂ ਅਰੋੜਾ, ਨਿਰੰਜਨ ਪ੍ਰੇਮੀ, ਅਮਰਜੀਤ ਹਰੜ, ਕੁਲਦੀਪ ਸਿੰਘ ਬੰਗੀ, ਅਮਰਜੀਤ ਜੀਤ,ਲੀਲਾ ਸਿੰਘ ਰਾਏ, ਗੁਰਸੇਵਕ ਬੀੜ, ਗੁਰਮਾਨ ਖੋਖਰ, ਗੁਰਸੇਵਕ ਚੁੱਘੇ ਖੁਰਦ, ਅੰਮ੍ਰਿਤਪਾਲ ਬਠਿੰਡਾ, ਰਣਜੀਤ ਗੌਰਵ,ਮੇਘ ਰਾਜ ਫੌਜੀ, ਦਮਜੀਤ ਦਰਸ਼ਨ, ਭੋਲਾ ਸਿੰਘ ਸ਼ਮੀਰੀਆ, ਪੋਰਿੰਦਰ ਸਿੰਗਲਾ, ਅਮਨਦੀਪ ਦਾਤੇਵਾਸੀਆ, ਦਵੀ ਸਿੱਧੂ, ਅੰਮ੍ਰਿਤ ਕਲੇਰ, ਗੁਰਵਿੰਦਰ ਸਿੱਧੂ, ਮਲਕੀਤ ਮੀਤ, ਹਰਿੰਦਰ ਕੌਰ ਸ਼ੇਖੂਪੁਰਾ, ਮੀਤ ਬਠਿੰਡਾ, ਡਾ. ਨਵਦੀਪ, ਹਰਪ੍ਰੀਤ ਗਾਂਧੀ, ਇਕਬਾਲ ਸਿੱਧੂ, ਨਵਦੀਪ ਰਾਏ, ਦਿਨੇਸ਼ ਨੰਦੀ, ਰਮੇਸ਼ ਗਰਗ ਅਮਰ ਸਿੰਘ ਸਿੱਧੂ ਅਤੇ ਅਨੁਰਾਗ ਸਿੰਘ ਵਰਗੇ ਨਾਮਵਰ ਸ਼ਾਇਰ ਸ਼ਾਮਿਲ ਹੋਏ।
ਕੀਰਤੀ ਕਿਰਪਾਲ, ਜ਼ਿਲ੍ਹਾ ਭਾਸ਼ਾ ਅਫ਼ਸਰ, ਬਠਿੰਡਾ ਨੇ ਮਹਿਮਾਨਾਂ ਅਤੇ ਕਵੀਆਂ ਦਾ ਸੁਆਗਤ ਕਰਦਿਆਂ ਸਭ ਤੋਂ ਪਹਿਲਾਂ ਸਦੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ ਨੂੰ ਯਾਦ ਕੀਤਾ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਜ਼ਿਲ੍ਹੇ ਦੇ ਉੱਘੇ ਸ਼ਾਇਰਾਂ ਨੂੰ ਭਾਸ਼ਾ ਵਿਭਾਗ ਆਪਣੇ ਵਿਹੜੇ ਬੁਲਾ ਕੇ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮਾਗਮ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਉੱਭਰ ਰਹੇ ਸ਼ਾਇਰਾਂ ਨੂੰ ਨਾਮਵਰ ਸ਼ਾਇਰਾਂ ਨੂੰ ਸੁਣਨ ਦੇ ਨਾਲ਼ ਨਾਲ਼ ਆਪਣੀ ਰਚਨਾ ਉਨ੍ਹਾਂ ਸਾਹਮਣੇ ਰੱਖਣ ਦਾ ਮੰਚ ਵੀ ਮਿਲੇਗਾ।
ਸ. ਜਤਿੰਦਰ ਭੱਲਾ ਨੇ ਬੋਲਦਿਆਂ ਕਿਹਾ ਕਿ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਇਸ ਸਫ਼ਲ ਕਵੀ ਸੰਮੇਲਨ ਲਈ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਹੀ ਪੰਜਾਬੀ ਭਾਸ਼ਾ ਦੀ ਪ੍ਰਫੁਲਤਾ ਲਈ ਸੁਹਿਰਦ ਯਤਨ ਕਰਦੀ ਆ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ।
ਸਾਹਿਤਕਾਰ ਅਤੇ ਸਮਾਜਸੇਵੀ ਪ੍ਰੋ. ਤਰਸੇਮ ਨਰੂਲਾ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਜ਼ਿਲ੍ਹਾ ਭਾਸ਼ਾ ਦਫ਼ਤਰਾਂ ਵਿੱਚ ਨਵੀੰ ਟੀਮ ਆਉਣ ਨਾਲ਼ ਵਿਭਾਗ ਵਿੱਚ ਜਾਨ ਪੈ ਗਈ ਹੈ ਅਤੇ ਲਗਾਤਾਰ ਹੋ ਰਹੇ ਅਜਿਹੇ ਸਮਾਗਮ ਇਸ ਗੱਲ ਦੀ ਗਵਾਹੀ ਭਰਦੇ ਹਨ। ਉਨ੍ਹਾਂ ਆਪਣੀਆਂ ਕੁੱਝ ਰਚਨਾਵਾਂ ਵੀ ਸਰੋਤਿਆਂ ਨਾਲ਼ ਸਾਂਝੀਆਂ ਕੀਤੀਆਂ।
ਕਵੀਆਂ ਨੇ ਅਜੋਕੇ ਸਮੇਂ ਦੇ ਹਾਣ ਦੀਆਂ ਕਵਿਤਾਵਾਂ ਸੁਣਾ ਕੇ ਇੰਜ ਸਮਾਂ ਬੰਨਿਆ ਕਿ ਸਰੋਤੇ ਉਸ ਵਿੱਚ ਮੁਗਧ ਹੋ ਗਏ। ਮੰਚ ਸੰਚਾਲਨ ਕੁਲਦੀਪ ਬੰਗੀ ਨੇ ਕੀਤਾ ।ਪ੍ਰੋ਼ ਸੰਦੀਪ ਮੋਹਲਾਂ ਅਤੇ ਮਨਪ੍ਰੀਤ ਮਨੀ ਵੱਲੋਂ ਉੱਘੇ ਸ਼ਾਇਰਾਂ ਦੀਆਂ ਲਿਖ਼ਤਾਂ ਨੂੰ ਗਾ ਕੇ ਪੇਸ਼ ਕੀਤਾ ਗਿਆ। ਸਮਾਗਮ ਦਾ ਪੋਸਟਰ ਉੱਘੇ ਵੈੱਬ ਡਿਜ਼ਾਈਨਰ ਗੁਰਨੂਰ ਸਿੰਘ ਨੇ ਡਿਜ਼ਾਇਨ ਕੀਤਾ।ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਬਠਿੰਡਾ ਦੇ ਸੇਲਜ਼ ਇੰਚਾਰਜ ਸੁਖਮਨੀ ਸਿੰਘ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ।
ਅੰਤ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ਼ ਸਵਿਤਾ ਭਾਟੀਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਮੌਕੇ ਖੋਜ ਅਫ਼ਸਰ ਨਵਪ੍ਰੀਤ ਸਿੰਘ, ਡਾ਼ ਪੌਮੀ ਬਾਂਸਲ, ਮੁਖੀ ਕਾਮਰਸ ਵਿਭਾਗ ਐੱਸ. ਐੱਸ. ਡੀ ਗਰਲਜ਼ ਕਾਲਜ, ਸ਼੍ਰੀ ਜਸਵਿੰਦਰ ਸਿੰਘ ਪ੍ਰਿੰਸੀਪਲ ਆਰ.ਪੀ.ਸੀ. ਕਾਲਜ ਬਹਿਮਣ ਦੀਵਾਨਾ, ਡਾ.ਅਜੀਤਪਾਲ ,ਅਨਿਲ ਕੁਮਾਰ, ਸ਼ੁਭਮ ਤੋਂ ਇਲਾਵਾ ਕਾਲਜ ਦੇ ਪੰਜਾਬੀ ਵਿਭਾਗ ਦਾ ਸਟਾਫ਼ ਮੌਜੂਦ ਰਿਹਾ।
Leave a Comment
Your email address will not be published. Required fields are marked with *