![](https://i0.wp.com/worldpunjabitimes.com/wp-content/uploads/2024/03/IMG-20240304-WA0039.jpg?resize=707%2C1024&ssl=1)
ਕੋਟਕਪੂਰਾ, 4 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੇਬਾਕ ਅਤੇ ਥੜੱਲੇਦਾਰ ਕਲਮ ਦਾ ਮਾਲਕ ਮਨਜੀਤ ਸਿੰਘ ਸਰਾਂ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਉਹ ਤਕਰੀਬਨ 22-23 ਸਾਲ ਤੋ ਪੰਜਾਬ ਹੀ ਨਹੀ ਸਗੋ ਪੂਰੇ ਦੇਸ਼ ਦੀ ਰਾਜਨੀਤੀ ਤੇ ਆਏ ਦਿਨ ਦੁਨੀਆਂ ਭਰ ਦੇ ਪੰਜਾਬੀ ਤੇ ਅੰਗਰੇਜੀ ਦੇ ਅਖਬਾਰਾਂ ਵਿੱਚ ਲਿੱਖਦਾ ਆ ਰਿਹਾ ਹੈ। ਆਪਣੀ ਬੇਬਾਕ ਲੇਖਣੀ ਕਰਕੇ ਉਹ ਹਮੇਸ਼ਾ ਚਰਚਾ ’ਚ ਰਿਹਾ ਹੈ। ਮੋਗੇ ਸ਼ਹਿਰ ਦੇ ਨਜਦੀਕੀ ਪਿੰਡ ਫਤਹਿਗੜ ਕੋਰੋਟਾਣਾ ਦੇ ਜੰਮਪਲ ਮਨਜੀਤ ਸਿੰਘ ਸਰਾਂ ਨੇ ਅੱਜ ਕੱਲ ਕੈਨੇਡਾ ਦੇ ਸ਼ਹਿਰ ਟਰਾਂਟੋ ਵਿਖੇ ਕਿਆਮ ਕੀਤਾ ਹੋਇਆ ਹੈ। ਭਾਂਵੇ ਮਨਜੀਤ ਸਿੰਘ ਸਰਾਂ ਆਪਣੀ ਜਨਮ ਭੋਏਂ ਤੋਂ ਹਜਾਰਾਂ ਕਿਲੋਮੀਟਰ ਦੂਰ ਤੇਜ-ਤਰਾਰ ਦੁਨੀਆਂ ’ਚ ਰਹਿ ਰਿਹਾ ਹੈ ਪਰ ਆਪਣੀ ਮਿੱਟੀ ਨਾਲ ਉਸ ਦਾ ਮੋਹ ਜਿਉਂ ਦਾ ਤਿਉਂ ਬਰਕਰਾਰ ਹੈ। ਪੱਤਰਕਾਰ ਦੇ ਨਾਲ-ਨਾਲ ਉਹ ਉੱਘਾ ਤੇ ਚੇਤੰਨ ਸਾਹਿਤਕਾਰ ਵੀ ਹੈ। ਹੁਣ ਤੱਕ ਉਸ ਦੀਆਂ 6 ਪੁਸਤਕਾਂ ਛਪ ਚੁੱਕੀਆਂ ਹਨ ਅਤੇ ਇੱਕ ਕਹਾਣੀ ਸੰਗ੍ਰਹਿ ‘ਪਿੰਡਾਂ ਵਾਲੇ’ ਪ੍ਰੈੱਸ ਵਿੱਚ ਹੈ। ਮਨਜੀਤ ਸਿੰਘ ਸਰਾਂ ਦਾ ਨਾਵਲ ‘ਪੰਜਾਬ 1984- 2017’ ਜੋ ਕਿ ਪੰਜਾਬੀ ਤੇ ਅੰਗਰੇਜੀ ’ਚ ਛਪਿਆ ਹੈ। ਇਸ ਤੋਂ ਪਹਿਲਾਂ ਉਸ ਦਾ ਇੱਕ ਨਾਵਲ ‘ਸਾਕਾ ਨੀਲਾ ਤਾਰਾ’ ਦੇ ਸਬੰਧ ਵਿੱਚ ‘ਅੰਮ੍ਰਿਤਸਰ ਟੂ ਦਿੱਲੀ’ ਸਿਰਲੇਖ ਹੇਠ ਤੇ ਦੂਜਾ ‘ਦਾ ਡਰਟੀ ਪੌਲੀਟਿਕਸ ਇੱਕ ਸੱਚ’ ਛਪਿਆ ਸੀ ਅਤੇ ਖੂਬ ਚਰਚਾ ’ਚ ਰਿਹਾ। ਮਨਜੀਤ ਸਿੰਘ ਸਰਾਂ ਨੇ ਦੱਸਿਆ ਕਿ 2017 ਵਿੱਚ ‘ਪ੍ਰੀਤ ਪਬਲੀਕੇਸਨ’ ਦਿੱਲੀ ਵਲੋਂ ਛਪੀ ਮੇਰੀ ਕਿਤਾਬ ‘ਪੰਜਾਬ 1984-2017’ ਨੂੰ ‘ਏਸੀਅਨ ਕਲਚਰ ਸੁਸਾਇਟੀ’ ਨਿਊਯਾਰਕ ਵਲੋਂ ‘ਬੈਸਟ ਬੁੱਕ’ ਐਵਾਰਡ ਲਈ ਚੁਣਿਆਂ ਗਿਆ ਹੈ। ਇਹ ਐਵਾਰਡ ਅਕਤੂਬਰ-ਨਵੰਬਰ 2024 ’ਚ ਇੱਕ ਵੱਡੇ ਸਮਾਗਮ ਦੌਰਾਨ ਪ੍ਰਦਾਨ ਕੀਤਾ ਜਾਵੇਗਾ। ਇੱਥੇ ਇਹ ਜਿਕਰਯੋਗ ਹੈ ਕਿ ਇਸ ਸੰਸਥਾ ਵੱਲੋਂ ਕਿਸੇ ਪੰਜਾਬੀ ਪੁਸਤਕ ਨੂੰ ਇਹ ਐਵਾਰਡ ਪਹਿਲੀ ਵਾਰ ਦਿੱਤਾ ਜਾ ਰਿਹਾ ਹੈ। ਮਨਜੀਤ ਨੇ ਦੱਸਿਆ ਕਿ ਉਸ ਨੇ ਹਮੇਸ਼ਾਂ ਸੱਚ ਲਿਖਿਆ ਹੈ ਸੱਚ ਲਿਖਣ ਦਾ ਸਮੇ ਦੀਆਂ ਸਰਕਾਰਾਂ ਵਲੋ ਖਮਿਆਜਾ ਵੀ ਬੁਹਤ ਭੁਗਤਿਆ। ਜਦੋਂ ਇਹ ਖਬਰ ਪੰਜਾਬ ਪਹੁੰਚੀ ਤਾਂ ਸਾਹਿੱਤਕ ਹਲਕਿਆਂ ’ਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਖਬਰ ਦੀ ਖੁਸ਼ੀ ਸਾਂਝੀ ਕਰਦਿਆਂ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਲਖਵੀਰ ਸਿੰਘ ਕੋਮਲ, ਸਾਹਿਤ ਸਭਾ ਭਲੂਰ ਦੇ ਸਰਪਰਸਤ ਮਾ: ਬਿੱਕਰ ਸਿੰਘ ਹਾਂਗਕਾਂਗ, ਸਾਹਿਤ ਸਭਾ ਮੁੱਦਕੀ ਦੇ ਪ੍ਰਧਾਨ ਰੰਮੀ ਗਿੱਲ ਅਤੇ ਪਾਕਿਸਤਾਨ ਤੋਂ ਛਪਦੇ ਬਾਲ ਰਸਾਲੇ ‘ਪਖੇਰੂ’ ਦੇ ਸੰਪਾਦਕ ਅਸਰਫ ਸੁਹੇਲ ਨੇ ਕਿਹਾ ਕਿ ਸਮੁੱਚੇ ਪੰਜਾਬੀ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਲਈ ਇਹ ਬੜੇ ਫਖਰ ਅਤੇ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਸਰਾਂ ਦੀ ਕਲਮ ਨੂੰ ਪਿਆਰ ਕਰਨ ਵਾਲੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਘੇਰਾ ਬੜਾ ਵਿਸ਼ਾਲ ਹੈ। ਇਸ ਕਰਕੇ ਮਨਜੀਤ ਸਿੰਘ ਸਰਾਂ ਨੂੰ ਫੋਨ ਰਾਹੀਂ ਅਤੇ ਸ਼ੋਸ਼ਲ ਮੀਡੀਆ ’ਤੇ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।
Leave a Comment
Your email address will not be published. Required fields are marked with *