ਫ਼ਰੀਦਕੋਟ, 1 ਮਾਰਚ (ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫ਼ਰੀਦਕੋਟ ਨੇ ਨੇੜਲੇ ਪਿੰਡ ਬੀਹਲੇਵਾਲਾ ਵਿਖੇ ਕਿਤਾਬ ਘਰ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਘਰ ’ਤੇ ਤਕਰੀਬਨ 22.47 ਲੱਖ ਦੀ ਲਾਗਤ ਆਵੇਗੀ। ਵਿਧਾਇਕ ਸੇਖੋਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ’ਚ ਲਾਇਬ੍ਰੇਰੀਆਂ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਨਾਲ ਆਧੁਨਿਕ ਪੀੜ੍ਹੀ ਨੂੰ ਉਹਨਾਂ ਨੂੰ ਘਰ ਦੇ ਨਜਦੀਕ ਹੀ ਪੜ੍ਹਾਈ ਦਾ ਢੁਕਵਾਂ ਮਾਹੌਲ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਢਿੱਲਵਾਂ ਖੁਰਦ ਵਿਖੇ ਵੀ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀਆਂ ਸਵੈ-ਸਿੱਖਿਆ ਨੂੰ ਉਤਸ਼ਾਹਿਤ ਕਰਨ, ਜਾਣਕਾਰੀ ਹਾਸਲ ਕਰਨ ਅਤੇ ਖੋਜ ਸਹੂਲਤਾਂ ਪ੍ਰਦਾਨ ਕਰਨ ’ਚ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਹ ਲਾਇਬ੍ਰੇਰੀ ਆਧੁਨਿਕ ਸਹੂਲਤਾਂ ਜਿਵੇਂ ਕਿ ਬੈਠਣ ਲਈ ਨਵੇਂ ਬੈਂਚ, ਟੇਬਲ, ਏ.ਸੀ., ਕਿਤਾਬਾਂ, ਕੰਪਿਊਟਰ ਅਤੇ ਇੰਟਰਨੈੱਟ ਨਾਲ ਲੈੱਸ ਹੋਵੇਗੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਮਰਜੀਤ ਸਿੰਘ ਪਰਮਾਰ, ਗੁਰਮੇਲ ਸਿੰਘ ਸੇਖੋਂ, ਪਰਵਿੰਦਰ ਸਿੰਘ, ਅਵਤਾਰ ਸਿੰਘ, ਸਿਮਰਤ ਸਿੰਘ, ਰਾਜਵਿੰਦਰ ਸਿੰਘ, ਜਗਮੀਤ ਸਿੰਘ, ਗੁਰਪ੍ਰੀਤ ਸਿੰਘ ਫ਼ੌਜੀ, ਪਵਨ ਸੇਖੋਂ ਸਮੇਤ ਪਿੰਡ ਵਾਸੀ ਵੀ ਹਾਜ਼ਰ ਸਨ।