ਸਾਹਿੱਤਕ ਮੈਗਜ਼ੀਨ “ਸ਼ਬਦ” ਦਾ ਕਮਾਲ ਇਹ ਹੈ ਕਿ ਇਹ ਸਾਲ ਵਿੱਚ ਦੇ ਤਿੰਨ ਵਿਸ਼ੇਸ਼ ਸਪਲੀਮੈਟ ਵੀ ਛਾਪਦਾ ਹੈ। ਪਿੱਛੇ ਜਹੇ ਨੰਦ ਲਾਲ ਨੂਰਪੁਰੀ ਜੀ ਬਾਰੇ ਸਪਲੀਮੈਂਟ ਨੇ ਮੈਨੂੰ ਇਸ ਦੇ ਸੰਪਾਦਕਾਂ ਹਰਜੀਤ ਅਟਵਾਲ ਤੇ ਜਿੰਦਰ ਦਾ ਕਾਇਲ ਕਰ ਲਿਆ ਸੀ।
ਇਹੋ ਜਰੇ ਵੱਡੇ ਕਾਰਜਾਂ ਕਰਨ ਲਈ ਦਰਿਆ ਜਿੱਡਾ ਦਿਲ ਚਾਹੀਦਾ ਹੈ। ਹੁਣ ਗਿਆਨੀ ਸੋਹਣ ਸਿੰਘ ਸੀਤਲ ਜੀ ਨਮਿਤ ਸਪਲੀਮੈਂਟ ਪ੍ਰਕਾਸ਼ਿਤ ਕੀਤਾ ਹੈ। ਇਹ ਸਪਲੀਮੈਂਟ ਨਹੀਂ, ਸਿਮਰਤੀ ਗਰੰਥ ਹੈ। ਤਿੰਨ ਸੌ ਤੋਂ ਵੱਧ ਪੰਨੇ।
ਬੰਦਾ ਵੀ ਤਾਂ ਮਹਾਂਪੁਰਖਾਂ ਜਿੱਡਾ ਸੀ।
ਬਾਬਾ ਬੁੱਲ੍ਹੇਸ਼ਾਹ ਦਾ ਗਿਰਾਈਂ। ਦੋਵੇਂ ਕਸੂਰ ਤਹਿਸੀਲ ਦੇ ਜੰਮੇ। ਬਾਬਾ ਬੁੱਲ੍ਹੇਸ਼ਾਹ ਪਾਂਡੋ ਕੀ ਦਾ ਤੇ ਗਿਆਨੀ ਸੋਹਣ ਸਿੰਘ ਸੀਤਲ ਕਾਦੀਵਿੰਡ ਦੇ ਪੰਨੂੰਆਂ ਦਾ ਮੁੰਡਾ। ਪਿਛਲਾ ਪਿੰਡ ਮਾੜੀ ਪੰਨੂੰਆਂ ਸੀ ਸ਼੍ਰੀ ਹਰਗੋਬਿੰਦਪੁਰ ਨੇੜੇ।
ਕਵੀਸ਼ਰ, ਢਾਡੀ, ਇਤਿਹਾਸਕਾਰ, ਨਾਵਲਕਾਰ ਸੀ। ਆਪਣੀਆਂ ਕਿਤਾਬਾਂ ਦਾ ਆਪੇ ਛਾਪਕ ਤੇ ਪ੍ਰਕਾਸ਼ਕ। “ਸੀਤਲ ਪੁਸਤਕ ਭੰਡਾਰ” ਸੀ ਪ੍ਰਕਾਸ਼ਨ ਦਾ ਨਾਮ।
ਮੇਰਾ ਸੁਭਾਗ ਹੈ ਕਿ ਮੈਂ ਉਨ੍ਹਾਂ ਦੀ ਰਿਹਾਇਸ਼ ਸੀਤਲ ਭਵਨ ਸਾਥ ਮਾਡਲ ਗ੍ਰਾਮ ਲੁਧਿਆਣਾ ਵਿੱਚ ਅਨੇਕ ਵਾਰ ਚਰਨ ਬੰਦਨਾ ਕੀਤੀ ਹੈ। ਸਾਦ ਮੁਰਾਦੇ ਪਰ ਅਤਿਅੰਤ ਜ਼ਹੀਨ।
ਪਿਛਲੀ ਸਦੀ ਦੇ ਸੱਤਵੇਂ ਦਹਾਕੇ ਵਿੱਚ ਜਦ ਉਨ੍ਹਾਂ ਦੇ ਨਾਵਲ “ਜੁਗ ਬਦਲ ਗਿਆ” ਨੂੰ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲਿਆ ਤਾਂ ਸਾਡੇ ਮੁਰਸ਼ਦ ਡਾ. ਐੱਸ ਪੀ ਸਿੰਘ ਜੀ ਨੇ ਸਾਨੂੰ ਉਨ੍ਹਾਂ ਦੇ ਘਰ ਭੇਜਿਆ ਤੇ ਜੀ ਜੀ ਐੱਨ ਖ਼ਾਲਸਾ ਕਾਲਿਜ ਵਿੱਚ ਸਨਮਾਨ ਲਈ ਸੱਦਾ ਪੱਤਰ ਦੇਣ ਵੀ। ਬੜਾ ਯਾਦਗਾਰੀ ਸਮਾਗਮ ਹੋਇਆ। ਡਾ. ਰਘਬੀਰ ਸਿੰਘ ਸਿਰਜਣਾ ਨੇ ਉਨ੍ਹਾਂ ਦੀ ਨਾਵਲ ਨਿਗਾਰੀ ਬਾਰੇ ਮੁੱਖ ਭਾਸ਼ਨ ਦਿੱਤਾ ਸੀ। ਪੂਰਾ ਅਦਬੀ ਲੁਧਿਆਣਾ ਸਮਾਗਮ ਵਿੱਚ ਹਾਜ਼ਰ ਸੀ।
ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਵਿੱਚ ਉਨ੍ਹਾਂ ਦਾ ਢਾਡੀ ਜਥਾ ਲਗਪਗ ਹਰ ਸਾਲ ਆਉਂਦਾ। 1992 ਵਿੱਚ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।
ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਵੀ ਮੈਂ ਸ਼ਾਮਿਲ ਹੋਇਆ ਸਾਂ।
ਗੱਲ “ਸ਼ਬਦ” ਦੇ ਗਿਆਨੀ ਸੋਹਣ ਸਿੰਘ ਸੀਤਲ ਸਪਲੀਮੈਂਟ ਤੋਂ ਸ਼ੁਰੂ ਹੋਈ ਸੀ।
ਦੋ ਗਲਪਕਾਰਾਂ ਵੱਲੋਂ ਪੂਰਬਲੇ ਗਲਪਕਾਰ ਸ਼ੀਤਲ ਜੀ ਬਾਰੇ ਇਹ ਵੱਡ ਆਕਾਰੀ ਕਾਰਜ ਕਰਕੇ ਕਮਾਲ ਕਰ ਵਿਖਾਈ ਹੈ।
ਇਸ ਵਿੱਚ ਉਨ੍ਹਾਂ ਡਾ. ਗੁਰਬੀਰ ਸਿੰਘ ਬਰਾੜ ਦਾ ਵਿਸ਼ੇਸ਼ ਸਹਿਯੋਗ ਲਿਆ ਹੈ। ਗੁਰਬੀਰ “ਸੁਰਤਿ” ਦਾ ਵੀ ਸੰਪਾਦਕ ਹੈ ਤੇ ਗੁਰੂ ਨਾਨਕ ਕਾਲਿਜ ਬਟਾਲਾ ਵਿੱਚ ਪੋਸਟਗਰੈਜੂਏਟ ਪੰਜਾਬੀ ਵਿਭਾਗ ਦਾ ਮੁਖੀ ਹੈ। ਨਿੱਤ ਨਵੇਂ ਸੂਰਜ ਨਵੇਂ ਸੁਪਨੇ ਲੈ ਕੇ ਉਨ੍ਹਾਂ ਵਿੱਚ ਰੰਗ ਭਰਨ ਵਾਲਾ। ਇਸ ਵੱਡ ਆਕਾਰੀ ਸਪਲੀਮੈਂਟ ਨੂੰ ਖਰੀਦ ਕੇ ਪੜ੍ਹੀਏ ਤੇ ਆਪੋ ਆਪਣੀ ਲਾਇਬਰੇਰੀ ਦਾ ਸ਼ਿੰਗਾਰ ਬਣਾਈਏ।
‘ਸ਼ਬਦ’ ਮੈਗਜ਼ੀਨ ਦੇ ਸੰਪਾਦਕ ਜਿੰਦਰ ਅਤੇ ਹਰਜੀਤ ਅਟਵਾਲ ਦਾ ਮੁੜ ਵਿਸ਼ੇਸ਼ ਧੰਨਵਾਦ, ਜਿਨ੍ਹਾਂ ਨੇ ਗਿਆਨੀ ਸੋਹਣ ਸਿੰਘ ਸੀਤਲ ਦੀ ਬਹੁਮੁੱਲੀ ਦੇਣ ਨੂੰ ਮੁੜ ਚਰਚਾ/ਚਿੰਤਨ ਦਾ ਹਿੱਸਾ ਬਣਾਇਆ ਹੈ। ਇਹ ਕਿਸੇ ਵੀ ਯੂਨੀਵਰਸਿਟੀ ਵੱਲੋਂ ਛਪਦੇ ਵਿਸ਼ੇਸ਼ ਅੰਕ ਨਾਲੋਂ ਵੀ ਵਡਮੁੱਲਾ ਹੈ।
ਵਿਰਸੇ ਨੂੰ ਵਰਤਮਾਨ ਵਿੱਚ ਵਿਚਾਰਨਾ ਵੱਡਾ ਕਾਰਜ ਹੈ ।
ਗੁਰਭਜਨ ਗਿੱਲ
