ਸਮਾਜਕ ਜੀਵਨ ਵਿਚ ਇਸਤਰੀ ਦਾ ਮਹੱਤਵਪੂਰਨ ਸਥਾਨ ਹੈ। ਪਰਿਵਾਰਕ ਜੀਵਨ ਉਸ ਤੋਂ ਬਿਨਾਂ ਸੁਚਾਰੂ ਢੰਗ ਨਾਲ ਨਹੀਂ ਚੱਲ ਸਕਦਾ। ਉਹ ਮਾਨਵ ਜੀਵਨ ਦੀ ਕਰਤਾ ਹੈ। ਉਸ ਨੇ ਆਦਿ ਕਾਲ ਤੋਂ ਮਾਨਵੀ ਜਾਤੀ ਨੂੰ ਪਾਲਿਆ, ਪੋਸਿਆ, ਸਵਾਰਿਆ ਤੇ ਗੁਣਾਂ ਨਾਲ ਭਰਪੂਰ ਕੀਤਾ। ਇਸਤੋਂ ਇਲਾਵਾ ਸੰਗੀਤ, ਚਿੱਤਰਕਾਰੀ ਆਦਿ ਕੋਮਲ ਕਲਾਵਾਂ ਦੀ ਮੂਲ ਪ੍ਰੇਰਕ ਇਸਤਰੀ ਹੀ ਰਹੀ ਹੈ। ਪਰ ਸ਼ੁਰੂ ਤੋਂ ਹੀ ਪੁਰਸ਼ ਪ੍ਰਧਾਨ ਸਮਾਜ ਵਿਚ ਇਸਤਰੀ ਜਾਤੀ ਨਾਲ ਵਿਤਕਰਾ ਕੀਤਾ ਜਾਂਦਾ ਰਿਹਾ ਹੈ। ਆਦਿ ਕਾਲ ਤੋਂ ਹੀ ਔਰਤ ਨੂੰ ਘਿਰਣਾ ਦੀ ਦ੍ਰਿਸ਼ਟੀ ਨਾਲ ਵੇਖਿਆ ਜਾਂਦਾ ਰਿਹਾ ਹੈ। ਮਰਦ ਕੋਲ ਸਾਰੀਆਂ ਆਰਥਿਕ ਸ਼ਕਤੀਆਂ ਸਨ ਜਿਸ ਦੇ ਫਲਸਰੂਪ ਸਮਾਜਕ ਉਚਤਾ ਅਤੇ ਨੌਕਰੀਆਂ ਉਤੇ ਕੇਵਲ ਮਰਦ ਹੀ ਪ੍ਰਧਾਨ ਰਿਹਾ ਹੈ। ਆਪਣੀਆਂ ਸਭ ਪ੍ਰਕਾਰ ਦੀਆਂ ਕਮਜ਼ੋਰੀਆਂ ਨੂੰ ਛੁਪਾਉਣ ਲਈ ਉਹ ਸਭ ਦੋਸ਼ ਔਰਤ ਦੇ ਸਿਰ ’ਤੇ ਮੜ੍ਹਦਾ ਰਿਹਾ ਹੈ। ਗ੍ਰਿਹਸਥ ਧਰਮ ਤੋਂ ਭਗੌੜੇ ਸਿੱਧ, ਨਾਥ, ਜੋਗੀ, ਸੰਨਿਆਸੀ ਸਾਧੂ ਬੈਰਾਗੀ ਆਦਿ ਸਾਰੇ ਔਰਤ ਨੂੰ ਮੰਦ ਭਾਵਨਾ ਨਾਲ ਹੀ ਵੇਖਦੇ ਰਹੇ ਹਨ।
ਦੂਜਾ ਔਰਤ ਦੇ ਸਮਾਨਾਰਥਕ ਸ਼ਬਦਾਂ ਦੇ ਅਰਥ ਅਜਿਹੇ ਹਨ ਜਿਹੜੇ ਲੋਕਮਨ ਲਈ ਪ੍ਰਵਾਨ ਕਰਨੇ ਮੁਸ਼ਕਿਲ ਹਨ ਜਾਂ ਔਰਤ ਜਾਤ ਲਈ ਜਾਣ ਬੁੱਝ ਕੇ ਹੀ ਅਜਿਹੇ ਸ਼ਬਦ ਨਿਸ਼ਚਿਤ ਕੀਤੇ ਗਏ ਹਨ। ਔਰਤ ਦੇ ਸਮਾਨਾਰਥਕ ਇਸਤਰੀ, ਰੰਨ, ਵਹੁਟੀ, ਵਨਿਤਾ, ਵਧੂ, ਬੀਵੀ, ਬੇਗ਼ਮ, ਤੀਵੀਂ, ਤ੍ਰੀਮਤ, ਤ੍ਰਿਆ, ਨਾਰੀ, ਜ਼ਨ, ਜ਼ਨਾਨੀ, ਜ਼ੋਰੂ, ਮਹਿਲਾ, ਦੁਲਹਨ, ਭਾਰਯਾ ਆਦਿ ਸ਼ਬਦ ਵਰਤੇ ਜਾਂਦੇ ਹਨ। ਇਹਨਾਂ ਸ਼ਬਦਾਂ ਦੇ ਅਰਥ ਵੀ ਤਿਆਗਣਯੋਗ ਤੇ ਘ੍ਰਿਣਤ ਹਨ। ਮਹਾਨ ਕੋਸ਼ ਅਨੁਸਾਰ ਔਰਤ ਤੋਂ ਭਾਵ ਹੈ ਉਹ ਚੀਜ਼ ਜੋ ਛੁਪਾਉਣ (ਲੁਕੌਣ) ਲਾਇਕ ਹੋਵੇ। ਨਾਰੀ ਤੋਂ ਭਾਵ ਹੈ ਅੱਗ, ਅਗਨੀ, ਆਤਿਸ਼, ਦੋਜ਼ਖ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਨਾਰੀ ਦਾ ਅਰਥ ਹੈ ਨਾਰ (ਅੱਗ) ਤੋਂ ਬਣਿਆ ਹੋਇਆ ਸ਼ੈਤਾਨ। ਔਰਤ ਨਾਲ ਸੰਬੰਧਤ ਸਾਰੇ ਸ਼ਬਦਾਂ ਦੇ ਅਰਥ ਇਸੇ ਪ੍ਰਕਾਰ ਦੇ ਹਨ। ਸੁਭਾਵਿਕ ਹੈ ਜਿਸ ਵਰਤਾਰੇ ਦੇ ਸ਼ਬਦ ਤੇ ਅਰਥ ਘ੍ਰਿਣਾਯੋਗ ਹੋਣ ਲੋਕ ਸਮੂਹ ਉਸ ਦੀ ਹਾਮੀ ਭਰਨ ਦਾ ਚਾਹਵਾਨ ਨਹੀਂ ਹੁੰਦਾ।
ਮਨੋਵਿਗਿਆਨ ਦੇ ਮੋਢੀ ਸਿਗਮੰਡ ਫਰਾਇਡ ਅਤੇ ਕਾਰਲ ਯੁੰਗ ਨੇ ਮਨੁੱਖੀ ਸ਼ਖ਼ਸੀਅਤ ਨੂੰ ਸਮਝਣ ਲਈ ਇਡ (Id) ਈਗੋ (Ego) ਤੇ ਸੁਪਰ ਈਗੋ (Super Ego) ਦੇ ਤਿੰਨ ਸੰਕਲਪ ਦਿੱਤੇ। ਮਨੁੱਖੀ ਮਨ ਦੇ ਇਹਨਾਂ ਤਿੰਨਾਂ ਭਾਗਾਂ ਦਾ ਸੰਬੰਧ ਕੁਝ ਬੁਨਿਆਦੀ ਪ੍ਰਵਿਰਤੀਆਂ ਨਾਲ ਹੈ। ਪਹਿਲਾ ਜੀਵਨਮੁਖ ਪ੍ਰਵਿਰਤੀਆਂ (Life Urges) ਅਤੇ ਦੂਜਾ ਮ੍ਰਿਤੂਮੁਖ ਪ੍ਰਵਿਰਤੀਆਂ (Death Urges)। ਯੂਨਾਨੀ ਮਿਥਿਹਾਸ ਵਿਚ ਜੀਵਨਮੁਖ ਪ੍ਰਵਿਰਤੀਆਂ ਲਈ ਈਰੋਜ਼ (Eros) ਅਤੇ ਮ੍ਰਿਤੂਮੁਖ ਪ੍ਰਵਿਰਤੀਆਂ ਲਈ ਥਾਨਾਟੋਜ਼ (Thanatos) ਸ਼ਬਦਾਂ ਦੀ ਵਰਤੋਂ ਕੀਤੀ ਗਈ। ਜੀਵਨਮੁਖ ਸ਼ਕਤੀਆਂ ਮਨੁੱਖੀ ਜੀਵਨ ਦੀ ਸੁਰੱਖਿਆ ਕਰਦੀਆਂ ਹਨ ਤੇ ਮ੍ਰਿਤੂਮੁਖ ਪ੍ਰਵਿਰਤੀਆਂ ਦਾ ਉਦੇਸ਼ ਮਾਰਨਾ ਤੇ ਨਸ਼ਟ ਕਰਨਾ ਹੁੰਦਾ ਹੈ। ਇਹਨਾਂ ਦੋਹਾਂ ਪ੍ਰਵਿਰਤੀਆਂ ਦੀ ਕਸ਼ਮਕਸ਼ ਸਾਰੀ ਉਮਰ ਚੱਲਦੀ ਰਹਿੰਦੀ ਹੈ ਤੇ ਜੇਕਰ ਮ੍ਰਿਤੂਮੁਖ ਪ੍ਰਵਿਰਤੀਆਂ ਭਾਰੂ ਹੋ ਜਾਣ ਤਾਂ ਈਰਖਾ, ਆਤਮਘਾਤ, ਕਤਲ ਆਦਿ ਉਤਪੰਨ ਹੁੰਦੇ ਹਨ।
ਫਰਾਇਡ ਮਨੁੱਖੀ ਮਨ ਦੇ ਤਿੰਨ ਭਾਗ ਮੰਨਦਾ ਹੈ: (1) ਸੁਚੇਤਨ (2) ਅਚੇਤਨ (3) ਅਰਧ ਚੇਤਨ। ਮਨੁੱਖ ਦੀਆਂ ਇੱਛਾਵਾਂ ਸਮਾਜਕ ਆਲੇ ਦੁਆਲੇ ਨਾਲ ਟਕਰਾਉਂਦੀਆਂ ਹਨ ਤੇ ਅਧੂਰੀਆਂ ਰਹਿ ਜਾਂਦੀਆਂ ਹਨ। ਇਹ ਇੱਛਾਵਾਂ ਉਸਦੇ ਅਵਚੇਤਨ ਵਿਚ ਪਈਆਂ ਹੁੰਦੀਆਂ ਹਨ। ਮਨ ਦਾ ਸਭ ਤੋਂ ਵੱਡਾ ਹਿੱਸਾ ਅਚੇਤਨ ਹੁੰਦਾ ਹੈ ਇਸ ਲਈ ਫਰਾਇਡ ਬਰਫ਼ ਦੇ ਤੋਦੇ ਦੀ ਉਦਾਹਰਨ ਦਿੰਦਾ ਹੈ। ਯੁੰਗ ਅਨੁਸਾਰ ਅਚੇਤਨ ਸਮੂਹਿਕ ਹੀ ਹੁੰਦਾ ਹੈ। ਸਮਾਜ ਵਿਚ ਰਹਿੰਦਾ ਵਿਅਕਤੀ ਸਮਾਜ ਦੇ ਸਾਂਝੇ ਤਜ਼ਰਬੇ ਵਿਚੋਂ ਗੁਜ਼ਰਦਾ ਹੈ। ਪੰਜਾਬੀਆਂ ਨੂੰ ਲੰਬੇ ਸਮੇਂ ਲਈ ਜੰਗਾਂ ਯੁੱਧਾਂ ਵਿਚੋਂ ਗੁਜ਼ਰਨਾ ਪਿਆ ਹੈ ਜਿਸ ਕਾਰਨ ਪੰਜਾਬੀਆਂ ਦੇ ਅਚੇਤਨ ਵਿਚ ਹਿੰਸਾ ਦਾ ਭਾਵ ਸਮੋਇਆ ਹੋਇਆ ਹੈ। ਸੁਭਾਵਿਕ ਹੈ ਕਿ ਜਦੋਂ ਕਿਸੇ ਵਰਤਾਰੇ ਨਾਲ ਲੰਮੇ ਸਮੇਂ ਤੱਕ ਲੋਕ ਸਮੂਹ ਜੁੜਿਆ ਰਹੇ ਤਾਂ ਉਹ ਵਰਤਾਰਾ ਜਾਂ ਉਸ ਨਾਲ ਜੁੜੇ ਸੰਕਲਪ, ਵਿਸ਼ਵਾਸ ਅਤੇ ਮਨੌਤਾਂ ਲੋਕਮਨ ਦਾ ਹਿੱਸਾ ਬਣ ਜਾਂਦੀਆਂ ਹਨ ਜਾਂ ਲੋਕ ਸਮੂਹ ਦੇ ਅਚੇਤਨ ਦਾ ਭਾਗ ਬਣਦੀਆਂ ਹਨ। ਵਾਸਤਵ ਵਿਚ ਲੋਕਮਨ ਦੀਆਂ ਅਕਾਂਖਿਆਵਾਂ ਅਜਿਹੀਆਂ ਘਟਨਾਵਾਂ ਨੂੰ ਜਨਮ ਦਿੰਦੀਆਂ ਹਨ ਜਿਹੜੀਆਂ ਲੋਕ ਸਮੂਹ ਲਈ ਘਾਤਕ ਹੋ ਨਿਬੜਦੀਆਂ ਹਨ। ਲੋਕਧਾਰਾਈ ਵਰਤਾਰਿਆਂ ਵਿਚ ਲੜਕੀਆਂ ਨੂੰ ਬਿਗਾਨਾ ਧਨ ਸਮਝ ਕੇ, ਕਮਜ਼ੋਰ ਸਮਝ ਕੇ, ਬੋਝ ਸਮਝ ਕੇ ਅਤੇ ਅਪਵਿੱਤਰ ਸਮਝ ਕੇ ਅਸਵਿਕਾਰ ਕੀਤਾ ਜਾਂਦਾ ਰਿਹਾ ਹੈ। ਇਹੋ ਕਾਰਨ ਹੈ ਲੋਕਮਨ ਆਦਿ ਕਾਲ ਤੋਂ ਹੀ ਔਰਤ ਨੂੰ ਜਨਮ ਤੋਂ ਪਹਿਲਾਂ ਅਤੇ ਜਨਮ ਸਮੇਂ ਹੀ ਮਾਰ ਦੇਣ ਦਾ ਹਾਮੀ ਰਿਹਾ ਹੈ।
ਲੋਕਮਨ ਵਿਚ ਕਿਤੇ ਨਾ ਕਿਤੇ ਆਪਣੀ ਵਿਰਾਸਤ, ਇਤਿਹਾਸ, ਮਿਥਿਹਾਸ ਤੇ ਧਾਰਮਿਕ ਕਰਮਕਾਂਡ ਪਏ ਹਨ ਜਿਹੜੇ ਲੋਕਾਂ ਨੂੰ ਔਰਤ ਵਿਰੋਧੀ ਹੋਣ ਲਈ ਮਜਬੂਰ ਕਰਦੇ ਹਨ। ਜ਼ਿਆਦਾਤਰ ਧਾਰਮਿਕ ਗ੍ਰੰਥਾਂ ਵਿਚਲੇ ਉਪਦੇਸ਼ ਅਤੇ ਨਿਯਮ ਇਹ ਦਰਸਾਉਂਦੇ ਹਨ ਕਿ ਔਰਤ ਕੋਈ ਮਹਾਨ ਚੀਜ਼ ਨਹੀਂ ਅਤੇ ਲੋਕਮਨ ਦੀ ਪ੍ਰਵਿਰਤੀ ਧਾਰਮਿਕ ਹੋਣ ਕਰਕੇ ਅਜਿਹੇ ਉਪਦੇਸ਼ਾਂ ਨੂੰ ਜ਼ਿਆਦਾ ਮੰਨਿਆ ਜਾਂਦਾ ਹੈ। ਧਾਰਮਿਕ ਗ੍ਰੰਥਾਂ ਵਿਚ ਔਰਤ ਦੀ ਨੀਚਤਾ ਕੇਵਲ ਹਿੰਦੂਸਤਾਨ ਵਿਚ ਹੀ ਨਹੀਂ ਪੱਛਮ ਵਿਚ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ।
ਇਤਿਹਾਸਕ ਸੰਦਰਭ ਵਿਚ ਵੇਖੀਏ ਤਾਂ ਮਨੂੰ ਸਿਮ੍ਰਤੀ ਦੇ ਨਿਯਮਾਂ ਅਨੁਸਾਰ ਔਰਤ ਨੂੰ ਸ਼ੂਦਰ ਸਮਝਿਆ ਜਾਂਦਾ ਸੀ। ਉਸਨੂੰ ਵੇਦ ਮੰਤਰਾਂ ਦਾ ਪਾਠ ਕਰਨ ਤੇ ਸੁਣਨ ਦੀ ਆਗਿਆ ਨਹੀਂ ਸੀ, ਹਾਲਾਂਕਿ ਕੁਝ ਵੇਦ ਮੰਤਰ ਇਸਤਰੀਆਂ ਦੁਆਰਾ ਉਚਾਰਨ ਕੀਤੇ ਹੋਏ ਹਨ। ਮਹਾਂਭਾਰਤ ਦੇ ਨਾਇਕ ਪਾਂਡਵ ਪੰਜ ਭਰਾ ਸਨ। ਪਰ ਪਤਨੀ ਸਾਰਿਆਂ ਦੀ ਸਾਂਝੀ ਕੇਵਲ ਦ੍ਰੋਪਤੀ ਹੀ ਸੀ। ਪੰਜ ਭਰਾਵਾਂ ਦੇ ਘਰ ਇਕ ਔਰਤ ਦਾ ਵੱਸਣਾ, ਇਸਤਰੀ ਜਾਤੀ ਨਾਲ ਇਸ ਤੋਂ ਵੱਡੀ ਕੀ ਤ੍ਰਾਸਦੀ ਹੋ ਸਕਦੀ ਹੈ। ਫਿਰ ਪੰਜ ਭਰਾਵਾਂ ਦਾ ਸ਼ਰਾਬ ਪੀ ਕੇ ਜੂਆ ਖੇਡਣਾ ਤੇ ਜੂਏ ਵਿਚ ਆਪਣੀ ਪਤਨੀ ਵੀ ਹਾਰ ਜਾਣਾ, ਦੁਨੀਆਂ ਵਿਚ ਇਸ ਘਿਨਾਉਣੇ ਜ਼ੁਲਮ ਦੀ ਮਿਸਾਲ ਕਿਧਰੇ ਨਹੀਂ ਮਿਲਦੀ। ਅਥਰਵ ਵੇਦ ਵਿਚ ਲਿਖਿਆ ਹੈ ਕਿ ਅਗਰ ਕਿਸੇ ਔਰਤ ਦੇ ਦਸ ਪਤੀ ਹੋਣ ਪ੍ਰੰਤੂ ਉਹਨਾਂ ਤੋਂ ਬਾਅਦ ਉਸਦਾ ਹੱਥ ਕੋਈ ਬ੍ਰਾਹਮਣ ਫੜ ਲਵੇ ਤਾਂ ਉਹ ਉਸੇ ਬ੍ਰਾਹਮਣ ਦੀ ਹੋਵੇਗੀ। ਰਮਾਇਣ ਤੁਲਸੀ ਦਾਸ ਵਿਚ ਲਿਖਿਆ ਹੈ ਕਿ ਇਸਤਰੀ ਦਾ ਹਿਰਦਾ ਸਾਰੇ ਕਪਟਾਂ, ਪਾਪਾਂ ਅਤੇ ਔਗੁਣਾਂ ਦੀ ਖਾਣ ਹੈ। ਇਸਤਰੀਆਂ ਸੁਭਾਅ ਤੋਂ ਗਿਆਨਹੀਨ ਅਤੇ ਮੂਰਖ ਹੁੰਦੀਆਂ ਹਨ। ਇਸਤਰੀ ਆਪਣੇ ਸੁਭਾਅ ਤੋਂ ਹੀ ਅਪਵਿੱਤਰ ਹੈ।
ਢੋਰ, ਪਸ਼ੂ, ਸ਼ੂਦਰ ਔਰ ਨਾਰੀ।
ਚਾਰੋਂ ਤਾੜਨ ਕੇ ਅਧਿਕਾਰੀ।
ਇਸਲਾਮ ਧਰਮ ਦੀ ਪੁਸਤਕ ਕੁਰਾਨ ਵਿਚ 3-3 ਜਾਂ 4-4 ਔਰਤਾਂ ਨਾਲ ਵਿਆਹ ਕਰਾਉਣਾ ਜਾਇਜ਼ ਹੈ। ਹਜ਼ਰਤ ਜ਼ੁਅਨੂਨ ਮਿਸ਼ਰੀ ਨੂੰ ਇਕ ਆਦਮੀ ਨੇ ਕਿਹਾ ਕਿ ਮੇਰੀ ਪਤਨੀ ਆਪ ਨੂੰ ਸਲਾਮ ਕਹਿੰਦੀ ਹੈ। ਆਪ ਨੇ ਕਿਹਾ ਔਰਤਾਂ ਦੇ ਸਲਾਮ ਸਾਨੂੰ ਨਾ ਪਹੁੰਚਾਇਆ ਕਰੋ। ਹਜ਼ਰਤ ਸਈਦਬਿਨ ਮਸੇਬ ਅਨੁਸਾਰ ਕੋਈ ਵੀ ਚੀਜ਼ ਔਰਤਾਂ ਨਾਲੋਂ ਵਧੇਰੇ ਖਤਰਨਾਕ ਨਹੀਂ। ਕੁਰਾਨ ਅਨੁਸਾਰ ਅੱਲਾ ਨੇ ਮਰਦ ਨੂੰ ਔਰਤ ਨਾਲੋਂ ਚੰਗਾ ਬਣਾਇਆ ਹੈ। ਔਰਤ ਨੂੰ ਮਸਜਿਦ ਦੇ ਅੰਦਰ ਜਾਣ ਦੀ ਮਨਾਹੀ ਹੈ ਕਿਉਂਕਿ ਔਰਤ ਅਪਵਿੱਤਰ ਹੈ। ਸੂਫ਼ੀ ਕਵੀ ਸੁਲਤਾਨ ਬਾਹੂ ਨੇ ਵੀ ਔਰਤ ਨੂੰ ਅਪਵਿੱਤਰ ਮੰਨਿਆ ਹੈ ਤੇ ਕਿਹਾ ਹੈ ਕਿ ਔਰਤ ਦੋਜ਼ਖ਼ ਦੇ ਸਮਾਨ ਹੈ।
ਇਹ ਦੁਨੀਆ ਜ਼ਨ ਹੈਜ਼ ਪਲੀਦੀ
ਹਰਗਿਜ਼ ਪਾਕ ਨਾ ਥੀਵੇ ਹੂ॥
ਸਿੱਧਾਂ ਨੇ ਇਸਤਰੀ ਨੂੰ ਭੋਗ ਵਿਲਾਸ ਦੀ ਵਸਤੂ ਸਮਝਿਆ ਹੈ। ਜੈਨ ਧਰਮ ਅਨੁਸਾਰ ਇਸਤਰੀਆਂ ਸੜਕ ਦੇ ਕਿਨਾਰੇ ਤੇ ਜਗਾਉਣ ਵਾਲੇ ਉਹ ਦੀਵੇ ਹਨ ਜੋ ਨਰਕ ਦਾ ਮਾਰਗ ਦਿਖਾਉਂਦੇ ਹਨ। ਜੈਨ ਧਰਮ ਵਿਚ ਇਸਤਰੀ ਨੂੰ ਬੰਧਨ, ਮਾਇਆ, ਸਰਪਣੀ ਆਦਿ ਕਿਹਾ ਗਿਆ ਹੈ ਅਤੇ ਇਹ ਵੀ ਜ਼ਿਕਰ ਕੀਤਾ ਹੈ ਕਿ ਇਸਤਰੀ ਦੀ ਮੁਕਤੀ ਨਹੀਂ ਹੁੰਦੀ ਉਹ ਪੁਰਸ਼ ਦਾ ਜਨਮ ਧਾਰ ਕੇ ਹੀ ਮੁਕਤੀ ਪ੍ਰਾਪਤ ਕਰ ਸਕਦੀ ਹੈ। ਮਹਾਤਮਾ ਬੁੱਧ ਵੀ ਇਸਤਰੀ ਨੂੰ ਆਪਣੇ ‘ਸੰਘ’ ਵਿਚ ਸ਼ਾਮਿਲ ਕਰਨ ਦੇ ਹੱਕ ਵਿਚ ਨਹੀਂ ਸਨ। ਗੋਰਖ ਨਾਥ ਨੇ ਇਸਤਰੀ ਨੂੰ ਮੁਕਤੀ ਦੇਰਾਹ ਵਿਚ ਰੁਕਾਵਟ ਸਮਝ ਕੇ ਉਸ ਨੂੰ ‘ਬਾਘਣ’ ਦੀ ਸੰਗਿਆ ਦਿੱਤੀ ਹੈ।
ਦਾਮ ਕਾਢ ਬਾਘਣ ਲੈ ਆਇਆ॥
ਮਾਉ ਕਹੇ ਮੇਰਾ ਪੂਤੁ ਬਿਆਹਿਆ॥
ਗੀਲੀ ਲਕੜੀ ਕੋ ਘੁਣ ਲਾਇਆ॥
ਤੀਨ ਡਾਲ ਮੂਲ ਸਣ ਖਾਇਆ॥
ਬਾਘਣ ਜਿੰਦ ਲੇਇ, ਬਾਘਣ ਬਿੰਦ ਲੇਇ,
ਬਾਘਣ ਹਮਰੀ ਕਾਇਆ॥
ਇਸ ਬਾਘਣ ਤ੍ਰੈਲੋਈ ਖਾਈ
ਬਦਤਿ ਗੋਰਖਿ ਰਾਇਆ॥
ਕਬੀਰ ਗ੍ਰੰਥਾਵਲੀ ਵਿਚ ਕਬੀਰ ਜੀ ਵਰਗੇ ਮਹਾਂਪੁਰਸ਼ ਨੇ ਵੀ ਇਸਤਰੀ ਨੂੰ ‘ਸੱਪ ਨਾਲੋਂ ਜ਼ਹਿਰੀਲੀ’ ਕਹਿ ਕੇ ਉਸਦਾ ਘੋਰ ਅਪਮਾਨ ਕੀਤਾ ਹੈ।
ਜਾ ਤਨ ਕੀ ਛਾਈਂ ਪਰਤ ਹੀ ਅੰਧਾ ਹੋਤ ਭੁਜੰਗ॥
ਉਨਕੇ ਕਿਆ ਹਾਲ ਹੋਂ ਜਿਨਕੇ ਰਹਤ ਵੋ ਸੰਗ॥
ਜੇਕਰ ਲੋਕਮਨ ਨੂੰ ਸੇਧ ਦੇਣ ਵਾਲੇ ਧਾਰਮਿਕ ਗ੍ਰੰਥ ਅਤੇ ਮਹਾਂਪੁਰਸ਼ ਹੀ ਔਰਤ ਨਾਲ ਘ੍ਰਿਣਾ ਕਰਦੇ ਹਨ ਤਾਂ ਸੁਭਾਵਿਕ ਹੀ ਲੋਕ ਸਮੂਹ ਦੇ ਮਨ ਵਿਚ ਵੀ ਔਰਤ ਪ੍ਰਤੀ ਘ੍ਰਿਣਾ ਉਤਪੰਨ ਹੋਵੇਗੀ।
ਭਾਰਤੀ ਰੂਹਾਨੀ ਪਰੰਪਰਾ ਵਿਚ ਔਰਤ ਹਮੇਸ਼ਾ ਨਿੰਦਣਯੋਗ ਅਤੇ ਖੋਟਪੂਰਨ ਪਾਤਰ ਰਹੀ ਹੈ ਕਿਉਂਕਿ ਰੂਹਾਨੀ ਪੰਧ ਅਤੇ ਭਗਤੀ ਸਾਧਨਾ ਵਿਚ ਲੀਨ ਵਿਅਕਤੀ ਨੂੰ ਖੰਡਿਤ ਕਰਨ ਦੀ ਸ਼ਕਤੀ ਕੇਵਲ ਇਸਤਰੀ ਨੂੰ ਹੀ ਮੰਨਿਆ ਜਾਂਦਾ ਰਿਹਾ ਹੈ। ਇਸੇ ਕਰਕੇ ਇਸਤਰੀ ਲੜਾਈ ਦੀਆਂ ਤਿੰਨ ਬੁਨਿਆਦੀ ਧਿਰਾਂ ਵਿਚੋਂ ਇਕ ਗਿਣੀ ਗਈ ਹੈ ਜਿਹਨਾਂ ਨੂੰ ਜ਼ਰ ਜ਼ੋਰੂ ਤੇ ਜ਼ਮੀਨ ਕਿਹਾ ਜਾਂਦਾ ਹੈ। ਇਸੇ ਕਾਲ ਵਿਚ ਸਾਮੰਤੀ ਚਿੰਤਨ ਪ੍ਰਬੰਧ ਨੇ ਭਾਰੀ ਭੂਮਿਕਾ ਨਿਭਾਈ ਹੈ। ਔਰਤ ਮਰਦ ਲਈ ਇੱਜ਼ਤ ਦਾ ਮਸਲਾ ਬਣ ਜਾਂਦੀ ਹੈ। ਔਰਤ ਧੀ ਬਣ ਕੇ ਆਂਉਂਦੀ ਹੈ ਤਾਂ ਮਰਦ ਦਾ ਸਿਰ ਝੁਕ ਜਾਂਦਾ ਹੈ ਕਿਉਂਕਿ ਉਸਨੂੰ ਦੀ ਬਿਗਾਨੇ ਮਰਦ ਨੂੰ ਦੇਣੀ ਪੈਂਦੀ ਹੈ। ਸਮਾਜ ਵਿਚ ਧੀ ਵਾਲੀ ਧਿਰ ਨੀਵੀਂ ਹੁੰਦੀ ਹੈ ਤੇ ਪੁੱਤ ਵਾਲੀ ਉੱਚੀ। ਇਸ ਗੱਲ ਦੀ ਪੁਸ਼ਟੀ ਲੋਕਗੀਤਾਂ ਵਿਚੋਂ ਵੀ ਹੁੰਦੀ ਹੈ।
ਬਾਬਲ ਮੇਰਾ ਕਦੇ ਨਾ ਨਿਵਿਆਂ
ਧੀਆਂ ਆਣ ਨਿੰਵਾਇਆ।
ਧੀ ਜੰਮਣ ਨਾਲ ਮਾਂ ਪਿਉ ਦੇ ਸਿਰ ਤੇ ਬੋਝ ਪੈ ਜਾਂਦਾ ਹੈ। ਜਦੋਂ ਧੀ ਵਿਆਹੀ ਜਾਂਦੀ ਹੈ ਤਾਂ ਇਹ ਬੋਝ ਉਹਨਾਂ ਦੇ ਦਿਲ ਤੇ ਆ ਪੈਂਦਾ ਹੈ। ਬੋਝ ਇਸਲਈ ਕਿਉਂਕਿ ਉਹਦੇ ਲਈ ਦਾਜ ਬਣਾਉਣਾ, ਵਰ ਲੱਭਣਾ, ਵਿਆਹ ਕਰਨਾ, ਪੰਡਾਂ ਰੁਪਈਏ ਖਰਚ ਕਰਨੇ ਫਿਰ ਵੀ ਮੁੰਡੇ ਵਾਲਿਆਂ ਦੀ ਧਿਰ ਉੱਚੀ ਤੇ ਕੁੜੀ ਵਾਲੇ ਨੀਵੇਂ। ਜੇਕਰ ਵਰ ਚੰਗਾ ਲੱਭ ਜਾਵੇ ਤਾਂ ਠੀਕ, ਨਹੀਂ ਤਾਂ ਸਾਰੀ ਉਮਰ ਧੀ ਨਾਲ ਮਾਪੇ ਵੀ ਦੁਖੀ ਰਹਿੰਦੇ ਹਨ।
ਰਾਜਿਆਂ ਮਹਾਂਰਾਜਿਆਂ ਲਈ ਰਾਜ ਆਉਂਦੇ ਜਾਂਦੇ ਰਹਿੰਦੇ ਹਨ। ਤਾਕਤਵਰ ਧਿਰਾਂ ਲੜਾਈ ਦੇ ਮਾਧਿਅਮ ਰਾਹੀਂ ਮਾੜੀ ਧਿਰ ਨੂੰ ਫਤਹਿ ਕਰ ਲੈਂਦੀਆਂ ਹਨ ਤੇ ਉਹਨਾਂ ਦੀਆਂ ਕੁਆਰੀਆਂ ਵਿਆਹੀਆਂ ਔਰਤਾਂ ਨੂੰ ਹਰਮਾਂ ਵਿਚ ਸ਼ਾਮਿਲ ਕਰ ਲਿਆ ਜਾਂਦਾ ਹੈ। ਸਿੱਟੇ ਵਜੋਂ ਮਰਦ ਨੂੰ ਔਰਤ ਕਰਕੇ ਬੇਸ਼ਰਮ ਤੇ ਬੇਅਣਖ ਹੋਣਾ ਪੈਂਦਾ ਹੈ। ਸਾਮੰਤੀ, ਜਾਗੀਰਦਾਰੀ ਤੇ ਪੂੰਜੀਵਾਦੀ ਯੁਗਾਂ ਵਿਚ ਅਜਿਹੀਆਂ ਪ੍ਰਵਿਰਤੀਆਂ ਭਾਰੂ ਰਹੀਆਂ ਹਨ। ਰਾਜਸਥਾਨੀ ਜੀਵਨ ਜਾਚ ਵਿਚ ਕੁੜੀ ਮਾਰ ਪਰੰਪਰਾ ਰਹੀ ਹੈ। ਸਿੱਟੇ ਵਜੋਂ ਇਸ ਅਣਖ ਨੂੰ ਬਚਾਉਣ ਵਾਸਤੇ ਬਾਲ ਵਿਆਹ ਪ੍ਰਚਲਿਤ ਕੀਤੇ ਗਏ ਕਿਉਂਕਿ ਲੜਕੀ ਨੂੰ ਉਸ ਸੀਮਾ ਤੇ ਜਾਣ ਤੋਂ ਪਹਿਲਾਂ ਹੀ ਵਿਆਹ ਦਿੱਤਾ ਜਾਂਦਾ ਜਿਥੇ ਉਸ ਨੂੰ ਸਭਿਆਚਾਰਕ ਦ੍ਰਿਸ਼ਟੀ ਤੋਂ ਗੈਰ ਆਚਰਣ ਹੋਣ ਦੀ ਸੰਭਾਵਨਾ ਹੋ ਸਕਦੀ ਸੀ।
ਸਾਰੇ ਵਰਤਾਰਿਆਂ ਦੇ ਸੰਦਰਭ ਵਿਚ ‘ਜਿਸ ਦੀ ਧੀ ਸੁਖੀ, ਉਸ ਦੀ ਕੁਲ ਸੁਖੀ’ ਵਾਲੀ ਗੱਲ ਤਾਂ ਸੰਭਵ ਨਹੀਂ। ਦੂਸਰਾ ਸਾਡਾ ਲੋਕ ਸਾਹਿਤ ਲੋਕ ਮਾਨਸਿਕਤਾ ਦਾ ਹਿੱਸਾ ਬਣ ਚੁੱਕਾ ਹੈ। ਜਿਹੜੀ ਗੱਲ ਲੋਕ ਮਨ ਦਾ ਹਿੱਸਾ ਹੋਵੇ ਉਸ ਤੋਂ ਕਿਨਾਰਾ ਕਰਨਾ ਮੁਸ਼ਕਿਲ ਹੁੰਦਾ ਹੈ। ਲੋਕ ਸਮੂਹ ਇਹ ਚਾਹੁੰਦਾ ਹੈ ਕਿ ਕਿਸੇ ਵੀ ਕਾਰਨ ਸਮਾਜ ਵਿਚ ਉਹਨਾਂ ਨੂੰ ਹੀਣਤਾ ਦਾ ਸ਼ਿਕਾਰ ਨਾ ਹੋਣਾ ਪਵੇ ਤੇ ਨਮੋਸ਼ੀ ਦਾ ਸਭ ਤੋਂ ਵੱਡਾ ਕਾਰਨ ਲੜਕੀ ਨੂੰ ਮੰਨਿਆ ਜਾਂਦਾ ਹੈ।
ਧੀਆਂ ਜੰਮੀਆਂ ਦੇ ਮੂੰਹ ਕਾਲੇ ਹੁੰਦੇ ਨੇ।
ਇਥੇ ਜ਼ਿਕਰਯੋਗ ਹੈ ਕਿ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਸਭ ਤੋਂ ਪਹਿਲਾਂ ਔਰਤ ਹੀ ਦ੍ਰਿਸ਼ਟੀਗੋਚਰ ਹੁੰਦੀ ਹੈ ਕਿਉਂਕਿ ਦਾਦੀ ਜਾਂ ਮਾਂ ਦੇ ਦਿਲ ਵਿਚ ਪੁੱਤਰ ਪ੍ਰਾਪਤੀ ਦੀ ਇੱਛਾ ਵਧੇਰੇ ਪ੍ਰਚੰਡ ਹੁੰਦੀ ਹੈ। ਵਾਸਤਵ ਵਿਚ ਔਰਤ ਨੂੰ ਨੁਕਸਾਨ ਪਹੁੰਚਾਉਣ ਵਾਲੀ ਧਿਰ ਵੀ ਔਰਤ ਹੀ ਹੁੰਦੀ ਹੈ।
ਰੰਨ ਰੰਨ ਨੂੰ ਛਲੇ।
ਉਹਦੇ ਕੋਲੋਂ ਖ਼ੁਦਾ ਡਰੇ।
‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ’ ਕਹਿ ਕੇ ਜਿਹੜਾ ਸਤਿਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਦਿੱਤਾ ਸੀ ਉਸਨੂੰ ਬਰਕਰਾਰ ਰੱਖਣ ਦਾ ਯਤਨ ਕਰਨ ਅਤੇ ਬੰਦ ਕਮਰਿਆਂ ਦੀਆਂ ਬੌਧਿਕ ਚਲਾਕੀਆਂ ਤੋਂ ਉੱਪਰ ਉੱਠ ਕੇ ਕੁਝ ਵਿਹਾਰਕ ਕਿਸਮ ਦੇ ਯਤਨ ਕੀਤੇ ਜਾਣ ਦੀ ਲੋੜ ਹੈ।
![](https://i0.wp.com/worldpunjabitimes.com/wp-content/uploads/2024/03/Dr.-Atma-Singh-Gill.jpg?resize=473%2C1024&ssl=1)
–ਡਾ. ਆਤਮਾ ਸਿੰਘ ਗਿੱਲ
ਮੁਖੀ, ਪੰਜਾਬੀ ਵਿਭਾਗ
ਬਾਬਾ ਅਜੈ ਸਿੰਘ ਖਾਲਸਾ ਕਾਲਜ
ਗੁਰਦਾਸ ਨੰਗਲ, ਗੁਰਦਾਸਪੁਰ
ਫੋਨ- 9878883680
Email- atmagill2936@gmail.com
Leave a Comment
Your email address will not be published. Required fields are marked with *