ਮਿਹਨਤ, ਅਨੁਸਾਸ਼ਨ ਅਤੇ ਸੱਚੇ ਇਰਾਦਿਆਂ ਨਾਲ ਦੁਨੀਆ ਦਾ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ : ਸਿਫ਼ਤ ਕੌਰ ਸਮਰਾ
ਫ਼ਰੀਦਕੋਟ/ਕੋਟਕਪੂਰਾ, 19 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਮਹਿੰਦਰ ਬਰਾੜ ਪੀ.ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਫਰੀਦਕੋਟ ਵਿਖੇ ਪਿ੍ਰੰਸੀਪਲ ਦੀਪਕ ਸਿੰਘ ਅਤੇ ਸਕੂਲ ਇੰਚਾਰਜ ਸ੍ਰੀਮਤੀ ਰਵਿੰਦਰ ਕੌਰ ਦੀ ਸੁਚੱਜੀ ਦੇਖ-ਰੇਖ ਹੇਠ ਇੱਕ ਕੈਰੀਅਰ ਪੂਰਵਜ਼ਲੀ ਅਤੇ ਪ੍ਰੇਰਨਾਦਾਇਕ ਸਮਾਗਮ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੀ ਉਲੰਪੀਅਨ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਪਹੁੰਚਣ ‘ਤੇ ਪ੍ਰਿੰਸੀਪਲ ਦੀਪਕ ਸਿੰਘ, ਸਕੂਲ ਇੰਚਾਰਜ ਰਵਿੰਦਰ ਕੌਰ, ਸਮੂਹ ਸਟਾਫ ਅਤੇ ਵਿਦਿਆਰਥਣਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਦਾ ਨਿੱਘਾ ਤੇ ਸਨਮਾਨਜਨਕ ਸਵਾਗਤ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥਣਾਂ ਦੇ ਰੂ-ਬ-ਰੂ ਹੁੰਦਿਆਂ ਫ਼ਰੀਦਕੋਟ ਦੀ ਉਲੰਪੀਅਨ ਧੀ ਸਿਫ਼ਤ ਕੌਰ ਸਮਰਾ ਨੇ ਆਪਣੇ ਜੀਵਨ ਦੇ ਸੰਘਰਸ਼, ਸਫਲਤਾਵਾਂ ਅਤੇ ਖੇਡ ਮੈਦਾਨ ਦੇ ਅਨੁਭਵ ਸਾਂਝੇ ਭਾਵੁਕ ਅਤੇ ਪ੍ਰੇਰਨਾਦਾਇਕ ਅੰਦਾਜ਼ ’ਚ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਕੋਈ ਵੀ ਟੀਚਾ ਅਸੰਭਵ ਨਹੀਂ ਹੁੰਦਾ, ਬਸ਼ਰਤੇ ਉਸ ਨੂੰ ਹਾਸਲ ਕਰਨ ਲਈ ਸੱਚੀ ਲਗਨ, ਸਖ਼ਤ ਮਿਹਨਤ ਅਤੇ ਸਖਤ ਅਨੁਸਾਸ਼ਨ ਦਾ ਪੱਲਾ ਘੁੱਟ ਕੇ ਫੜਿਆ ਜਾਵੇ। ਉਨ੍ਹਾਂ ਕਿਹਾ ਕਿ ਅਸਫਲਤਾਵਾਂ ਤੋਂ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ, ਸਗੋਂ ਹਰ ਚੁਣੌਤੀ ਨੂੰ ਇੱਕ ਨਵੇਂ ਮੌਕੇ ਵਜੋਂ ਸਵੀਕਾਰ ਕਰਨਾ ਅਤੇ ਵਧਣਾ ਚਾਹੀਦਾ ਹੈ। ਸਮਾਗਮ ਦੇ ਸਫਲ ਸਮਾਗਮ ‘ਤੇ ਜੋਰ ਦਿੰਦਿਆਂ ਸਿਫ਼ਤ ਕੌਰ ਸਮਰਾ ਨੇ ਕਿਹਾ ਕਿ ਖੇਡਾਂ ਦੇ ਪੱਧਰ ‘ਤੇ ਉੱਚਾ ਸਿੱਖਰ ਹਾਸਲ ਕਰਨ ਲਈ ਸਖਤ ਮਿਹਨਤ, ਖੇਡਾਂ, ਵਿਗਿਆਨ ਅਤੇ ਪ੍ਰਸਾਸ਼ਨ ਸਮੇਤ ਹਰ ਖੇਤਰ ’ਚ ਸਫਲਤਾ ਪ੍ਰਾਪਤ ਕਰਨ ਲਈ ਸਖਤ ਮਿਹਨਤ, ਲਗਨ ਅਤੇ ਅਨੁਸਾਸ਼ਨ ਦਾ ਹੋਣਾ ਅਤਿ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣਾ ਟੀਚਾ ਨਿਸ਼ਚਿਤ ਕਰਨ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਦਿਨ-ਰਾਤ ਮਿਹਨਤ ਕਰਨ। ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ, ਆਪਣੇ ਮਾਪਿਆਂ, ਅਧਿਆਪਕਾਂ, ਗੁਰੂਆਂ ਅਤੇ ਦੇਸ ਦਾ ਨਾਮ ਰੌਸ਼ਨ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥਣਾਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਵਿਦਿਆਰਥਣਾਂ ਨੇ ਸਿਫ਼ਤ ਕੌਰ ਸਮਰਾ ਤੋਂ ਪ੍ਰੇਰਨਾ ਲੈ ਕੇ ਆਪਣੇ ਭਵਿੱਖ ਨੂੰ ਸਫਲ ਬਣਾਉਣ ਦਾ ਪ੍ਰਣ ਲਿਆ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਪੁੱਛੇ, ਜਿਨ੍ਹਾਂ ਦੇ ਉਨ੍ਹਾਂ ਨੇ ਬੜੇ ਹੀ ਸਰਲ, ਹੌਂਸਲਾ-ਅਫ਼ਜਾਈ ਵਾਲੇ ਅਤੇ ਪ੍ਰੇਰਨਾਦਾਇਕ ਢੰਗ ਨਾਲ ਜਵਾਬ ਦੇ ਕੇ ਵਿਦਿਆਰਥਣਾਂ ਦੀ ਜਗਿਆਸਾ ਸ਼ਾਂਤ ਕੀਤੀ। ਪ੍ਰੋਗਰਾਮ ਦੇ ਅੰਤ ’ਚ ਪਿ੍ਰੰਸੀਪਲ ਦੀਪਕ ਸਿੰਘ ਅਤੇ ਸਕੂਲ ਇੰਚਾਰਜ ਰਵਿੰਦਰ ਕੌਰ ਵੱਲੋਂ ਸਟਾਫ ਮੈਂਬਰਾਂ ਦੇ ਸਹਿਯੋਗ ਨਾਲ ਸਿਫ਼ਤ ਕੌਰ ਸਮਰਾ ਦਾ ਕੀਮਤੀ ਸਮਾਂ ਕੱਢਣ ਅਤੇ ਵਿਦਿਆਰਥਣਾਂ ਦਾ ਮਾਰਗ ਦਰਸ਼ਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪਿ੍ਰੰਸੀਪਲ ਦੀਪਕ ਸਿੰਘ ਨੇ ਕਿਹਾ ਕਿ ਸਿਫ਼ਤ ਕੌਰ ਸਮਰਾ ਵਰਗੀਆਂ ਸਖ਼ਸੀਅਤਾਂ ਸਾਡੀਆਂ ਬੱਚੀਆਂ ਲਈ ਰੋਲ ਮਾਡਲ ਹਨ ਅਤੇ ਅੱਜ ਦੇ ਇਸ ਸਮਾਗਮ ਤੋਂ ਵਿਦਿਆਰਥਣਾਂ ਨੂੰ ਜ਼ਿੰਦਗੀ ’ਚ ਅੱਗੇ ਵਧਣ ਦੀ ਨਵੀਂ ਊਰਜਾ ਮਿਲੀ ਹੈ। ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਲੈਕਚਰਾਰ ਚਰਨਜੀਤ ਕੌਰ ਮੱਕੜ ਅਤੇ ਰਾਜਵੰਤ ਕੌਰ ਨੇ ਬੜੇ ਹੀ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਭਾਈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਹਾਊਸ ਇੰਚਾਰਜ ਹਰਵਿੰਦਰ ਕੌਰ, ਸੀਮਾ ਦਿਓੜਾ, ਅੰਜੂ ਬਾਲਾ, ਗੁਰਬੀਰ ਕੌਰ, ਕੰਵਰਦੀਪ ਕੌਰ, ਅਨੀਤਾ ਰਾਣੀ, ਮੈਨਾ ਸੈਣੀ, ਲੈਕਚਰਾਰ ਨਵਪ੍ਰੀਤ ਸਿੰਘ, ਤੇਜਿੰਦਰ ਸਿੰਘ, ਸੁਖਪ੍ਰੀਤ ਕੌਰ, ਪ੍ਰਦੀਪ ਕੌਰ, ਰਾਜਵੰਤ ਕੌਰ, ਪੁਸ਼ਪਦੀਪ ਕੌਰ ਆਦਿ ਸਟਾਫ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ। ਪੂਰੇ ਪ੍ਰੋਗਰਾਮ ਦੀਆਂ ਯਾਦਗਾਰੀ ਤਸਵੀਰਾਂ ਅਤੇ ਵੀਡੀਓਗ੍ਰਾਫੀ ਸੁਖਪ੍ਰੀਤ ਕੌਰ ਵੱਲੋਂ ਕੈਪਚਰ ਕੀਤੀ ਗਈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ ਅਤੇ ਵੱਡੀ ਗਿਣਤੀ ’ਚ ਵਿਦਿਆਰਥਣਾਂ ਹਾਜਰ ਸਨ।

