ਫ਼ਰੀਦਕੋਟ, 19 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਸਕੂਲੀ ਖੇਡਾਂ 2026-27 ਦੌਰਾਨ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ ਦੀਆਂ ਵਿਦਿਆਰਥਣਾਂ ਨੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਅੰਜਨਾ ਕੌਂਸ਼ਲ ਅਤੇ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਸ਼੍ਰੀ ਪਵਨ ਕੁਮਾਰ ਦੀ ਯੋਗ ਸਰਪ੍ਰਸਤੀ ਅਤੇ ਸਕੂਲ ਦੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਗੋਪਾਲ ਕਿ੍ਸ਼ਨ ਦੀ ਯੋਗ ਅਗਵਾਈ ਹੇਠ ਸਕੂਲ ਦੀ ਅਧਿਆਪਿਕਾ ਪ੍ਰਭਜੋਤ ਕੌਰ ਤੋਂ ਸਿਖਲਾਈ ਲੈ ਕੇ ਤਿਆਰੀ ਕੀਤੀ ਤੇ ਖੇਡ ਦੇ ਮੈਦਾਨ ’ਚ ਉੱਤਰੀਆਂ। ਇਹ ਖਿਡਾਰਣਾਂ ਨੇ ਜ਼ੋਨ, ਜ਼ਿਲਾ ਅਤੇ ਰਾਜ ਪੱਧਰ ‘ਤੇ ਸਥਾਨ ਪ੍ਰਾਪਤ ਕਰਕੇ, ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਅੰਡਰ-14 ਕਬੱਡੀ ਸਰਕਲ ਸਟਾਈਲ ਲੜਕੀਆਂ ’ਚ ਰਾਜ ਪੱਧਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀ ਕਲਾਂ ਦੀ ਖਿਡਾਰਣਾਂ ਨੇ ਜ਼ਿਲੇ ਦੀ ਟੀਮ ਨੂੰ ਦੂਜਾ ਸਥਾਨ ਹਾਸਲ ਕਰਾਉਣ ’ਚ ਅਹਿਮ ਭੂਮਿਕਾ ਅਦਾ ਕੀਤੀ। ਇਸ ਟੀਮ ’ਚ ਗੁਰਨੂਰ ਕੌਰ, ਸ਼ੁਭਦੀਪ ਕੌਰ, ਨੀਲਮ, ਹਰਪ੍ਰੀਤ ਕੌਰ, ਵੀਰਪਾਲ ਨੇ ਅਹਿਮ ਭੂਮਿਕਾ ਨਿਭਾਉਂਦੇ ਹੋਏ ਦੂਜਾ ਸਥਾਨ ਪ੍ਰਾਪਤ ਕਰਦਿਆਂ ਸਿਲਵਰ ਮੈਡਲ ਜਿੱਤੇ। ਇਸ ਦੇ ਨਾਲ ਹੀ ਅੰਡਰ-19 ਕਬੱਡੀ ਸਰਕਲ ਸਾਟਈਲ ਕਬੱਡੀ ਮੁਕਾਬਲੇ ’ਚ ਤੀਜਾ ਸਥਾਨ ਕਰਨ ਵਾਲੀ ਟੀਮ ’ਚ ਸਕੂਲ ਦੀਆਂ ਖਿਡਾਰਣਾਂ ਨਵਜੋਤ ਕੋਰ, ਸਿਮਰਨਜੋਤ ਕੌਰ, ਜਸ਼ਨਦੀਪ ਕੌਰ, ਰਮਨਪ੍ਰੀਤ ਕੌਰ ਨੇ ਸ਼ਾਨਦਾਰ ਖੇਡ ਵਿਖਾ ਕੇ ਟੀਮ ਨੂੰ ਤੀਜੇ ਸਥਾਨ ਤੱਕ ਲਿਜਾਣ ’ਚ ਅਹਿਮ ਭੂਮਿਕਾ ਅਦਾ ਕੀਤੀ। ਜ਼ਿਲੇ ਦੀ ਅੰਡਰ-14 ਅਤੇ ਅੰਡਰ-19 ਕਬੱਡੀ ਟੀਮ ’ਚ ਖੇਡਣ ਵਾਲੀਆਂ ਖਿਡਾਰਣਾਂ ਦਾ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਗੋਪਾਲ ਕਿ੍ਸ਼ਨ ਅਤੇ ਸਟਾਫ਼ ਵੱਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਮ ਚਮਕਾਉਣ ਵਾਲੀਆਂ ਇਹ ਖਿਡਾਰਣਾਂ ਤੋਂ ਸਾਨੂੰ ਸਭ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਮੈਦਾਨ ਕੋਈ ਵੀ ਹੋਵੇ, ਜਿੱਤ ਕੇਵਲ ਅਤੇ ਕੇਵਲ ਮਿਹਨਤ ਕਰਨ ਵਾਲੇ ਲੋਕਾਂ ਦੀ ਹੁੰਦੀ ਹੈ। ਇਸ ਮੌਕੇ ਮਨਦੀਪ ਕੌਰ, ਅੰਜਨਾ ਜੈਨ, ਕੰਵਲਜੀਤ ਸਿੰਘ, ਸਤਨਾਮ ਕੌਰ, ਹਰਦੀਪ ਸਿੰਘ, ਜੀਵਨ ਕੁਮਾਰ ਅਧਿਆਪਕਾਂ ਨੇ ਵੀ ਜੇਤੂ ਖਿਡਾਰਣਾਂ ਨੂੰ ਵਧਾਈ ਦਿੱਤੀ।

