ਕੋਟਕਪੂਰਾ, 28 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਾਤਾਵਰਣ ਸਿੱਖਿਆ ਨੂੰ ਪ੍ਰਯੋਗਿਕ ਅਤੇ ਰੋਚਕ ਬਣਾਉਣ ਦੇ ਉਦੇਸ਼ ਨਾਲ ਫਰੀਦਕੋਟ ਜ਼ਿਲ੍ਹੇ ਦੇ ਛੇ ਸਕੂਲਾਂ ਦੀਆਂ 50 ਵਿਦਿਆਰਥਣਾਂ ਨੇ 17 ਤੋਂ 19 ਨਵੰਬਰ ਤੱਕ ਤੱਖਣੀ ਰਹਿਮਾਪੁਰ ਵਣ ਜੀਵ ਸੈਂਚੁਰੀ , ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਲਗਾਏ ਗਏ ਤਿੰਨ ਰੋਜ਼ਾ ਨੇਚਰ ਕੈਂਪ ਵਿੱਚ ਭਾਗ ਲਿਆ। ਇਸ ਕੈਂਪ ਦੌਰਾਨ ਵਿਦਿਆਰਥਣਾਂ ਨੂੰ ਕੁਦਰਤ, ਜੰਗਲੀ ਜੀਵਾਂ ਅਤੇ ਵਾਤਾਵਰਣ ਬਾਰੇ ਵਿਹਾਰਕ ਜਾਣਕਾਰੀ ਦੇਣ ਦੇ ਨਾਲ-ਨਾਲ ਕਈ ਦਿਲਚਸਪ ਗਤੀਵਿਧੀਆਂ ਕਰਵਾਈਆਂ ਗਈਆਂ।ਇਹ ਕੈਂਪ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਆਯੋਜਿਤ ਕੀਤਾ ਗਿਆ। ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਇਸ ਪ੍ਰੋਗਰਾਮ ਦੀ ਰਾਜ ਪੱਧਰੀ ਨੋਡਲ ਏਜੰਸੀ ਹੈ। ਕੈਂਪ ਦਾ ਆਯੋਜਨ ਡਾ. ਮੰਦਾਕਿਨੀ ਠਾਕੁਰ, ਪ੍ਰੋਜੈਕਟ ਸਾਇੰਟਿਸਟ, ਦੀ ਰਹਿਨੁਮਾਈ ਅਤੇ ਸ਼੍ਰੀਮਤੀ ਅੰਜਨਾ ਕੌਸ਼ਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਅਤੇ ਐਲੀਮੈਂਟਰੀ), ਫਰੀਦਕੋਟ ਦੀ ਅਗਵਾਈ ਹੇਠ ਕੀਤਾ ਗਿਆ।ਇਸ ਕੈਂਪ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਬਾਜਾਖਾਨਾ; ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਘੁਗਿਆਣਾ; ਸਰਕਾਰੀ ਹਾਈ ਸਕੂਲ, ਸਿੱਬੀਆਂ; ਸਰਕਾਰੀ ਹਾਈ ਢਿਲਵਾਂ ਕਲਾਂ; ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਰਾਈਆਂ ਵਾਲਾ ਕਲਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੱਤੀ ਰੋੜੀ ਡੱਗੋ ਰੋਮਾਣਾ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ।ਕੈਂਪ ਦੌਰਾਨ ਸ਼੍ਰੀਮਤੀ ਕ੍ਰਿਤਿਕਾ, ਡਾ. ਅਰੂਸ਼ੀ (ਐਮ.ਬੀ.ਬੀ.ਐਸ.), ਮਿਸ ਜਸਪ੍ਰੀਤ ਕੌਰ, ਸ਼੍ਰੀਮਤੀ ਹਰਵਿੰਦਰ ਕੌਰ, ਮਿਸ ਹਰਮਨ ਕੌਰ, ਸ੍ਰੀਮਤੀ ਕਮਲੇਸ਼ ਕੁਮਾਰੀ, ਸ੍ਰੀਮਤੀ ਪਰਮਪਾਲ ਕੌਰ, ਸ੍ਰੀਮਤੀ ਰਾਜਵੰਤ ਕੌਰ ਅਤੇ ਸ੍ਰੀ ਅਮਨਦੀਪ ਸ਼ਰਮਾ ਅਧਿਆਪਕਾਂ ਵਜੋਂ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਰੱਤੀ ਰੋੜੀ ਡੱਗੋ ਰੋਮਾਣਾ ਦੀ ਪ੍ਰਿੰਸੀਪਲ ਸ਼੍ਰੀਮਤੀ ਮਨਿੰਦਰ ਕੌਰ ਵੀ ਕੈਂਪ ਵਿੱਚ ਮੌਜੂਦ ਰਹੇ।ਕੈਂਪ ਦੌਰਾਨ ਵਿਦਿਆਰਥਣਾਂ ਨੂੰ ਕੁਦਰਤ ਨਾਲ ਜੋੜਨ ਲਈ ਲੀਫ਼ ਜ਼ੂ, ਨੇਚਰ ਵਾਕ, ਕੁਦਰਤੀ ਮਿੱਟੀ ਦਾ ਅਨੁਭਵ, ਸਥਾਨਕ ਪੌਦਿਆਂ ਅਤੇ ਉਨ੍ਹਾਂ ਦੇ ਔਸ਼ਧੀ ਮਹੱਤਵ ਬਾਰੇ ਜਾਣਕਾਰੀ, ਪੰਛੀਆਂ ਦੀਆਂ ਆਵਾਜ਼ਾਂ ਅਤੇ ਉਨ੍ਹਾਂ ਦੇ ਵਿਹਾਰ ਦੀ ਪਛਾਣ, ਜੰਗਲ ਵਿੱਚ ਜੀਵਨ ਬਤੀਤ ਕਰਨ ਦੀਆਂ ਮੁੱਢਲੀਆਂ ਤਕਨੀਕਾਂ ਅਤੇ ਵਾਤਾਵਰਣ ਨਾਲ ਸਬੰਧਤ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥਣਾਂ ਨੇ ਵਣ ਜੀਵ ਸੈਂਚੁਰੀ ਦੇ ਇੰਟਰਪ੍ਰੀਟੇਸ਼ਨ ਸੈਂਟਰ, ਨੇਚਰ ਟ੍ਰੇਲ ਅਤੇ ਵਾਚ ਟਾਵਰ ਦਾ ਦੌਰਾ ਵੀ ਕੀਤਾ। ਇਸ ਤੋਂ ਇਲਾਵਾ ਬੋਨਫਾਇਰ, ਤੇਂਦੂਏ ਦੀ ਜੀਵਨ-ਸ਼ੈਲੀ ਅਤੇ ਵਾਤਾਵਰਣ ਵਿੱਚ ਉਸ ਦੀ ਭੂਮਿਕਾ ਬਾਰੇ ਚਰਚਾ, ਧਿਆਨ ਅਤੇ ਸੂਰਜ ਚੜ੍ਹਨ ਦਾ ਮਨਮੋਹਕ ਦ੍ਰਿਸ਼ ਦੇਖਣ ਵਰਗੇ ਅਨੁਭਵ ਵੀ ਕੈਂਪ ਦਾ ਹਿੱਸਾ ਰਹੇ।ਕੁਦਰਤ ਮਾਹਿਰ ਡਾ. ਅਮਨਦੀਪ ਸਿੰਘ ਨੇ ਵਿਦਿਆਰਥਣਾਂ ਨੂੰ ਜੰਗਲੀ ਜੀਵਾਂ, ਪੌਦਿਆਂ ਅਤੇ ਜੰਗਲੀ ਵਾਤਾਵਰਣ ਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸ਼੍ਰੀ ਅਸ਼ੀਮ ਕੁਮਾਰ ਨੇ ਜੰਗਲ ਵਿੱਚ ਸੁਰੱਖਿਅਤ ਰਹਿਣ ਅਤੇ ਸੰਕਟਕਾਲੀਨ ਸਥਿਤੀਆਂ ਨਾਲ ਨਜਿੱਠਣ ਦੇ ਹੁਨਰ ਬਾਰੇ ਵਿਹਾਰਕ ਜਾਣਕਾਰੀ ਦਿੱਤੀ। ਸ਼੍ਰੀ ਗਗਨਦੀਪ ਸਿੰਘ ਨੇ ਪੰਛੀਆਂ ਦੀਆਂ ਵੱਖ-ਵੱਖ ਪ੍ਰਜਾਤੀਆਂ, ਉਨ੍ਹਾਂ ਦੀਆਂ ਆਵਾਜ਼ਾਂ, ਉਡਾਣ ਅਤੇ ਆਲ੍ਹਣੇ ਬਣਾਉਣ ਦੀਆਂ ਆਦਤਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਸ੍ਰੀ ਸੁਰਿੰਦਰ ਬਾਂਸਲ ਨੇ ਵਿਦਿਆਰਥਣਾਂ ਨੂੰ ਵੱਖ-ਵੱਖ ਪੌਦਿਆਂ ਦੀ ਪਛਾਣ ਕਰਨ ਸਬੰਧੀ ਕਈ ਮਹੱਤਵਪੂਰਨ ਵਿਹਾਰਕ ਨੁਕਤੇ ਸਾਂਝੇ ਕੀਤੇ ਅਤੇ ਪੱਤਿਆਂ, ਤਣਿਆਂ, ਫੁੱਲਾਂ ਅਤੇ ਪੌਦਿਆਂ ਦੀਆਂ ਹੋਰ ਵਿਸ਼ੇਸ਼ਤਾਵਾਂ ਦੇ ਆਧਾਰ ‘ਤੇ ਉਨ੍ਹਾਂ ਦੀ ਪਛਾਣ ਕਰਨ ਦੇ ਆਸਾਨ ਤਰੀਕੇ ਸਮਝਾਏ।ਇਸ ਕੈਂਪ ਰਾਹੀਂ ਵਿਦਿਆਰਥਣਾਂ ਨੂੰ ਇਹ ਸਮਝਣ ਦਾ ਮੌਕਾ ਮਿਲਿਆ ਕਿ ਜੰਗਲ ਸਿਰਫ਼ ਰੁੱਖਾਂ ਦਾ ਸਮੂਹ ਨਹੀਂ, ਸਗੋਂ ਇੱਕ ਸੰਪੂਰਨ ਵਾਤਾਵਰਣ ਪ੍ਰਣਾਲੀ ਹੈ, ਜਿਸ ਵਿੱਚ ਪੌਦੇ, ਪੰਛੀ, ਜਾਨਵਰ ਅਤੇ ਮਨੁੱਖ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਜੰਗਲ ਵਾਤਾਵਰਣ ਦਾ ਸੰਤੁਲਨ ਬਣਾਈ ਰੱਖਣ, ਕਾਰਬਨ ਡਾਈਆਕਸਾਈਡ ਨੂੰ ਸੋਖਣ, ਆਕਸੀਜਨ ਪ੍ਰਦਾਨ ਕਰਨ, ਮਿੱਟੀ ਅਤੇ ਪਾਣੀ ਦੀ ਸੰਭਾਲ ਕਰਨ ਅਤੇ ਜੈਵ-ਵਿਭਿੰਨਤਾ ਦੀ ਰੱਖਿਆ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਗਤੀਵਿਧੀਆਂ ਨੇ ਵਿਦਿਆਰਥਣਾਂ ਵਿੱਚ ਵਿਗਿਆਨਕ ਸੋਚ, ਕੁਦਰਤ ਪ੍ਰਤੀ ਸੰਵੇਦਨਸ਼ੀਲਤਾ ਅਤੇ ਵਾਤਾਵਰਣ ਸੰਭਾਲ ਦੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕੀਤੀ।ਕੈਂਪ ਦੇ ਸਮੁੱਚੇ ਪ੍ਰਬੰਧਾਂ ਅਤੇ ਤਾਲਮੇਲ ਵਿੱਚ ਸ਼੍ਰੀ ਵਰਿੰਦਰ ਸ਼ਰਮਾ, ਜ਼ਿਲ੍ਹਾ ਈ.ਈ.ਪੀ. ਕੋਆਰਡੀਨੇਟਰ, ਫਰੀਦਕੋਟ ਅਤੇ ਸ਼੍ਰੀ ਮਨੋਜ ਸ਼ਰਮਾ, ਬਲਾਕ ਈ.ਈ.ਪੀ. ਕੋਆਰਡੀਨੇਟਰ ਨੇ ਅਹਿਮ ਭੂਮਿਕਾ ਨਿਭਾਈ। ਸ਼੍ਰੀ ਗਿਤੇਸ਼ ਨਾਰੰਗ ਨੇ ਪ੍ਰੋਜੈਕਟ ਕੋਆਰਡੀਨੇਟਰ ਵਜੋਂ ਕੈਂਪ ਦੀ ਯੋਜਨਾਬੰਦੀ ਅਤੇ ਵੱਖ-ਵੱਖ ਗਤੀਵਿਧੀਆਂ ਦੇ ਸੁਚੱਜੇ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲੀ। ਸ਼੍ਰੀ ਜਸਬੀਰ ਸਿੰਘ ਜੱਸੀ, ਜ਼ਿਲ੍ਹਾ ਗਾਈਡੈਂਸ ਕੌਂਸਲਰ ਨੇ ਕੈਂਪ ਦੀ ਸਫਲਤਾ ਲਈ ਸਮੁੱਚੀ ਟੀਮ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ।ਕੈਂਪ ਦੇ ਅੰਤ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਕੈਂਪ ਕਿੱਟਾਂ ਵੰਡੀਆਂ ਗਈਆਂ। ਇਹ ਤਿੰਨ ਰੋਜ਼ਾ ਕੈਂਪ ਵਿਦਿਆਰਥਣਾਂ ਲਈ ਜਮਾਤ ਤੋਂ ਬਾਹਰ ਕੁਦਰਤ ਦੀ ਗੋਦ ਵਿੱਚ ਸਿੱਖਣ, ਨਵੇਂ ਤਜਰਬੇ ਹਾਸਲ ਕਰਨ ਅਤੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦਾ ਇੱਕ ਯਾਦਗਾਰ ਮੌਕਾ ਸਾਬਤ ਹੋਇਆ।

