ਲੁਧਿਆਣਾ 19 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੀ ਏ ਯੂ ਦੇ ਵਾਈਸ ਚਾਂਸਲਰ ਡਾ ਹਰਵਿੰਦਰ ਸਿੰਘ ਧਾਲੀਵਾਲ ਨੇ ਸੰਚਾਰ ਕੇਂਦਰ ਵਿਖੇ ਅਪਰ ਨਿਰਦੇਸ਼ਕ ਸੰਚਾਰ ਦੀ ਜ਼ਿੰਮੇਵਾਰੀ ਉੱਘੇ ਕੀਟ ਵਿਗਿਆਨੀ ਡਾ ਕਮਲਦੀਪ ਸਿੰਘ ਸਾਂਘਾ ਨੂੰ ਸੌਂਪੀ ਹੈ। ਡਾ ਸਾਂਘਾ ਬੀਤੇ ਤਿੰਨ ਦਹਾਕਿਆਂ ਤੋਂ ਪੀ ਏ ਯੂ ਦਾ ਹਿੱਸਾ ਹਨ ਤੇ ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਕੀਟਾਂ ਦੀ ਜੈਵਿਕ ਰੋਕਥਾਮ ਲਈ ਬੜਾ ਉੱਘਾ ਕਾਰਜ ਕੀਤਾ ਹੈ। ਵਾਤਾਵਰਨ ਦੀ ਸੰਭਾਲ ਅਤੇ ਖੇਤੀ ਸਥਿਰਤਾ ਦੇ ਨਾਲ ਨਾਲ ਖੇਤੀ ਵਿੱਚ ਰਸਾਇਣਾਂ ਦੀ ਵਰਤੋਂ ਘਟਾਉਣ ਪੱਖੋਂ ਡਾ ਸਾਂਘਾ ਦਾ ਕਾਰਜ ਬੇਹੱਦ ਮੁੱਲਵਾਨ ਹੈ।
ਵਾਈਸ ਚਾਂਸਲਰ ਡਾ ਧਾਲੀਵਾਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਡਾ ਕਮਲਦੀਪ ਸਿੰਘ ਸਾਂਘਾ ਬੇਹੱਦ ਯੋਗ ਅਤੇ ਚਿੰਤਨਭਾਵੀ ਵਿਗਿਆਨੀ ਹਨ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਪੀ ਏ ਯੂ ਦਾ ਲੋਕ ਸੰਪਰਕ ਪੱਖ ਹੋਰ ਮਜ਼ਬੂਤ ਅਤੇ ਸੰਚਾਰੀ ਹੋ ਸਕੇਗਾ।
ਡਾ ਸਾਂਘਾ ਨੇ ਇਸ ਮੌਕੇ ਪ੍ਰੈਸ ਅਤੇ ਮੀਡਿਆ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਪੀ ਏ ਯੂ ਨੇ ਪਸਾਰ ਅਤੇ ਕਿਸਾਨਾਂ ਤਕ ਤਕਨੀਕਾਂ ਪੁਚਾਉਣ ਦੇ ਮਾਮਲੇ ਵਿਚ ਬੜਾ ਅਹਿਮ ਕਾਰਜ ਕੀਤਾ ਹੈ। ਇਸ ਸੰਬੰਧ ਵਿਚ ਉਨ੍ਹਾਂ ਨੇ ਪ੍ਰੈਸ ਅਤੇ ਮੀਡੀਆ ਦੇ ਸਹਿਯੋਗ ਦੀ ਤਵੱਕੋ ਕਰਦਿਆਂ ਆਸ ਪ੍ਰਗਟਾਈ ਕਿ ਪੰਜਾਬ ਦੇ ਕਿਸਾਨੀ ਸਮਾਜ ਦੀ ਬਿਹਤਰੀ ਅਤੇ ਯੂਨੀਵਰਸਿਟੀ ਦੀਆਂ ਖੋਜਾਂ ਆਮ ਲੋਕਾਂ ਤਕ ਪੁਚਾਉਣ ਲਈ ਰਲ਼ ਮਿਲ ਕੇ ਯਤਨ ਅੰਜਾਮ ਦਿੱਤੇ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਤੇਜਿੰਦਰ ਸਿੰਘ ਰਿਆੜ, ਡੀਨ ਬਾਗਬਾਨੀ ਕਾਲਜ ਡਾ ਰਿਸ਼ੀ ਇੰਦਰਾ ਸਿੰਘ ਗਿੱਲ, ਅਧਿਆਪਕ ਜਥੇਬੰਦੀ ਦੇ ਆਗੂ ਡਾ ਹਰਮੀਤ ਸਿੰਘ ਕਿੰਗਰਾ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ।

