
ਲੁਧਿਆਣਾ 19 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੀ ਏ ਯੂ ਵਿਖੇ ਜਾਰੀ ਕੌਮਾਂਤਰੀ ਨਦੀਨ ਕਾਨਫਰੰਸ ਦੇ ਦੂਸਰੇ ਦਿਨ ਅੱਜ ਵੱਖ-ਵੱਖ ਸੈਸ਼ਨਾਂ ਵਿੱਚ ਦੁਨੀਆਂ ਭਰ ਦੇ ਵਿਗਿਆਨੀਆਂ ਨੇ ਫਸਲ ਉਤਪਾਦਨ, ਖੇਤੀ ਸਥਿਰਤਾ ਅਤੇ ਨਦੀਨਾਂ ਦੀ ਚੁਣੌਤੀ ਨੂੰ ਨਜਿੱਠਣ ਦੇ ਆਧੁਨਿਕ ਢੰਗਾਂ ਬਾਰੇ ਵਿਚਾਰ ਚਰਚਾ ਕੀਤੀ। ਇਸ ਦੌਰਾਨ ਚਾਰ ਵੱਖ-ਵੱਖ ਥਾਵਾਂ ਤੇ ਹੋਏ ਸੈਸ਼ਨਾਂ ਵਿੱਚ ਏਆਈ ਦੀ ਵਰਤੋਂ, ਡਰੋਨ ਤਕਨੋਲੋਜੀ ਅਤੇ ਹੋਰ ਨਵੀਨ ਵਿਧੀਆਂ ਰਾਹੀਂ ਨਦੀਨਾਂ ਦੀ ਪਛਾਣ, ਰੋਕਥਾਮ ਅਤੇ ਫਸਲ ਉਤਪਾਦਨ ਨੂੰ ਸਥਿਰ ਰੱਖਣ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਬਾਰੇ ਨਿਠ ਕੇ ਵਿਚਾਰ ਚਰਚਾ ਹੋਈ।
ਮੁਖ ਸੈਸ਼ਨ ਵਿੱਚ ਯੇਰੂਸ਼ਲਮ ਯੂਨੀਵਰਸਿਟੀ ਦੇ ਪ੍ਰੋਫੈਸਰ ਬਰਾਂਚੋ ਰੂਬਿਨ ਨੇ ਆਪਣਾ ਭਾਸ਼ਣ ਦਿੱਤਾ ਡਾਕਟਰ ਰੂਬਿਨ ਨੇ ਦੱਸਿਆ ਕਿ ਪਿਛਲੇ ਅੱਠ ਦਹਾਕਿਆਂ ਤੋਂ ਦੁਨੀਆਂ ਭਰ ਦੇ ਫਸਲ ਵਿਗਿਆਨੀਆਂ ਸਾਹਮਣੇ ਭੋਜਨ ਸੁਰੱਖਿਆ ਨੂੰ ਨਿਸ਼ਚਿਤ ਬਣਾਉਣ ਦੇ ਰਾਹ ਵਿੱਚ ਨਦੀਨ ਬਹੁਤ ਵੱਡੀ ਚੁਣੌਤੀ ਬਣੇ ਹੋਏ ਹਨ। ਬਦਲਦੇ ਮੌਸਮੀ ਹਾਲਾਤ ਅਤੇ ਸਥਿਤੀਆਂ ਦੇ ਮੱਦੇਨਜ਼ਰ ਇਹ ਚੁਣੌਤੀ ਹੋਰ ਗੰਭੀਰ ਅਤੇ ਔਖੀ ਹੁੰਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਦੀਨ ਨਾਸ਼ਕਾਂ ਪ੍ਰਤੀ ਪੌਦਿਆਂ ਵਿੱਚ ਪਾਈ ਜਾਣ ਵਾਲੀ ਰੋਧਕਤਾ ਨਿਰੰਤਰ ਇਸ ਸਮੱਸਿਆ ਬਾਰੇ ਚਿੰਤਾ ਨੂੰ ਗੂੜ੍ਹਾ ਕਰ ਰਹੀ ਹੈ। ਡਾ ਰੂਬਿਨ ਨੇ ਦੁਨੀਆ ਭਰ ਦੇ ਵਿਕਸਿਤ ਖੇਤੀਬਾੜੀ ਢਾਂਚਿਆਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਵਰਤੇ ਜਾਣ ਵਾਲੇ ਸਰਬ ਪੱਖੀ ਨਦੀਨ ਪ੍ਰਬੰਧਾਂ ਦੀ ਜਾਣਕਾਰੀ ਵੀ ਦਿੱਤੀ। ਉਹਨਾਂ ਨੇ ਇਸ ਸੰਬੰਧ ਵਿੱਚ ਪੀ ਏ ਯੂ ਵੱਲੋਂ ਕੀਤੀਆਂ ਖੋਜਾਂ ਅਤੇ ਦਿੱਤੀਆਂ ਟੈਕਨੋਲਜੀਆਂ ਦਾ ਜ਼ਿਕਰ ਵਿਸ਼ੇਸ਼ ਪ੍ਰਸੰਸਾਭਾਵ ਨਾਲ ਕੀਤਾ। ਡਾ ਰੂਬਿਨ ਨੇ ਕਿਹਾ ਕਿ ਜੇਕਰ ਰਵਾਇਤ ਅਤੇ ਆਧੁਨਿਕ ਵਿਧੀਆਂ ਵਿਚਕਾਰ ਸਮਤੋਲ ਬਣਾਇਆ ਜਾਵੇ ਤਾਂ ਲਾਜ਼ਮੀ ਤੌਰ ਤੇ ਇਸ ਚੁਣੌਤੀ ਤੋਂ ਪਾਰ ਪਾਇਆ ਜਾ ਸਕਦਾ ਹੈ।
ਇਸ ਮੌਕੇ ਵੀਅਤਨਾਮ ਦੇ ਖੇਤੀਬਾੜੀ ਵਿਗਿਆਨੀ ਡਾ ਹੋ ਲੀ ਥੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਡਾ ਥੀ ਨੇ ਕਿਹਾ ਕਿ ਖੇਤੀਬਾੜੀ ਖਰਚਿਆਂ ਦਾ ਨਦੀਨ ਨਾਸ਼ਕਾਂ ਦੇ ਮੱਦੇ ਨਜ਼ਰ ਵਧਦੇ ਜਾਣਾ ਵਿਕਾਸਸ਼ੀਲ ਦੇਸ਼ਾਂ ਦੇ ਕਿਸਾਨਾਂ ਲਈ ਬੇਹਦ ਔਖਾ ਰਸਤਾ ਹੈ । ਇਸ ਮੌਕੇ ਨਦੀਨਾਂ ਨੂੰ ਰਵਾਇਤੀ ਤਰੀਕਿਆਂ ਨਾਲ ਖਤਮ ਵੀ ਨਹੀਂ ਕੀਤਾ ਜਾ ਸਕਦਾ, ਇਸ ਤਰਾਂ ਜੇਕਰ ਵਿਗਿਆਨੀ ਨਦੀਨਾਂ ਬਾਰੇ ਵਿਚਾਰ ਕਰਕੇ ਕੋਈ ਦਰਮਿਆਨਾ ਹੱਲ ਤਲਾਸ਼ ਕਰਨ ਤਾਂ ਹੀ ਸੰਸਾਰ ਦੀ ਭੋਜਨ ਸੁਰੱਖਿਆ ਨੂੰ ਬਹਾਲ ਕੀਤਾ ਜਾ ਸਕਦਾ ਹੈ।
ਇਸ ਸੈਸ਼ਨ ਦੀ ਪ੍ਰਧਾਨਗੀ ਪੀ ਏ ਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਨੇ ਕੀਤੀ। ਡਾ ਭੁੱਲਰ ਨੇ ਕਿਹਾ ਕਿ ਪੀ ਏ ਯੂ ਦੇ ਵਿਗਿਆਨੀਆਂ ਖੋਜੀਆਂ ਅਤੇ ਵਿਦਿਆਰਥੀਆਂ ਲਈ ਇਹ ਕਾਨਫਰੰਸ ਬੇਹਦ ਲਾਹੇਵੰਦ ਮੌਕਾ ਹੈ। ਇਸ ਨਾਲ ਨਾ ਸਿਰਫ ਸੰਸਾਰ ਦੇ ਵੱਖ-ਵੱਖ ਭੂ ਖੇਤਰਾਂ ਵਿੱਚ ਹੋਣ ਵਾਲੇ ਨਦੀਨਾਂ ਦੀ ਜਾਣਕਾਰੀ ਉਪਲਬਧ ਹੋ ਸਕੇਗੀ ਬਲਕਿ ਉੱਘੇ ਵਿਗਿਆਨੀਆਂ ਵੱਲੋਂ ਇਸ ਦਿਸ਼ਾ ਵਿੱਚ ਕੀਤਾ ਜਾਣ ਵਾਲਾ ਕਾਰਜ ਵੀ ਖੋਜੀਆਂ ਦੀ ਨਜ਼ਰ ਵਿੱਚ ਆ ਸਕੇਗਾ। ਉਹਨਾਂ ਆਸ ਪ੍ਰਗਟਾਈ ਕੇ ਕਾਨਫਰੰਸ ਤੋਂ ਪ੍ਰਾਪਤ ਸਿੱਟਿਆ ਦੀ ਸਹਾਇਤਾ ਨਾਲ ਪੰਜਾਬ ਵਿੱਚ ਨਦੀਨਾ ਦੀ ਰੋਕਥਾਮ ਲਈ ਕ੍ਰਾਂਤੀਕਾਰੀ ਕਦਮ ਚੁੱਕੇ ਜਾਣਗੇ।
ਜ਼ਿਕਰਯੋਗ ਹੈ ਕਿ ਅੱਜ ਦੇ ਸੈਸ਼ਨ ਵਿੱਚ ਏਆਈ, ਡਰੋਨ ਟੈਕਨੋਲੋਜੀ ਰਾਹੀਂ ਨਦੀਨਾਂ ਦੀ ਪਛਾਣ ਅਤੇ ਰੋਕਥਾਮ ਬਾਰੇ ਗੱਲਬਾਤ ਹੋਈ। ਇੱਕ ਸੈਸ਼ਨ ਦੌਰਾਨ ਵਿਸ਼ੇਸ਼ ਤੌਰ ਤੇ ਗਾਜਰ ਬੂਟੀ ਦੀ ਸਮੱਸਿਆ ਸੰਸਾਰ ਦੇ ਪ੍ਰਸੰਗ ਵਿੱਚ ਵਿਚਾਰੀ ਗਈ। ਕੱਲ੍ਹ ਇਸ ਕਾਨਫਰੰਸ ਦੇ ਤੀਸਰੇ ਦਿਨ ਸੰਸਾਰ ਪੱਧਰ ਦੇ ਹੋਰ ਵਿਗਿਆਨੀਆਂ ਵੱਲੋਂ ਕੀਤੇ ਜਾਣ ਵਾਲੇ ਭਾਸ਼ਣ ਅਤੇ ਵਿਚਾਰ ਚਰਚਾਵਾਂ ਉੱਪਰ ਭਾਗੀਦਾਰਾਂ ਦੀ ਨਜ਼ਰ ਬਣੀ ਰਹੇਗੀ।

