ਸੰਗਰੂਰ, 25 ਸਤੰਬਰ (ਮਾਸਟਰ ਪਰਮਵੇਦ/ ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਇਕਾਈ ਸੰਗਰੂਰ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਵਿਸ਼ੇਸ਼ ਵਿਚਾਰ ਚਰਚਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੀ ਤਿਆਰੀ ਸਬੰਧੀ ਇਕਾਈ ਮੁਖੀ ਸੁਰਿੰਦਰ ਪਾਲ ਦੀ ਪ੍ਰਧਾਨਗੀ ਅਤੇ ਜ਼ੋਨ ਮੁਖੀ ਮਾਸਟਰ ਪਰਮਵੇਦ ਦੀ ਨਿਗਰਾਨੀ ਵਿੱਚ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਇਕਾਈ ਦੇ ਆਗੂਆਂ ਸੀਤਾ ਰਾਮ ਅਤੇ ਗੁਰਦੀਪ ਸਿੰਘ ਲਹਿਰਾ ਨੇ ਦੱਸਿਆ ਕਿ ਇਹ ਸਮਾਗਮ ਮਿਤੀ 27 ਸਤੰਬਰ 2026, ਦਿਨ ਐਤਵਾਰ ਸਵੇਰੇ 10:30 ਵਜੇ, ਆਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ, ਡੀ.ਸੀ. ਕੰਪਲੈਕਸ, ਸੰਗਰੂਰ (ਸ਼ੈੱਡ ਵਾਲਾ ਦਫ਼ਤਰ) ਵਿਖੇ ਹੋਵੇਗਾ।ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਤਰਕਸ਼ੀਲ ਆਗੂ ਮਾਸਟਰ ਸੁਰਜੀਤ ਸਿੰਘ ਦੋਧਰ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਉਹ ‘ਗ੍ਰਹਿਆਂ ਦਾ ਮਨੁੱਖੀ ਜੀਵਨ ਉੱਤੇ ਅਸਰ ਅਤੇ ਇਸ ਨਾਲ ਜੁੜੇ ਅੰਧਵਿਸ਼ਵਾਸ, ਵਾਸਤੂਸ਼ਾਸਤਰ, ਜੋਤਿਸ਼, ਹਸਤ ਰੇਖਾ, ਰਾਸ਼ੀਫਲ, ਕੁੰਡਲੀ ਅਤੇ ਮੰਗਲੀਕ ਦੋਸ਼’ ਵਿਸ਼ੇ ਉੱਤੇ ਵਿਚਾਰ ਪੇਸ਼ ਕਰਨਗੇ ਅਤੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ। ਇਕਾਈ ਵੱਲੋਂ ਆਪਣੀ ਹਰ ਪੱਖੋਂ ਤਿਆਰੀ ਕਰ ਲਈ ਗਈ ਹੈ ਅਤੇ ਸਾਥੀਆਂ ਦੀਆਂ ਵੱਖ-ਵੱਖ ਕੰਮਾਂ ਲਈ ਜ਼ਿੰਮੇਵਾਰੀਆਂ ਲਗਾ ਦਿੱਤੀਆਂ ਗਈਆਂ ਹਨ।
ਜਥੇਬੰਦੀ ਨੇ ਇਲਾਕੇ ਦੇ ਸਾਰੇ ਤਰਕਸ਼ੀਲ ਸੱਜਣਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਇਸ ਵਿਚਾਰ ਚਰਚਾ ਵਿੱਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਹੈ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਪਰਮਿੰਦਰ ਸਿੰਘ, ਅਮਰੀਕ ਸਿੰਘ ਖੋਖਰ, ਗੁਰਦੀਪ ਸਿੰਘ, ਹਰਜੀਤ ਲੌਂਗੋਵਾਲ ਨੇ ਸ਼ਮੂਲੀਅਤ ਕੀਤੀ।

