*ਐਮ.ਸੀ.ਏ.ਡੀ ਪ੍ਰੋਜੈਕਟ ਤਹਿਤ 1,388 ਹੈਕਟੇਅਰ ਰਕਬੇ ਦੇ 465 ਕਿਸਾਨਾਂ ਨੂੰ ਮਿਲੇਗਾ ਲਾਭ*
*ਸਿੰਚਾਈ ਕੁਸ਼ਲਤਾ ਤੇ ਫਸਲ ਉਤਪਾਦਕਤਾ ਵਧਾਉਣ ਲਈ ਸਕਾਡਾ ਅਤੇ ਡੀ.ਐੱਸ.ਐੱਸ ਦੀ ਵਰਤੋਂ ’ਤੇ ਜ਼ੋਰ*

ਲੁਧਿਆਣਾ, 25 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਲੁਧਿਆਣਾ ਕਲੱਸਟਰ ਵਿੱਚ ਐਮ.ਸੀ.ਏ.ਡੀ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਪਟਿਆਲਾ ਫੀਡਰ ਨਹਿਰ ਨੇੜੇ ਭਰਥਲਾ ਨਹਿਰ ਰੈਸਟ ਹਾਊਸ ਵਿਖੇ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐਫ.ਏ.ਓ) ਦੇ ਨੁਮਾਇੰਦਿਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪ੍ਰੋਜੈਕਟ ਤਹਿਤ ਚੱਲ ਰਹੇ ਕੰਮਾਂ, ਕਿਸਾਨਾਂ ਦੀ ਸ਼ਮੂਲੀਅਤ ਅਤੇ ਸਿੰਚਾਈ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਜਲ ਸਰੋਤ ਵਿਭਾਗ ਦੇ ਸੁਪਰਡੈਂਟ ਇੰਜੀਨੀਅਰ ਸ੍ਰੀ ਨਵਜੋਤ ਸਿੰਘ ਨੇ ਐਫ.ਏ.ਓ ਟੀਮ ਅਤੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਈਟ ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਪ੍ਰੋਜੈਕਟ ਲਈ ਲੋੜੀਂਦੀ ਸਮੱਗਰੀ ਦੀ ਖਰੀਦ ਵੀ ਮੁਕੰਮਲ ਕਰ ਲਈ ਗਈ ਹੈ। ਪੰਪ-ਕਮ-ਸੰਪ ਹਾਊਸ ਦੀ ਉਸਾਰੀ ਦਾ ਕੰਮ ਜਾਰੀ ਹੈ, ਜਦਕਿ ਪਾਈਪਲਾਈਨ ਵਿਛਾਉਣ ਦਾ ਕੰਮ ਝੋਨੇ ਦੀ ਫਸਲ ਦੀ ਕਟਾਈ ਤੋਂ ਤੁਰੰਤ ਬਾਅਦ ਸ਼ੁਰੂ ਕੀਤਾ ਜਾਵੇਗਾ।
ਇਸ ਪ੍ਰੋਜੈਕਟ ਤਹਿਤ ਲਗਭਗ 1,388 ਹੈਕਟੇਅਰ ਰਕਬੇ ਵਿੱਚ ਖੇਤੀ ਕਰਨ ਵਾਲੇ 465 ਕਿਸਾਨਾਂ ਨੂੰ ਲਾਭ ਮਿਲੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਵੱਲੋਂ ਕਿਸਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਪ੍ਰੋਜੈਕਟ ਸਬੰਧੀ ਬੇਸਲਾਈਨ ਸਰਵੇਖਣ ਵੀ ਮੁਕੰਮਲ ਕਰ ਲਿਆ ਗਿਆ ਹੈ।
ਐਫ.ਏ.ਓ ਦੇ ਏਸ਼ੀਆ ਅਤੇ ਪ੍ਰਸ਼ਾਂਤ ਖੇਤਰੀ ਦਫ਼ਤਰ ਦੇ ਭੂਮੀ ਅਤੇ ਜਲ ਅਧਿਕਾਰੀ ਡਾ. ਵਲੀਦ ਦੀ ਅਗਵਾਈ ਹੇਠ ਟੀਮ ਨੇ ਕਲੱਸਟਰ ਅਧੀਨ ਬਣਾਈ ਗਈ ਜਲ ਉਪਭੋਗਤਾ ਸੁਸਾਇਟੀ (ਡਬਲਯੂ.ਯੂ.ਐਸ) ਨੂੰ ਮਜ਼ਬੂਤ ਕਰਨ ਲਈ ਪ੍ਰਸਤਾਵਿਤ ਕਦਮਾਂ ‘ਤੇ ਚਰਚਾ ਕੀਤੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਫੈਸਲਾ ਸਹਾਇਤਾ ਪ੍ਰਣਾਲੀ (ਡੀ.ਐੱਸ.ਐੱਸ), ਸਕਾਡਾ ਅਤੇ ਹੋਰ ਆਧੁਨਿਕ ਫੀਲਡ ਉਪਕਰਣਾਂ ਰਾਹੀਂ ਪ੍ਰਾਪਤ ਡੇਟਾ ਦੀ ਪ੍ਰਭਾਵਸ਼ਾਲੀ ਵਰਤੋਂ ਬਾਰੇ ਜਾਗਰੂਕ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ ਗਿਆ, ਤਾਂ ਜੋ ਸਿੰਚਾਈ ਕੁਸ਼ਲਤਾ ਅਤੇ ਫਸਲ ਉਤਪਾਦਕਤਾ ਵਿੱਚ ਸੁਧਾਰ ਕੀਤਾ ਜਾ ਸਕੇ।
ਐਫ.ਏ.ਓ ਟੀਮ ਨੇ ਕਲੱਸਟਰ ਦੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਕੇ ਪ੍ਰੋਜੈਕਟ ਸਬੰਧੀ ਉਨ੍ਹਾਂ ਦੀਆਂ ਲੋੜਾਂ, ਸੁਝਾਵਾਂ ਅਤੇ ਉਮੀਦਾਂ ਬਾਰੇ ਫੀਡਬੈਕ ਵੀ ਪ੍ਰਾਪਤ ਕੀਤਾ।
ਮੀਟਿੰਗ ਵਿੱਚ ਸ੍ਰੀ ਮਨਿੰਦਰ ਸਿੰਘ, ਐਸ.ਈ. ਮੋਹਾਲੀ, ਸ੍ਰੀ ਬੂਟਾ ਸਿੰਘ, ਐਕਸੀਅਨ ਲੁਧਿਆਣਾ, ਸਬੰਧਤ ਐਸ.ਡੀ.ਓਜ਼, ਖੇਤੀਬਾੜੀ, ਬਾਗਬਾਨੀ, ਮਿੱਟੀ ਅਤੇ ਪਾਣੀ ਸੰਭਾਲ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗਾਂ ਦੇ ਜ਼ਿਲ੍ਹਾ ਪੱਧਰੀ ਅਧਿਕਾਰੀ ਅਤੇ ਪੀ.ਏ.ਯੂ, ਐਫ.ਏ.ਓ ਅਤੇ ਨਿਰਮਾਣ ਏਜੰਸੀ ਦੇ ਨੁਮਾਇੰਦੇ ਹਾਜ਼ਰ ਸਨ।

