ਆਖਿਆ ! ਕਈ ਮਹੀਨਿਆਂ ਤੋਂ ਲਿਖਤੀ ਸ਼ਿਕਾਇਤਾਂ ਦੇ ਬਾਵਜੂਦ ਠੋਸ ਜ਼ਮੀਨੀ ਕਾਰਵਾਈ ਨਾ ਹੋਣਾ ਚਿੰਤਾਜਨਕ
ਹਾਦਸੇ ਤੋਂ ਬਾਅਦ ਨਹੀਂ, ਪਹਿਲਾਂ ਕਾਰਵਾਈ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ
ਕੋਟਕਪੂਰਾ, 3 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਹਿਰੂ ਸ਼ਾਪਿੰਗ ਸੈਂਟਰ, ਫਰੀਦਕੋਟ ਦੀ ਖਸਤਾ ਅਤੇ ਚਿੰਤਾਜਨਕ ਢਾਂਚਾਗਤ ਹਾਲਤ ਨੂੰ ਲੈ ਕੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਮੁੜ ਸਖ਼ਤ ਫਾਲੋ-ਅੱਪ ਭੇਜਦਿਆਂ ਮਾਮਲੇ ਵਿੱਚ 7 ਦਿਨਾਂ ਅੰਦਰ ਠੋਸ ਜ਼ਮੀਨੀ ਕਾਰਵਾਈ ਅਤੇ ਲਿਖਤੀ ਏ.ਟੀ.ਆਰ. ਦੀ ਮੰਗ ਕੀਤੀ ਹੈ। ਅਰਸ਼ ਸੱਚਰ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਪਿਛਲੇ ਕਈ ਮਹੀਨਿਆਂ ਤੋਂ ਮੁੱਖ ਮੰਤਰੀ ਦਫ਼ਤਰ, ਸਥਾਨਕ ਸਰਕਾਰ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਤਸਵੀਰਾਂ ਅਤੇ ਹੋਰ ਜਾਣਕਾਰੀ ਸਮੇਤ ਵਾਰ-ਵਾਰ ਲਿਖਤੀ ਰੂਪ ਵਿੱਚ ਜਾਣੂ ਕਰਵਾਇਆ ਗਿਆ ਹੈ।ਉਨ੍ਹਾਂ ਕਿਹਾ ਕਿ “ਬਹੁਤ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਲੋਕਾਂ ਦੀ ਜਾਨ ਅਤੇ ਸੈਂਕੜੇ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ਨਾਲ ਜੁੜੇ ਇੰਨੇ ਗੰਭੀਰ ਮਾਮਲੇ ਵਿੱਚ ਅਜੇ ਤੱਕ ਅਜਿਹਾ ਠੋਸ ਹੱਲ ਸਾਹਮਣੇ ਨਹੀਂ ਆਇਆ ਜਿਸ ਨਾਲ ਦੁਕਾਨਦਾਰਾਂ ਨੂੰ ਆਪਣੀ ਸੁਰੱਖਿਆ ਬਾਰੇ ਭਰੋਸਾ ਮਿਲ ਸਕੇ।” ਸੱਚਰ ਨੇ ਮੰਗ ਕੀਤੀ ਕਿ 7 ਦਿਨਾਂ ਅੰਦਰ ਮਾਹਿਰ ਇੰਜੀਨੀਅਰਾਂ ਤੋਂ ਇਮਾਰਤ ਦੀ ਢਾਂਚਾਗਤ ਸੁਰੱਖਿਆ ਜਾਂਚ, ਖ਼ਤਰਨਾਕ ਹਿੱਸਿਆਂ ਵਿੱਚ ਤੁਰੰਤ ਬਚਾਅ ਪ੍ਰਬੰਧ, ਸੀਨੀਅਰ ਅਧਿਕਾਰੀਆਂ ਵੱਲੋਂ ਮੌਕੇ ਦਾ ਦੌਰਾ ਅਤੇ ਦੁਕਾਨਦਾਰਾਂ ਨਾਲ ਸਿੱਧੀ ਮੀਟਿੰਗ ਕਰਵਾਈ ਜਾਵੇ। ਇਸ ਦੇ ਨਾਲ ਮੁਰੰਮਤ, ਮਜ਼ਬੂਤੀ ਜਾਂ ਲੋੜ ਅਨੁਸਾਰ ਪੁਨਰ-ਵਿਕਾਸ ਲਈ ਬਜਟ, ਜ਼ਿੰਮੇਵਾਰ ਵਿਭਾਗ ਅਤੇ ਪੱਕੀ ਸਮਾਂ-ਸੀਮਾ ਸਪੱਸ਼ਟ ਕੀਤੀ ਜਾਵੇ।
“7 ਦਿਨਾਂ ਬਾਅਦ ਵੀ ਹੱਲ ਨਾ ਆਇਆ ਤਾਂ ਦੁਕਾਨਦਾਰਾਂ ਦੇ ਨਾਲ ਖੁੱਲ੍ਹ ਕੇ ਖੜ੍ਹਾਂਗਾ” :- ਅਰਸ਼ ਸੱਚਰ ਨੇ ਸਪੱਸ਼ਟ ਕੀਤਾ ਕਿ ਲਗਾਤਾਰ ਦੇਰੀ ਕਾਰਨ ਦੁਕਾਨਦਾਰਾਂ ਵਿੱਚ ਚਿੰਤਾ ਅਤੇ ਰੋਸ ਵੱਧ ਰਿਹਾ ਹੈ। ਉਨ੍ਹਾਂ ਕਿਹਾ, “ਜੇਕਰ ਅਗਲੇ 7 ਦਿਨਾਂ ਵਿੱਚ ਵੀ ਠੋਸ ਕਾਰਵਾਈ ਅਤੇ ਲਿਖਤੀ ਹੱਲ ਸਾਹਮਣੇ ਨਹੀਂ ਆਉਂਦਾ ਅਤੇ ਨੇਹਰੂ ਸ਼ਾਪਿੰਗ ਸੈਂਟਰ ਦੇ ਦੁਕਾਨਦਾਰ ਆਪਣੀ ਜਾਨ, ਕਾਰੋਬਾਰ ਅਤੇ ਸੁਰੱਖਿਆ ਲਈ ਸ਼ਾਂਤਮਈ ਅਤੇ ਕਾਨੂੰਨੀ ਅੰਦੋਲਨ ਸ਼ੁਰੂ ਕਰਨ ਦਾ ਫੈਸਲਾ ਕਰਦੇ ਹਨ, ਤਾਂ ਮੈਂ ਉਨ੍ਹਾਂ ਦੀ ਜਾਇਜ਼ ਲੋਕ-ਹਿੱਤ ਦੀ ਮੰਗ ਦੇ ਨਾਲ ਖੁੱਲ੍ਹ ਕੇ ਖੜ੍ਹਾਂਗਾ ਅਤੇ ਉਨ੍ਹਾਂ ਦੇ ਸ਼ਾਂਤਮਈ ਸੰਘਰਸ਼ ਨੂੰ ਪੂਰਾ ਸਮਰਥਨ ਦੇਵਾਂਗਾ।” ਉਨ੍ਹਾਂ ਕਿਹਾ ਕਿ ਇਹ ਕਿਸੇ ਵਿਅਕਤੀ ਜਾਂ ਵਿਭਾਗ ਵਿਰੁੱਧ ਮੁਹਿੰਮ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ, ਵਪਾਰੀਆਂ ਦੀ ਰੋਜ਼ੀ-ਰੋਟੀ ਅਤੇ ਪ੍ਰਸ਼ਾਸਨਿਕ ਜਵਾਬਦੇਹੀ ਦਾ ਸਵਾਲ ਹੈ। ਸੱਚਰ ਨੇ ਕਿਹਾ ਕਿ ਜੇਕਰ ਕਿਸੇ ਪ੍ਰਸ਼ਾਸਨਿਕ, ਤਕਨੀਕੀ ਜਾਂ ਵਿੱਤੀ ਕਾਰਨ ਕਰਕੇ ਮਾਮਲਾ ਹੱਲ ਨਹੀਂ ਹੋ ਰਿਹਾ ਤਾਂ ਪ੍ਰਸ਼ਾਸਨ ਨੂੰ ਲਿਖਤੀ ਤੌਰ ’ਤੇ ਕਾਰਨ, ਮੌਜੂਦਾ ਸਥਿਤੀ ਅਤੇ ਹੱਲ ਦੀ ਪੱਕੀ ਸਮਾਂ-ਸੀਮਾ ਦੱਸਣੀ ਚਾਹੀਦੀ ਹੈ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਵਾਰ-ਵਾਰ ਦਿੱਤੀਆਂ ਲਿਖਤੀ ਚੇਤਾਵਨੀਆਂ ਦੇ ਬਾਵਜੂਦ ਜੇਕਰ ਭਵਿੱਖ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਰਿਕਾਰਡ ਦੀ ਜਾਂਚ ਕਰਕੇ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਦੀ ਭੂਮਿਕਾ ਅਤੇ ਕਿਸੇ ਵੀ ਲਾਪਰਵਾਹੀ ਲਈ ਕਾਨੂੰਨ ਅਨੁਸਾਰ ਜਵਾਬਦੇਹੀ ਤੈਅ ਕੀਤੀ ਜਾਵੇ। ਅੰਤ ਵਿੱਚ ਅਰਸ਼ ਸੱਚਰ ਨੇ ਕਿਹਾ “ਸਾਡੀ ਮੰਗ ਸਿੱਧੀ ਅਤੇ ਸਪੱਸ਼ਟ ਹੈ 7 ਦਿਨਾਂ ਵਿੱਚ ਜ਼ਮੀਨੀ ਕਾਰਵਾਈ, ਲਿਖਤੀ ATR ਅਤੇ ਪੱਕੀ ਸਮਾਂ-ਸੀਮਾ। ਹਾਦਸਾ ਵਾਪਰਨ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ ਹਾਦਸਾ ਹੋਣ ਤੋਂ ਪਹਿਲਾਂ ਉਸਨੂੰ ਰੋਕਣਾ ਹੀ ਜ਼ਿੰਮੇਵਾਰ ਪ੍ਰਸ਼ਾਸਨ ਦੀ ਪਹਿਚਾਣ ਹੈ।”

