ਵਿਜੇਤਾ ਟੀਮ ਨੂੰ ਟਰਾਫੀ ਸਮੇਤ 31 ਹਜ਼ਾਰ ਰੁਪਏ ਦਾ ਨਕਦ ਇਨਾਮ
21 ਲੱਖ ਰੁਪਏ ਦੇ ਇਨਾਮੀ ਖ਼ਿਤਾਬ ਵਾਲੇ ਅਗਲੇ ਰਾਊਂਡ ਲਈ ਮੋਗਾ ਕ੍ਰਿਕਟ ਟੀਮ ਨੇ ਕੀਤਾ ਕੁਆਲੀਫਾਈ

ਕੋਟਕਪੂਰਾ, 25 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੋਗਾ ਵਿੱਚ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੀ ਨਾਮੋ ਕ੍ਰਿਕਟ ਲੀਗ ਦੇ ਫਟਾਫਟ ਕ੍ਰਿਕਟ ਮੁਕਾਬਲਿਆਂ ਦਾ ਅੱਜ ਸ਼ਾਨਦਾਰ ਸਮਾਪਨ ਹੋਇਆ। ਫਾਈਨਲ ਮੁਕਾਬਲੇ ਵਿੱਚ ਮੋਗਾ ਕ੍ਰਿਕਟ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਮਾਧ ਭਾਈ ਪੇਸਰਜ਼ ਦੀ ਟੀਮ ਨੂੰ 10 ਵਿਕਟਾਂ ਨਾਲ ਹਰਾ ਕੇ ਟਰਾਫੀ ਆਪਣੇ ਨਾਮ ਕਰ ਲਈ। ਮੁਕਾਬਲੇ ਵਿੱਚ ਮੋਗਾ ਦੇ ਸਲਾਮੀ ਬੱਲੇਬਾਜ਼ ਹਰਮਨਪ੍ਰੀਤ ਸਿੰਘ ਨੇ ਤੂਫ਼ਾਨੀ ਬੱਲੇਬਾਜ਼ੀ ਕਰਦਿਆਂ ਮਹਿਜ਼ 8 ਗੇਂਦਾਂ ਵਿੱਚ 32 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਉਨ੍ਹਾਂ ਦੀ ਪਾਰੀ ਵਿੱਚ 5 ਗਗਨਚੁੰਬੀ ਛੱਕੇ ਸ਼ਾਮਲ ਸਨ। ਹਰਮਨਪ੍ਰੀਤ ਦੀ ਇਸ ਸ਼ਾਨਦਾਰ ਬੱਲੇਬਾਜ਼ੀ ਨੇ ਮੈਦਾਨ ਵਿੱਚ ਮੌਜੂਦ ਸੈਂਕੜੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਅਤੇ ਮੋਗਾ ਦੀ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਸਮਾਧ ਭਾਈ ਪੇਸਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 4 ਓਵਰਾਂ ਵਿੱਚ 1 ਵਿਕਟ ਦੇ ਨੁਕਸਾਨ ’ਤੇ 47 ਦੌੜਾਂ ਬਣਾਈਆਂ। ਟੀਮ ਵੱਲੋਂ ਹਰਮਨਜੋਤ ਨੇ ਸਿਰਫ਼ 9 ਗੇਂਦਾਂ ’ਤੇ 29 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ 1 ਚੌਕਾ ਅਤੇ 4 ਛੱਕੇ ਸ਼ਾਮਲ ਸਨ। ਇਸ ਤੋਂ ਇਲਾਵਾ ਸ਼ਮਸ਼ੇਰ ਸਿੰਘ ਨੇ 10 ਗੇਂਦਾਂ ’ਤੇ 12 ਦੌੜਾਂ ਅਤੇ ਕਪਤਾਨ ਹੈਪੀ ਸਮਾਧ ਨੇ 5 ਗੇਂਦਾਂ ’ਤੇ 6 ਦੌੜਾਂ ਬਣਾਈਆਂ। ਮੋਗਾ ਕ੍ਰਿਕਟ ਕਲੱਬ ਵੱਲੋਂ ਗੇਂਦਬਾਜ਼ੀ ਵਿੱਚ ਸਾਹਿਲ ਕੁਮਾਰ ਨੇ 1 ਵਿਕਟ ਹਾਸਲ ਕੀਤੀ। ਜਦਕਿ ਕਰਨ, ਨਿਆਜ਼ਦੀਨ ਅਤੇ ਸਲਮਦੀਪ ਨੇ ਵੀ ਕਸੀ ਹੋਈ ਗੇਂਦਬਾਜ਼ੀ ਕਰਦਿਆਂ ਵਿਰੋਧੀ ਟੀਮ ਨੂੰ ਸੀਮਤ ਸਕੋਰ ਤੱਕ ਰੋਕਣ ਵਿੱਚ ਅਹਿਮ ਯੋਗਦਾਨ ਪਾਇਆ, 47 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੋਗਾ ਕ੍ਰਿਕਟ ਕਲੱਬ ਦੀ ਟੀਮ ਨੇ ਸ਼ੁਰੂ ਤੋਂ ਹੀ ਤਾਬੜਤੋੜ ਬੱਲੇਬਾਜ਼ੀ ਕੀਤੀ। ਸਲਾਮੀ ਬੱਲੇਬਾਜ਼ ਸਲਮਦੀਪ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਪਹਿਲੇ ਹੀ ਓਵਰ ਵਿੱਚ ਵਿਰੋਧੀ ਟੀਮ ਦੇ ਹੌਸਲੇ ਪਸਤ ਕਰ ਦਿੱਤੇ। ਹਰਮਨਪ੍ਰੀਤ ਸਿੰਘ ਨੇ 8 ਗੇਂਦਾਂ ਵਿੱਚ 32 ਦੌੜਾਂ ਅਤੇ ਸਲਮਦੀਪ ਸਿੰਘ ਨੇ 5 ਗੇਂਦਾਂ ਵਿੱਚ 14 ਦੌੜਾਂ ਦੀ ਪਾਰੀ ਖੇਡਦਿਆਂ ਮੋਗਾ ਨੂੰ ਬਿਨਾਂ ਕੋਈ ਵਿਕਟ ਗੁਆਏ ਜਿੱਤ ਦਿਵਾ ਦਿੱਤੀ। ਫਾਈਨਲ ਮੁਕਾਬਲੇ ਤੋਂ ਬਾਅਦ ਪੰਜਾਬ ਦੇ ਸਾਬਕਾ ਡੀਜੀਪੀ ਪੀ.ਐਸ. ਗਿੱਲ ਨੇ ਜੇਤੂ ਮੋਗਾ ਕ੍ਰਿਕਟ ਕਲੱਬ ਨੂੰ ਟਰਾਫੀ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਅਤੇ ₹31,000 ਦੀ ਨਕਦ ਇਨਾਮੀ ਰਾਸ਼ੀ ਦਾ ਚੈੱਕ ਸੌਂਪਿਆ। ਇਸ ਜਿੱਤ ਨਾਲ ਮੋਗਾ ਕ੍ਰਿਕਟ ਟੀਮ ਨੇ ਹੁਣ ₹21 ਲੱਖ ਦੀ ਇਨਾਮੀ ਰਾਸ਼ੀ ਵਾਲੇ ਅਗਲੇ ਰਾਊਂਡ ਲਈ ਵੀ ਕੁਆਲੀਫਾਈ ਕਰ ਲਿਆ ਹੈ। ਇਸ ਮੌਕੇ ਧਰਮ ਜਾਗਰਣ ਮੰਚ ਪੰਜਾਬ ਦੇ ਸੰਯੋਜਕ ਰਾਮਗੋਪਾਲ ਅਤੇ ਐਸਐਫਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਪ੍ਰਧਾਨ ਅਭਿਸ਼ੇਕ ਜਿੰਦਲ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਪ੍ਰੋਗਰਾਮ ਦਾ ਸੰਚਾਲਨ ਆਯੋਜਕ ਕਮੇਟੀ ਦੇ ਵਾਸੂ ਸ਼ਰਮਾ ਵੱਲੋਂ ਕੀਤਾ ਗਿਆ। ਮੋਗਾ ਵਿੱਚ ਪੰਜ ਦਿਨਾਂ ਤੱਕ ਚੱਲੇ ਇਸ ਕ੍ਰਿਕਟ ਮਹਾਕੁੰਭ ਵਿੱਚ ਜ਼ਿਲ੍ਹੇ ਦੀਆਂ 102 ਟੀਮਾਂ ਨੇ ਭਾਗ ਲੈ ਕੇ ਆਪਣੇ ਕ੍ਰਿਕਟ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਮੁਕਾਬਲਾ ਦੁਨੀਆ ਦੀ ਸਭ ਤੋਂ ਵੱਡੀ ਨਾਮੋ ਕ੍ਰਿਕਟ ਲੀਗ ਦਾ ਹਿੱਸਾ ਦੱਸਿਆ ਗਿਆ ਹੈ। ਨਾਮੋ ਲੀਗ ਕ੍ਰਿਕਟ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਨ ਲਈ ਚਲਾਏ ਜਾ ਰਹੇ ਇੱਕ ਵਿਆਪਕ ਜਨ-ਅਭਿਆਨ ਦਾ ਹਿੱਸਾ ਦੱਸਿਆ ਗਿਆ। ਆਯੋਜਕਾਂ ਅਨੁਸਾਰ ਉੱਤਰ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਸਮੇਤ 5 ਰਾਜਾਂ ਤੋਂ 51 ਹਜ਼ਾਰ ਤੋਂ ਵੱਧ ਖਿਡਾਰੀ ਅਤੇ 3,200 ਤੋਂ ਵੱਧ ਟੀਮਾਂ ਇਸ ਲੀਗ ਵਿੱਚ ਭਾਗ ਲੈ ਰਹੀਆਂ ਹਨ| ਨਾਮੋ ਲੀਗ ਕ੍ਰਿਕਟ ਦਾ ਆਯੋਜਨ ਸੁਦੇਸ਼ ਭੰਡਾਰੀ ਚੈਰੀਟੇਬਲ ਟਰੱਸਟ, ਪੰਚਕੂਲਾ, ਹਰਿਆਣਾ ਵੱਲੋਂ ਕੀਤਾ ਜਾ ਰਿਹਾ ਹੈ। ਇਸ ਮੌਕੇ ਰਾਜਿੰਦਰਾ ਪਬਲਿਕ ਸਕੂਲ ਦੀ ਚੇਅਰਪਰਸਨ ਸੀਮਾ ਸ਼ਰਮਾ, ਪਿੰਕ ਪਾਲ ਸਿੰਘ, ਵਾਸੂ ਸ਼ਰਮਾ, ਸੰਜੀਵ ਆਹੂਜਾ ਸਮੇਤ ਹੋਰ ਪਤਵੰਤੇ ਅਤੇ ਖੇਡ ਪ੍ਰੇਮੀ ਵੀ ਮੌਜੂਦ ਸਨ।

