ਸਰੀ, 3 ਅਕਤੂਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਬਸੰਤ ਮੋਟਰਜ਼ ਵੱਲੋਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਉਤਸ਼ਾਹਿਤ ਕਰਨ ਅਤੇ ਨੌਜਵਾਨ ਪੀੜ੍ਹੀ ਦੀਆਂ ਪ੍ਰਾਪਤੀਆਂ ਨੂੰ ਸਨਮਾਨਿਤ ਕਰਨ ਲਈ 35ਵਾਂ ਸਾਲਾਨਾ ਸਕਾਲਰਸ਼ਿਪ ਸਮਾਗਮ ਐਤਵਾਰ, 4 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਦੁਪਹਿਰ 3 ਵਜੇ ਬਸੰਤ ਮੋਟਰਜ਼ ਦੇ ਵਿਹੜੇ ਵਿਚ (16315 ਫਰੇਜ਼ਰ ਹਾਈਵੇ) ਸਰੀ ਵਿਖੇ ਹੋਵੇਗਾ।
ਬਸੰਤ ਮੋਟਰਜ਼ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਚਲਾਈ ਜਾ ਰਹੀ ਸਕਾਲਰਸ਼ਿਪ ਪ੍ਰੰਪਰਾ ਤਹਿਤ ਹਰ ਸਾਲ ਭਾਈਚਾਰੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ, ਲਗਨ ਅਤੇ ਅਕਾਦਮਿਕ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੋਸਟ-ਸੈਕੰਡਰੀ ਸਿੱਖਿਆ ਅਤੇ ਭਵਿੱਖ ਦੇ ਟੀਚਿਆਂ ਦੀ ਪੂਰਤੀ ਲਈ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ।
ਬਸੰਤ ਮੋਟਰਜ਼ ਦੇ ਪ੍ਰਬੰਧਕਾਂ ਅਨੁਸਾਰ ਇਹ ਸਮਾਗਮ ਨੌਜਵਾਨਾਂ ਦੀਆਂ ਵਿਦਿਅਕ ਪ੍ਰਾਪਤੀਆਂ ਨੂੰ ਮਾਨਤਾ ਦੇਣ ਦੇ ਨਾਲ-ਨਾਲ ਭਾਈਚਾਰੇ ਦੀ ਅਗਲੀ ਪੀੜ੍ਹੀ ਨਾਲ ਆਪਣੀ ਸਾਂਝ ਅਤੇ ਜ਼ਿੰਮੇਵਾਰੀ ਨੂੰ ਮਜ਼ਬੂਤ ਕਰਨ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ। ਸਮਾਗਮ ਦੌਰਾਨ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਪਰਿਵਾਰਾਂ, ਅਧਿਆਪਕਾਂ ਅਤੇ ਭਾਈਚਾਰੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਦੀ ਸ਼ਮੂਲੀਅਤ ਹੋਵੇਗੀ।

