— ਦੂਸਰੀ ਵਾਰ ਚੁਣੇ ਗਏ ਹਨ —
ਸ੍ਰੀ ਮੁਕਤਸਰ ਸਾਹਿਬ, 03 ਅਕਤੂਬਰ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਨਿਵਾਸੀ, ਸਾਬਕਾ ਉਪ ਜਿਲ੍ਹਾ ਸਿੱਖਿਆ ਅਫਸਰ, ਸਫ਼ਲ ਪ੍ਰਬੰਧਕ ਅਤੇ ਸਮਾਜ ਸੇਵਕ ਕਪਿਲ ਸ਼ਰਮਾ ਪੀ.ਈ.ਐੱਸ.-1 ਪੰਜਾਬ ਯੂਨੀਵਰਸਿਟੀ ਦੀਆਂ ਹਾਲ ’ਚ ਹੋਈਆਂ ਚੋਣਾਂ ਦੇ ਫਸਵੇਂ ਮੁਕਾਬਲੇ ਵਿੱਚ ਲਗਾਤਾਰ ਦੂਸਰੀ ਵਾਰ ਸੈਨੇਟਰ ਚੁਣੇ ਗਏ ਹਨ। ਸ੍ਰੀ ਸ਼ਰਮਾ ਨੇ ਉਕਤ ਸੈਨੇਟ ਚੋਣਾਂ ਵਿੱਚ 2344 ਵੋਟਾਂ ਪ੍ਰਾਪਤ ਕਰਕੇ ਤੇਰ੍ਹਵਾਂ ਸਥਾਨ ’ਤੇ ਆਪਣੀ ਜਿੱਤ ਦਰਜ ਕਰਵਾਈ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਸਮੇਤ ਹੋਰ ਕਈ ਰਾਜਾਂ ਦੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੇਜੂਏਸ਼ਨ ਕਰ ਚੁੱਕੇ ਕਰੀਬ ਸਾਢੇ ਛੇ ਲੱਖ ਤੋਂ ਜ਼ਿਆਦਾ ਰਜਿਸਟਰਡ ਵੋਟਰ ਹਨ। ਇਹਨਾਂ ਚੋਣਾਂ ਦਾ ਅਮਲ 240 ਦਿਨ ਚੱਲਦਾ ਹੈ, ਜਿਸ ਵਿੱਚ ਨਵੀਆਂ ਵੋਟਾਂ ਬਨਾਉਣੀਆਂ, ਇਤਰਾਜ ਦਾਇਰ ਕਰਨੇ, ਨਾਮਜਦਗੀ ਪੱਤਰ ਦਾਖਲ ਕਰਨੇ, ਪ੍ਰਚਾਰ ਕਰਨ ਆਦਿ ਵੋਟਿੰਗ ਦੀ ਪ੍ਰਕਿਰਿਆ ਸ਼ਾਮਿਲ ਹੁੰਦੀ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਆਪਣੇ ਪ੍ਰਧਾਨ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ਹੇਠ ਸ੍ਰੀ ਸ਼ਰਮਾ ਨੂੰ ਵਧਾਈ ਦੇਣ ਲਈ ਇਕ ਪ੍ਰਭਾਵਸ਼ਾਲੀ ਮੀਟਿੰਗ ਆਯੋਜਿਤ ਕੀਤੀ ਗਈ। ਸਥਾਨਕ ਸਿਟੀ ਹੋਟਲ ਵਿਖੇ ਹੋਈ ਇਸ ਮੀਟਿੰਗ ਦੌਰਾਨ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ ਅਤੇ ਚੇਅਰਮੈਨ ਨਿਰੰਜਣ ਸਿੰਘ ਰੱਖਰਾ ਸਮੇਤ ਡਾ: ਸੁਰਿੰਦਰ ਗਿਰਧਰ,ਵਿਜੇ ਸਿਡਾਨਾ, ਸਾਹਿਲ ਕੁਮਾਰ ਹੈਪੀ, ਪ੍ਰਦੀਪ ਧੂੜੀਆ, ਡਾ.ਸੰਜੀਵ ਮਿੱਢਾ, ਡਾ. ਜਸਵਿੰਦਰ ਸਿੰਘ, ਪ੍ਰਿੰ. ਕੁਲਵੰਤ ਸ਼ਰਮਾ, ਕਰਨੈਲ ਸਿੰਘ ਸਰੋਆ, ਰਾਜਿੰਦਰ ਖੁਰਾਣਾ, ਚੌ. ਬਲਬੀਰ ਸਿੰਘ ਅਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ। ਇਸ ਤੋਂ ਇਲਾਵਾ ਜਲਾਲਾਬਾਦ ਤੋਂ ਸੈਨੇਟਰ ਕਪਿਲ ਸ਼ਰਮਾ ਦੇ ਸਮਰਥਕ ਸੰਦੀਪ ਕੁਮਾਰ ਕਾਲੜਾ, ਗੁਰਮੀਤ ਸਿੰਘ ਢਾਬਾਂ, ਜੋਗਿੰਦਰ ਸਿੰਘ ਫਲੀਆਂ ਵਾਲਾ, ਹਰਜਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਪ੍ਰਧਾਨ ਢੋਸੀਵਾਲ ਨੇ ਮੀਟਿੰਗ ਵਿੱਚ ਮੌਜੂਦ ਸਭ ਮੈਂਬਰਾਂ ਵੱਲੋਂ ਸ੍ਰੀ ਸ਼ਰਮਾ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ। ਮੀਟਿੰਗ ਦੌਰਾਨ ਆਪਣੇ ਸੰਬੋਧਨ ਵਿੱਚ ਸ੍ਰੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਉਨ੍ਹਾਂ ਦੇ ਸਮਰਥਕਾਂ ਦੀ ਮਿਹਨਤ ਅਤੇ ਵੋਟਰਾਂ ਦੇ ਪਿਆਰ ਅਤੇ ਸਹਿਯੋਗ ਦਾ ਨਤੀਜਾ ਹੈ। ਉਹ ਆਪਣੇ ਵੋਟਰਾਂ ਅਤੇ ਸਮਰਥਕਾਂ ਦੀਆਂ ਆਸਾਂ ਉਮੀਦਾਂ ਉਪਰ ਹਰ ਤਰ੍ਹਾਂ ਪੂਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਵਿਕਾਸ ਮਿਸ਼ਨ ਵੱਲੋਂ ਆਪਣੇ ਸਨਮਾਨ ਵਿੱਚ ਰੱਖੀ ਗਈ ਮੀਟਿੰਗ ਸਦਕਾ ਸਮੂਹ ਮਿਸ਼ਨ ਮੈਂਬਰਾਂ ਦਾ ਧੰਨਵਾਦ ਕੀਤਾ। ਜਲਾਲਾਬਾਦ ਤੋਂ ਆਏ ਸ਼ਰਮਾ ਦਾ ਸਮਰਥਕਾਂ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਹਾਰ ਪਾ ਕੇ ਵਧਾਈ ਦਿੱਤੀ। ਵਿਕਾਸ ਮਿਸ਼ਨ ਵੱਲੋਂ ਕਪਿਲ ਸ਼ਰਮਾ ਨੂੰ ਉਨ੍ਹਾਂ ਦੀ ਜਿੱਤ ਦੀ ਖੁਸ਼ੀ ’ਤੇ ਸ਼ਾਨਦਾਰ ਯਾਦਗਾਰੀ ਮੋਮੈਂਟੋ ਭੇਂਟ ਕੀਤਾ ਗਿਆ। ਅੰਤ ਵਿੱਚ ਸਭਨਾਂ ਲਈ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।
ਫੋਟੋ ਕੈਪਸ਼ਨ : ਮੀਟਿੰਗ ਦੌਰਾਨ ਕਪਿਲ ਸ਼ਰਮਾ, ਪ੍ਰਧਾਨ ਢੋਸੀਵਾਲ ਤੇ ਦੂਸਰੇ ਮੈਂਬਰ।
