ਫ਼ਰੀਦਕੋਟ, 8 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਦੀ ਸੁਪਤਨੀ ਮੈਡਮ ਬੇਅੰਤ ਕੌਰ ਨੇ ਅੱਜ ਹਲਕਾ ਫ਼ਰੀਦਕੋਟ ਦੇ ਪਿੰਡ ਭੋਲੂਵਾਲਾ ਵਿਖੇ ‘ਮੇਰਾ ਘਰ, ਮੇਰਾ ਨਾਮ’ ਸਕੀਮ ਤਹਿਤ ‘ਲਾਲ ਲਕੀਰ’ ਅੰਦਰ ਸਥਿਤ ਘਰਾਂ ਦੇ 52 ਪਰਿਵਾਰਾਂ ਨੂੰ ਮਾਲਕੀ ਹੱਕ ਸਬੰਧੀ ਦਸਤਾਵੇਜ਼ ਆਪਣੇ ਹੱਥੀਂ ਵੰਡੇ ਅਤੇ ਪਰਿਵਾਰਾਂ ਨੂੰ ਵਧਾਈ ਦਿੱਤੀ।
ਮੈਡਮ ਬੇਅੰਤ ਕੌਰ ਨੇ ਕਿਹਾ ਕਿ ‘ਮੇਰਾ ਘਰ, ਮੇਰਾ ਨਾਮ’ ਤਹਿਤ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕ ਸਬੰਧੀ ਦਸਤਾਵੇਜ਼ ਮਿਲਣਾ ਇੱਕ ਮਹੱਤਵਪੂਰਨ ਕਦਮ ਹੈ। ਇਹ ਸਿਰਫ਼ ਦਸਤਾਵੇਜ਼ ਨਹੀਂ, ਸਗੋਂ ਸਾਲਾਂ ਤੋਂ ਆਪਣੇ ਘਰਾਂ ਵਿੱਚ ਰਹਿ ਰਹੇ ਪਰਿਵਾਰਾਂ ਲਈ ਆਪਣੇ ਘਰ ਅਤੇ ਆਪਣੀ ਜਾਇਦਾਦ ’ਤੇ ਕਾਨੂੰਨੀ ਮਾਲਕੀ ਦੀ ਮਾਨਤਾ ਹੈ।
ਉਨ੍ਹਾਂ ਕਿਹਾ ਕਿ ਪਿੰਡ ਭੋਲੂਵਾਲਾ ਦੇ 52 ਪਰਿਵਾਰਾਂ ਨੂੰ ਆਪਣੇ ਘਰਾਂ ਦੇ ਮਾਲਕੀ ਹੱਕ ਸਬੰਧੀ ਸਨਦਾਂ ਮਿਲਣ ਨਾਲ ਉਨ੍ਹਾਂ ਦੇ ਮਨਾਂ ਵਿੱਚ ਆਪਣੇ ਘਰ ਅਤੇ ਜਾਇਦਾਦ ਪ੍ਰਤੀ ਸੁਰੱਖਿਆ ਦੀ ਭਾਵਨਾ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਮਾਲਕੀ ਹੱਕ ਪ੍ਰਾਪਤ ਕਰਨ ਵਾਲੇ ਸਾਰੇ ਪਰਿਵਾਰਾਂ ਨੂੰ ਦਿਲੋਂ ਵਧਾਈ ਦਿੱਤੀ।
ਮੈਡਮ ਬੇਅੰਤ ਕੌਰ ਨੇ ਕਿਹਾ ਕਿ ‘ਲਾਲ ਲਕੀਰ’ ਅੰਦਰ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕੀ ਹੱਕ ਦਿਵਾਉਣ ਨਾਲ ਉਹ ਆਪਣੀ ਜਾਇਦਾਦ ਸਬੰਧੀ ਮਿਲੇ ਅਧਿਕਾਰਾਂ ਦਾ ਬਿਹਤਰ ਢੰਗ ਨਾਲ ਲਾਭ ਲੈ ਸਕਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਕਾਂ ਦੀ ਰਾਖੀ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਭਲਾਈ, ਹੱਕਾਂ ਦੀ ਰਾਖੀ ਅਤੇ ਹਲਕਾ ਫ਼ਰੀਦਕੋਟ ਦੇ ਵਿਕਾਸ ਲਈ ਹਰ ਸੰਭਵ ਯਤਨ ਜਾਰੀ ਰਹੇਗਾ।
ਇਸ ਮੌਕੇ ਗੁਰਪ੍ਰੀਤ ਸਿੰਘ ਧਾਲੀਵਾਲ, ਹਲਕਾ ਸੰਗਠਨ ਇੰਚਾਰਜ ਫ਼ਰੀਦਕੋਟ, ਅਤੁਲ ਗੋਇਲ, ਚੇਅਰਮੈਨ ਅਗਰਵਾਲ ਵੈਲਫੇਅਰ ਬੋਰਡ ਫ਼ਰੀਦਕੋਟ, ਦਵਿੰਦਰ ਸਿੰਘ ਸੇਖੋਂ, ਸਰਪੰਚ ਭਾਗਥਲਾ ਕਲਾਂ, ਤੋਂ ਇਲਾਵਾ ਪਿੰਡ ਭਾਗਥਲਾ ਕਲਾਂ, ਭਾਗਥਲਾ ਖੁਰਦ ਅਤੇ ਪਿੰਡ ਭੋਲੂਵਾਲਾ ਦੇ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।

