ਵਿਧਾਤਾ ਸਿੰਘ ਤੀਰ ਦਾ ਜਨਮ 15 ਅਗਸਤ 1900 ਨੂੰ ਪਿੰਡ ਘਗਰੋਟ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ)ਵਿਚ ਆਪਣੇ ਨਾਨਕੇ ਘਰ ਹੋਇਆ ।ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸਰਦਾਰ ਹੀਰਾ ਸਿੰਘ ਪੁੰਜ ਸੀ । ਦੇਸ਼ ਭਗਤ ਕਵੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਬਾਨੀ ਗਿਆਨੀ ਹੀਰਾ ਸਿੰਘ ਦਰਦ ਆਪਦੇ ਮਾਮਾ ਜੀ ਸਨ ।ਉਨ੍ਹਾਂ ਨੇ ਮੁਢਲੀ ਸਿਖਿਆ ਆਪਣੇ ਮਾਮਾ ਜੀ ਕੋਲੋਂ ਹੀ ਪ੍ਰਾਪਤ ਕੀਤੀ ।ਉਨ੍ਹਾਂ ਦੀ ਕਵਿਤਾ ਦੇ ਵਿਸ਼ੇ ਦੇਸ਼ ਪਿਆਰ, ਧਾਰਮਿਕ ਅਤੇ ਸਮਾਜਿਕ ਵਧੇਰੇ ਹਨ । ਉਨ੍ਹਾਂ ਦੀਆਂ ਪ੍ਰਮੁੱਖ ਕਾਵਿਕ ਰਚਨਾਵਾਂ ਅਣਿਆਲੇ ਤੀਰ, ਨਵੇਂ ਨਿਸ਼ਾਨੇ, ਕਾਲ ਕੂਕਾਂ, ਮਿੱਠੇ ਮੇਵੇ, ਗੁੰਗੇ ਗੀਤ, ਦਸ਼ਮੇਸ਼ ਦਰਸ਼ਨ ਅਤੇ ਰੂਪ ਰਾਣੀ ਸ਼ਕੁੰਤਲਾ ਆਦਿ ਸਨ। ਆਪ 4ਜਨਵਰੀ 1973 ਨੂੰ ਅੰਮ੍ਰਿਤਸਰ ਵਿਖੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਕਰਤਾਰ ਸਿੰਘ ਬਲੱਗਣ ਜੀ ਨਾਲ ਰਲ ਕੇ ਆਪ ਚੌਂਕ ਹੁਸੈਨਪੁਰ ਅੰਮ੍ਰਿਤਸਰ ਤੋਂ ਮਾਸਿਕ ਪੱਤਰ ਕਵਿਤਾ ਦਾ ਸੰਪਾਦਨ ਵੀ ਕਰਦੇ ਰਹੇ।
ਸ਼ਿਵ ਕੁਮਾਰ, ਜਗਤਾਰ, ਸ ਸ ਮੀਸ਼ਾ, ਰਣਧੀਰ ਸਿੰਘ ਚੰਦ ਤੇ ਬਾਬੂ ਸਿੰਘ ਮਾਨ ਵਰਗੇ ਲੇਖਕ ਤੇ ਗੀਤਕਾਰ ਪਹਿਲੀ ਵਾਰ ਕਵਿਤਾ ਵਿੱਚ ਹੀ ਛਪੇ। ਮੰਚ ਆਧਾਰਿਤ ਕਵਿਤਾ ਲਹਿਰ ਦੇ ਉਹ ਬੁਲੰਦ ਹਸਤਾਖਰ ਸਨ। ਫੀਰੋਜ਼ਦੀਨ ਸ਼ਰਫ਼, ਉਸਤਾਦ ਹਮਦਮ, ਇਸ਼ਕ ਲਹਿਰ,ਧਨੀ ਰਾਮ ਚਾਤ੍ਰਿਕ, ਬਰਕਤ ਰਾਮ ਯੁਮਨ, ਉਸਤਾਦ ਦਾਮਨ,ਨੰਦ ਲਾਲ ਨੂਰਪੁਰੀ, ਗੁਰਦੇਵ ਸਿੰਘ ਮਾਨ ਗੁਰਦਿੱਤ ਸਿੰਘ ਕੁੰਦਨ, ਗੁਰਦੇਵ ਸਿੰਘ ਮਾਨ, ਹਰਸਾ ਸਿੰਘ ਚਾਤਰ, ਦੀਵਾਨ ਸਿੰਘ ਮਹਿਰਮ, ਗਿਆਨੀ ਰਾਮ ਨਾਰਾਇਣ ਸਿੰਘ ਦਰਦੀ, ਸੁੰਦਰ ਦਾਸ ਆਸੀ ਤੇ ਹੋਰ ਵੱਡੇ ਕਵੀਆਂ ਨਾਲ ਆਪ ਨੇ ਹਜ਼ਾਰਾਂ ਕਵੀ ਦਰਬਾਰ ਦੇਸ਼ ਵੰਡ ਤੋਂ ਪਹਿਲਾਂ ਤੇ ਮਗਰੋਂ ਪੜ੍ਹੇ। ਉਨ੍ਹਾਂ ਦੀਆਂ ਧਾਰਮਿਕ ਰਚਨਾਵਾਂ ਹੁਣ ਵੀ ਰੌਂਗਟੇ ਖੜ੍ਹੇ ਕਰਦੀਆਂ ਹਨ।
ਗੁਰੂ ਅਮਰ ਦਾਸ ਪਾਤਿਸ਼ਾਹ ਦੀ ਸੇਵਾ ਬਾਰੇ ਅੱਜ ਉਨ੍ਹਾਂ ਦੀ ਇਹ ਕਵਿਤਾ ਤੁਹਾਡੇ ਸਨਮੁਖ ਪੜ੍ਹਨ ਹਿਤ ਹਾਜ਼ਰ ਹੈ।
ਸੇਵਕ ਦੀ ਸੇਵਾ
🔹ਵਿਧਾਤਾ ਸਿੰਘ ਤੀਰ
ਪਾਣੀ ਢੋਣ ਦੀ ਸਤਿਗੁਰਾਂ ਕਾਰ ਸੌਂਪੀ,
ਸਿਦਕ ਨਾਲ ਢੋਵੇ ਅਮਰ ਦਾਸ ਪਾਣੀ।
ਪਾਣੀ-ਪ੍ਰੇਮ ਵਗਦਾ ਨੈਣਾਂ ਵਿਚ ਤੱਕ ਕੇ,
ਅਮਰ ਦਾਸ ਨੂੰ ਦਏ ਬਿਆਸ ਪਾਣੀ।
ਪਦਵੀ ਏਸ ਪਾਣੀ ਗੁਰੂ ਆਪਣੇ ਦੀ,
ਲਿਖੇ ਇਸ ਤਰ੍ਹਾਂ ਰੋਜ਼ ਇਤਿਹਾਸ ਪਾਣੀ।
ਵੇਖੋ ! ਸਿਦਕ ਤੇ ਪ੍ਰੇਮ ਦੀ ਛੁਹ ਲੈ ਕੇ,
ਕਿਵੇਂ ਬਣ ਗਿਆ ਪ੍ਰੇਮ ਦੀ ਰਾਸ ਪਾਣੀ।
ਅਮਰ ਦਾਸ ਜੱਗ ‘ਤੇ ਅਮਰ ਹੋਣ ਖ਼ਾਤਰ,
ਪਾਣੀ ਭਰਨ ਲਗਾ, ਪਾਣੀ ਢੋਣ ਲੱਗਾ।
ਚਰਨ ਧੋ ਧੋ ਆਪਣੇ ਸਤਿਗੁਰਾਂ ਦੇ,
ਦਾਗ਼ ਆਪਣੇ ਰਿਦੇ ਦੇ ਧੋਣ ਲੱਗਾ।
ਅੰਗਦ ਸਤਿਗੁਰੂ ਦੀ ਜਿਹੜੀ ਪ੍ਰੇਮ-ਮਾਲਾ,
ਰੂਹ ਨੂੰ ਓਸਦੇ ਵਿੱਚ ਪਰੋਣ ਲੱਗਾ।
ਪ੍ਰੇਮ ਵਿੱਚ ਅੰਗਦ ਨਾਨਕ ਰੂਪ ਹੋਇਆ,
ਅੰਗਦ ਰੂਪ ਤੀਜਾ ਅਮਰ ਹੋਣ ਲੱਗਾ।
ਗਾਗਰ ਸੀਸ ਤੇ ਪ੍ਰੇਮ ਵਿੱਚ ਲੀਨ ਹੋਇਆ,
ਵਗਣ ਨੈਣ ਪਾਣੀ ਲੈਣ ਧਾਈ ਜਾਂਦਾ।
ਟੁਰੇ ਪਿੱਠ ਪਰਨੇ ਗੁਰੂ ਮੁੱਖ ਧਰ ਕੇ,
ਗੁਰੂ ਰੂਪ ਹੋਇਆ, ਗੁਰੂ ਗਾਈ ਜਾਂਦਾ।
ਏਧਰ ਗੁਰੂ ਨੂੰ ਸਿੱਖ ਧਿਆਏ ਪਿਆ,
ਉਧਰ ਸਿੱਖ ਨੂੰ ਗੁਰੂ ਧਿਆਈ ਜਾਂਦਾ।
ਦੋਹਾਂ ਦਿਲਾਂ ਅੰਦਰ ਸਦਾ ਰਹਿਣ ਵਾਲੀ,
ਰੱਬੀ ਜੋਤ ਪ੍ਰੇਮ ਜਗਾਈ ਜਾਂਦਾ।
ਪਾਣੀ ਲੈ ਕੇ ਪਰਤਿਆ ਗੁਰੂ-ਭੌਰਾ,
ਕਾਲੀ ਰਾਤ ਅਨ੍ਹੇਰ ਗੁਬਾਰ ਦੀ ਹੈ।
ਰਾਹੋਂ ਖੁੰਝਿਆ ਤੇ ਖੱਡੀ ਵਿੱਚ ਢੱਠਾ,
ਮੂੰਹ ਤੋਂ ਨਿਕਲੀ ਸਦ ਕਰਤਾਰ ਦੀ ਹੈ।
ਖੜਕ ਸੁਣ ਜੁਲਾਹੇ ਜਾਂ ਪੁੱਛ ਕੀਤੀ,
‘ਬੋਲੀ’ ਇਉਂ ਜੁਲਾਹੀ ਚਾ ਮਾਰਦੀ ਹੈ।
ਡਿੱਗੀ ‘ਅਮਰੂ ਨਿਥਾਵੇਂ’ ਦੀ ਦੇਹ ਬੁੱਢੀ,
ਸੁੱਧ ਬੁੱਧ ਨਾ ਜਿਨੂੰ ਪਰਵਾਰ ਦੀ ਹੈ।
ਸੂਰਜ ਚੜ੍ਹਦਿਆਂ ਈ ਜਾਗੀ ਕੁੱਲ ਦੁਨੀਆਂ,
ਅਮਰ ਦਾਸ ਦੇ ਵੀ ਜਾਗੇ ਭਾਗ ਵੇਖੋ।
ਸੱਚੇ ਪਾਤਸ਼ਾਹ ਨੇ ਕੋਲ ਸੱਦ ਲੀਤਾ,
ਲਾਈ ਆਪਣੀ ਜੋਤ ਦੀ ਜਾਗ ਵੇਖੋ।
ਗੱਦੀ ਆਪਣੀ ਉੱਤੇ ਬਿਠਾਲ ਦਿੱਤਾ,
ਅਮਰਦਾਸ ਦੇ ਈ ਗਾਵੇ ਰਾਗ ਵੇਖੋ।
ਪੀ ਪੀ ਪ੍ਰੇਮ ਦਾ ਨਿਤਰਿਆ ਸ਼ੁੱਧ ਪਾਣੀ,
ਹੋਰ ਖਿੜ ਪਿਆ ਨਾਨਕੀ ਬਾਗ਼ ਵੇਖੋ।
ਮੱਥਾ ਟੇਕ ਕੇ ਆਖਦੇ ਗੁਰੂ ਅੰਗਦ,
ਅਮਰ ਦੇਵ ਹੈ ਮਾਣ ਨਿਮਾਣਿਆਂ ਦਾ।
ਇਹੋ ਓਟ ਹੈ ਇੱਕ ਨਿਓਟਿਆਂ ਦੀ,
ਸੱਚਾ ਤਾਣ ਹੈ ਇਹੋ ਨਿਤਾਣਿਆਂ ਦਾ।
ਸਾਰੇ ਜੱਗ ਦਾ ਇਹ ਪ੍ਰੇਮ-ਆਸਰਾ ਹੈ,
ਜਾਣੇ ਭੇਦ ਕੀ ਦਿਲ ਅੰਜਾਣਿਆਂ ਦਾ।
‘ਤੀਰ’ ਗੁਰੂ ਈ ਜਗ ‘ਤੇ ਜਾਣਦਾ ਏ,
ਭੇਦ ਆਪਣੇ ਚੋਜਾਂ ਤੇ ਭਾਣਿਆਂ ਦਾ।
🔳ਗੁਰਭਜਨ ਗਿੱਲ

